ਇਤਿਹਾਸ ਗਵਾਹ ਹੈ ਕਿ ਸੰਗੀਤ ਸਦੀਆਂ ਤੋਂ ਹੀ ਲੋਕ ਮਨਾਂ ਦੀ ਤਰਜ਼ਮਾਨੀ ਕਰਦਾ ਹੈ । ਸਮੇਂ ਦੇ ਬਦਲਾਉ ਨੇ ਇਸ ਤਬਦੀਲਤਾਂ ਵਿੱਚ ਵੀ ਆਪਣਾ ਰੰਗ ਭਰਿਆ ਹੈ। ਅਜੋਕੇ ਸਮੇਂ ਵਿੱਚ ਪੰਜਾਬੀ ਸੰਗੀਤ ਦਾ ਜਾਦੂ ਹਰ ਪਾਸੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਅੱਜ ਅਨੇਕਾਂ ਹੀ ਕਲਾਕਾਰ ਆਪਣੀ ਕਲਾਂ ਦੇ ਜੌਹਰ ਦਿਖਾ ਕੇ ਇਸ ਦੇ ਘੇਰੇ ਨੂੰ ਵਿਸ਼ਾਲ ਬਣਾਉਂਦੇ ਜਾ ਰਹੇ ਹਨ।ਇਸ ਦੇ ਵਿਸ਼ਾਲ ਘੇਰੇ ਨੂੰ ਹੋਰ ਮਜਬੂਤ ਕਰਦਿਆਂ ਆਪਣੀ ਬੁਲੰਦ ਆਵਾਜ਼ ਨਾਲ ਸੱਭਿਆਚਾਰ ਦਾ ਹੋਕਾ ਦੇਣ ਵਾਲਾ ਗੁਰਮੀਤ ਮੀਤ ਨਾਂ ਦਾ ਇੱਕ ਹੋਰ ਪੰਜਾਬੀ ਫ਼ਨਕਾਰ ਅੱਜ-ਕੱਲ੍ਹ ਆਪਣੀ ਭਰਵੀਂ ਹਾਜ਼ਰੀ ਲਗਾ ਰਿਹਾ ਹੈ। ਦੁਆਬੇ ਖੇਤਰ ਦੇ ਜਲੰਧਰ ਸ਼ਹਿਰ ਦੀ ਗੋਦ ਵਿੱਚ ਸੁਹਾਵਣਈਆਂ ਰੁੱਤਾਂ ਦਾ ਆਨੰਦ ਮਾਣਦੇ ਸੋਹਲ ਖਾਲਸਾ ਪਿੰਡ ਦੇ ਰਹਿਣ ਵਾਲੇ ਪਿਤਾ ਸ: ਜਗੀਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਨਿਰਮਲ ਕੌਰ ਦੀ ਕੁੱਖੋਂ 31 ਮਈ 1976 ਨੂੰ ਇੱਕ ਬੱਚੇ ਨੇ ਜਨਮ ਲਿਆ ।ਮਾਂਪਿਆਂ ਦੀ ਮਮਤਾ ਦੇ ਛਾਏ ਹੇਠ ਪਲ ਕੇ ਜਵਾਨ ਹੋਏ ਗੁਰਮੀਤ ਮੀਤ ਨੇ ਆਪਣੀ ਰੂਹ ਨੂੰ ਸੰਗੀਤ ਦਾ ਰੰਗ ਚੜਿਆ । ਮੁੱਢਲੇ ਦਿਨਾਂ ਵਿਚ ਰਸ਼ਮੀ ਤੌਰ ਤੇ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਗ੍ਰਹਿਣ ਕਰਨ ਲਈ ਜਸਵੰਤ ਸੋਹਲ ਜੀ ਨੂੰ ਗੁਰੂ ਧਾਰਿਆ।ਆਪਣੀਆਂ ਸੁਰਾਂ ਦੀ ਸਰਗਮ ਨਾਲ ਸੰਗੀਤਕ ਮਾਹੋਲ ਨੂੰ ਹੋਰ ਰੰਗੀਨ ਕਰਨ ਲਈ ਮਰਹੂਮ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਗਿਰਦ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਨੂੰ ਆਪਣਾ ਗੁਰੂ ਧਾਰਕੇ ਉਨ੍ਹਾਂ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖਣਾ ਲੱਗਾ । ਆਏ ਦਿਨ ਉਹ ਸੰਗੀਤ ਦੇ ਕਰੜੇ ਤੋਂ ਕਰੜੇ ਇਤਿਹਾਨ ਵਿੱਚੋਂ ਗੁਜ਼ਰਦਾ ਗਿਆ ।ਅੰਤ ਜਦੋਂ ਉਸਤਾਦ ਜੀ ਪਾਰਖੂ ਅੱਖ ਨੇ ਉਸ ਨੂੰ ਪ੍ਰਤਖ ਗਾਇਕ ਦੇ ਰੂਪ ਉਤਰਦਾ ਦੇਖਿਆ ਤਾਂ ਉਸਨੂੰ ਅਸ਼ੀਰਵਾਦ ਦਾ ਥਾਪੜਾ ਦੇ ਗਾਇਕੀ ਦੇ ਮੈਦਾਨ ਘੱਲ ਦਿੱਤਾ । ਗੁਰੂ ਜੀ ਤੋਂ ਅਸ਼ੀਰਵਾਦ ਦੇ ਰੂਪ ਵਿੱਚ ਮਿਲੇ ਪਿਆਰ ਨੂੰ ਉਹ ਸ਼ਰਧਾ ਭਾਵਨਾ ਦੇ ਪੱਲੇ ਬੰਨ ਗਾਇਕੀ ਦੇ ਪਿੜ ਵਿੱਚ ਅਸ਼ਲੀਲਤਾਂ ਦੇ ਨਾਲ ਘਿਰੇ ਸੱਭਿਆਚਾਰ ਨੂੰ ਛਡਾਉਣ ਲਈ ਆਪਣੀ ਕਲਾਂ ਦਾ ਸੰਨ 1997 ਵਿਚ “ ਇਹਨਾਂ ਤੋਂ ਖ਼ਤਰਾ ਹੈ ਨਾਂ ਦਾ ਪਹਿਲਾਂ ਬਿਗਲ ਵਾਜਿਆ । ਜਿਸ ਦੀ ਗੂੰਜ ਸੰਗੀਤ ਦੇ ਮੈਦਾਨ - ਏ ਜੰਗ ਦੀ ਕਾਫ਼ੀ ਹੱਦ ਤੱਕ ਸੁਣਾਈ ਦਿੱਤੀ। ਸਮੇਂ ਦੇ ਵਾਕਫ਼ੇ ਨਾਲ ਅਤੇ ਆਪਣੇ ਨਾਂ ਦੀ ਮਿਲੀ ਸੋਹਰਤ ਨੂੰ ਮੁਖ ਰੱਖਦੇ ਹੋਏ ਉਸਨੇ ਮੁੜ ‘ ਏਰੀਏ ਚੋਂ ਟੋਹਰ ਮਿੱਤਰਾਂ ਦੀ ‘ ਨਾਂ ਦੀ ਕੈਸਟ ਸਰੋਤਿਆਂ ਦੀ ਝੋਲੀ ਪਾ ਕੇ ਆਪਣੀ ਸਥਾਪਿਤ ਗਾਇਕੀ ਦੇ ਰੂਪ ਨੂੰ ਨਿਖਾਰਿਆ । ਸਮੇਂ ਦੀ ਰਫ਼ਤਾਰ ਨੇ ਗੁਰਮੀਤ ਦੇ ਦ੍ਰਿੜ ਇਰਾਦੇ ਨੂੰ ਹੋਰ ਪੱਕਾ ਕਰ ਦਿੱਤਾ। ਉਹ ਸਮੇਂ ਦੀ ਨਬਜ਼ ਪਛਾਣਨ ਲੱਗਾ । ਉਸ ਨੇ ਸਮੇਂ ਦੀ ਚਾਲ ਨੂੰ ਵੇਹਂਦਿਆਂ ਪ੍ਰਚਾਲਿਤ ਦੋਗਾਣਾ ਗਾਇਕੀ ਦੇ ਸਮੇਂ ਡਿਊਟ ਕੈਸਟ ਰਿਕਾਰਡ ਕਰਵਾ ਕੇ ਇੱਕ ਵਾਰੀ ਫਿਰ ਆਪਣੇ ਨਾਂ ਨੂੰ ਸਰੋਤਿਆਂ ਦੀ ਗੀਤਾਂ ਦੀ ‘‘ ਨਾਲਇਕ ਪੁੱਤ ਬੁੱਲੀਆਂ ਦਾ ਸਿੰਗਾਰ ਬਣਾਇਆ ।ਗੁਰੂ ਜੀ ਦੇ ਸਿਖਾਏ ਗੁਰ-ਮੰਤਰਾਂ ਨੇ ਉਦੋ ਰੰਗ ਦਿਖਾਉਣਾ ਸ਼ੁਰੂ ਕੀਤਾ ਜਦੋ ਉਸਨੇ ਪੰਜਾਬ ਦੀ ਬੁਲੰਦ ਆਵਾਜ਼ ਸੰਗੀਤ ਜਗਤ ਵਿੱਚ ਉਚਾ ਮੁਕਾਮ ਹਾਸਿਲ ਕਰਨ ਵਾਲੇ ਪੰਜਾਬ ਦੇ ਮਸਹੂਰ ਸਿੰਗਰ ਸੁਰਿੰਦਰ ਛਿੰਦਾ ਜੀ ਨਾਲ ਜੀ ਨਾਲ “ ਕਾਤਿਲ ਕੋਕਾ ‘ ਗੀਤ ਰਿਕਾਰਡ ਕਰਵਾ ਕੇ ਆਪਣੇ ਨਾਂ ਦੀ ਵੱਖਰੀ ਛਾਪ ਛੱਡੀ ।
ਦਿਨੋ -ਦਿਨ ਵੱਧ ਰਹੀ ਗੁਰਮੀਤ ਦੇ ਨਾਂ ਦੀ ਚਰਚਾ ਜਦੋ ਨਿਊਟੋਨ ਮਿਊਜ਼ਿਕ ਕੰਪਨੀ ਦੇ ਪ੍ਰੋਡਿਊਸਰ ਸ੍ਰ. ਗੁਰਧਿਆਨ ਸਿੰਘ ਖਰੌੜ ਦੇ ਜ਼ਰੀਏ ਗੀਤਕਾਰੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਕਲਮ ਦੇ ਧਨੀ ਹਰਦੇਵ ਦਿਲਗੀਰ ਉਰਫ ਦੇਵ ਥਰੀਕਿਆਂ ਵਾਲੇ ਦੇ ਕੰਨੀ ਪਈ ਤਾਂ ਉਸਨੂੰ ਇਸ ਟੱਲੀ ਵਰਗੀ ਟੂਣਕਦੀ ਆਵਾਜ਼ ਵਿੱਚੋਂ ਦੋ ਸਾਲ ਪਹਿਲਾਂ ਵਿਛੜੇ ਆਪਣੇ ਸਾਥੀ ਸਵ: ਕੁਲਦੀਪ ਮਾਣਕ ਦੀ ਝਲਕ ਪਈ । ਉਹ ਇਸ ਆਵਾਜ਼ ਨੂੰ ਤਾਰਸਕੇ ਚਾਰ ਦਹਾਕੇ ਪਹਿਲਾਂ ਸਿਰਜੇ ਆਪਣੇ ਇਤਿਹਾਸ ਨੂੰ ਸੁਣੀਂ ਕਰਨੈਲ ਸਿਆਂ ਰਾਹੀਂ ਮੁੜ ਦੁਹਰਾਉਣ ਦਾ ਯਤਨ ਕਰਨ ਲੱਗਾ। ਉਸ ਵੱਲੋਂ ਕੀਤੀ ਇਹ ਕੋਸਿਸ ਸਾਨੂੰ ਇਸ ਪ੍ਰਜੈਕਟ ਰਾਹੀਂ ਸਫਲ ਹੁੰਦੀ ਨਜ਼ਰ ਆਈ । ਜਦੋਂ ਸੰਗੀਤਕ ਫਿਜ਼ਾਵਾਂ ਵਿਚ ਮੀਤ ਦੀ ਆਵਾਜ਼ ਪੌਣ ਦਾ ਬੁੱਲਾ ਬਣ ਰੱਖਣ ਲੱਗੀ ਤਾਂ ਕਲਮ ਦੇ ਧੰਨਤਰ ਬਾਪੂ ਦੇਵ ਥਰੀਕਿਆਂ ਵਾਲੇ ਨੇ ਲੈਂਦੇ ਹੱਥ ਇਕ ਹੋਰ ਲੋਕ ਗਾਥਾਵਾਂ ਦਾ ਚਿੱਠਾ ਗੁਰਮੀਤ ਨੂੰ ਲਿਖ ਫੜਾਇਆ ਜਿਸਨੂੰ ਮੀਤ ਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਆਪਣੀ ਦਮਦਾਰ ਜੋਸ਼ੀਲੀ ਆਵਾਜ਼ ਵਿਚ ਕੇ ਐਂਟਰਟੇਨਰਜ਼ ਕੰਪਨੀ ਰਾਹੀਂ "ਬੁਰੀ ਹੁੰਦੀ '' ਆ ਨਾਂ ਹੇਠ ਰਿਕਾਰਡ ਕਰਵਾਕੇ ਸਰੋਤਿਆਂ ਦੀ ਝੋਲੀ ਪਾਇਆ ।ਜਿਸ ਦੀਆਂ ਕੁਝ ਲੋਕ ਗਾਥਾਵਾਂ ਲੋਕ ਬੁੱਲ੍ਹੀਆਂ ਦਾ ਸ਼ਿੰਗਾਰ ਬਣ ਮੀਤ ਨੂੰ ਪੰਜਾਬੀ ਲੋਕ ਗਾਇਕ ਦਾ ਖਿਤਾਬ ਦਿਵਾ ਗਿਆ।ਮੀਤ ਆਪਣੀ ਇਸ ਹੌਸਲਾਅਫਜ਼ਾਈ ਦੇ ਸਦਕੇ ਮਾਣਕ ਸਾਬ ਦੇ ਪਾਏ ਪੂਰਨਿਆਂ ਤੇ ਚੱਲਣ ਲੱਗਾ ਤੇ ਲੋਕ ਉਸ ਨੂੰ ਮਿੰਨੀ ਮਾਣਕ ਤੇ ਦੂਜਾ ਮਾਣਕ ਦੇ ਨਾਂ ਨਾਲ ਨਿਵਾਜਣ ਲੱਗੇ। ਸਮੇਂ ਦੇ ਠਹਿਰਾਉ ਨਾਲ ਗੁਰਮੀਤ ਮੀਤ ਨੇ ਬਾਪੂ ਦੇਵ ਥਰੀਕਿਆਂ ਵਾਲੇ ਦੇ ਆਸ਼ੀਰਵਾਦ ਦੇ ਸਦਕੇ ਇਕ ਵਾਰੀ ਫਿਰ ਲਾਹੌਰ ਨਾਂ ਦੀ ਸੀਡੀ ਮਾਰਕੀਟ ਵਿਚ ਪੇਸ਼ ਕੀਤੀ ਜਿਸ ਵਿਚ 8ਲੋਕ ਗਾਥਾਵਾਂ ਬਾਪੂ ਦੇਵ ਥਰੀਕਿਆਂ ਦੀਆਂ ਤੇ ਬਾਕੀ ਉੱਭਰਦੇ ਤੇ ਨਾਮਵਰ ਗੀਤਕਾਰਾਂ ਦੇ ਨਾਮ ਸ਼ਾਮਲ ਹਨ। ਕਲੀਆਂ ਦੇ ਬਾਦਸ਼ਾਹ ਉਸਤਾਦ ਸ਼੍ਰੀ ਕੁਲਦੀਪ ਮਾਣਕ ਜੀ ਦੇ ਪਿਆਰ ਦੇ ਪ੍ਰਭਾਵ ਨੂੰ ਕਬੂਲਦਿਆ ਹੋਇਆ ਗੁਰਮੀਤ ਮੀਤ ਵੀ ਲੋਕ ਗਾਥਾਵਾਂ ਤੋਂ ਇਲਾਵਾ ਅਨੇਕਾਂ ਹੀ ਪਰਿਵਾਰਿਕ ਤੇ ਲੋਕ ਰੰਗ ਵਿਚ ਰੰਗੇ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਗਾ ਚੁੱਕਾ ਹੈ ਜਿਨ੍ਹਾਂ ਵਿਚੋਂ ਹਰਵਿੰਦਰ ਕਾਹਲੋ, ਮੀਤ ਮੈਂਹਦਪੁਰੀ, ਜੱਗਾ ਸਿੱਧਵਾਂ ਦੋਨਾਂ, ਬਲਵੀਰ ਮਾਨ ਜੰਡੀ ਵਾਲਾ,ਭਿੰਦਰ ਸਿੱਖਾਂ ਵਾਲਾ, ਗੁਰਨੇਕ ਸਿੰਘ ਝਾਵਰ, ਸੁਖਵਿੰਦਰ ਬੋਦਲਾਂ ਵਾਲਾ, ਯੂ.ਐਸ.ਏ ਨਿਰਵੈਲ ਸਿੰਘ ਢਿੱਲੋਂ, ਤਾਸਪੁਰੀ ਇਟਲੀ, ਰਣਜੀਤ ਸਿੰਘ ਰਾਣਾ ਯੂ.ਕੇ, ਲੱਖਾ ਸਿੱਧਵਾਂ ਦੋਨਾਂ ਆਦਿ ਗੀਤਕਾਰ ਸ਼ਾਮਲ ਹਨ। ਪੁਰਾਤਨ ਵਿਰਾਸਤ ਨੂੰ ਸਾਂਭਦਿਆਂ ਗੁਰਮੀਤ ਮੀਤ ਸੱਭਿਆਚਾਰ ਦੀ ਰਾਹ ਤੁਰਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਹੈ।
ਪਰਮਾਤਮਾ ਕਰੇ ਗੁਰਮੀਤ ਮੀਤ ਆਪਣੀ ਟੂਣਕਦੀ ਆਵਾਜ਼ ਦੇ ਨਾਲ ਕਲਾ ਦਾ ਇਤਿਹਾਸ ਸਿਰਜਕੇ ਧਰੂ ਤਾਰੇ ਵਾਂਗ ਆਪਣੇ ਨਾਂ ਨੂੰ ਸਦੀਆਂ ਤੱਕ ਚਮਕਾਉਂਦਾ ਰਹੇ।
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ )
99886-27880