ਬਰਨਾਲਾ, 20 ਜੂਨ (ਧਰਮਪਾਲ ਸਿੰਘ): ਬਰਨਾਲਾ ਪੁਲਿਸ ਨੇ ਕਾਲ ਸੈਂਟਰ ਰਾਹੀਂ ਲੋਨ ਕਰਵਾਉਣ ਦੇ ਬਹਾਨੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਵਾਸੀ ਜ਼ੀਰਕਪੁਰ ਅਜੇ ਫਰਾਰ ਹੈ। ਐਸ.ਐਸ.ਪੀ ਸ੍ਰੀ ਮੁਹੰਮਦ ਸ਼ਰਫਰਾਜ਼ ਆਲਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਪੀ (ਡੀ) ਅਸ਼ੋਕ ਕੁਮਾਰ, ਐਸ.ਪੀ (ਐੱਚ), ਰਾਜੇਸ਼ ਛਿੱਬਰ ਅਤੇ ਉਪ-ਕਪਤਾਨ ਪੁਲਿਸ (ਸਾਈਬਰ ਕਰਾਈਮ) ਬਰਨਾਲਾ, ਜਤਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਕਮਲਜੀਤ ਸਿੰਘ, ਮੁੱਖ ਅਫ਼ਸਰ ਥਾਣਾ ਸਾਈਬਰ ਕਰਾਈਮ ਬਰਨਾਲਾ ਵੱਲੋਂ ਕਾਰਵਾਈ ਕਰਦੇ ਹੋਏ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਅਲੀ ਫਰਮਾਂ ਬਣਾ ਕੇ ਲੋਨ ਕਰਵਾਉਣ ਦੇ ਨਾਮ 'ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਥਾਣਾ ਸਾਈਬਰ ਕਰਾਈਮ ਬਰਨਾਲਾ ਵਿਖੇ ਲੋਨ ਕਰਵਾਉਣ ਦੇ ਨਾਂ 'ਤੇ ਠੱਗੀ ਮਾਰਨ ਸਬੰਧੀ ਆਨਲਾਈਨ ਪੋਰਟਲ 1930 'ਤੇ ਇੱਕ ਦਰਖਾਸਤ ਪ੍ਰਾਪਤ ਹੋਈ ਸੀ। ਇਸ ਸਬੰਧੀ ਮੁਕੱਦਮਾ ਥਾਣਾ ਸਾਈਬਰ ਕਰਾਈਮ ਬਰਨਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮੇ ਦੀ ਤਕਨੀਕੀ ਤਰੀਕੇ ਨਾਲ ਜਾਂਚ ਕਰਦੇ ਹੋਏ, ਮਿਤੀ 10 ਜੂਨ 2025 ਨੂੰ ਕਾਲ ਸੈਂਟਰ ਢਕੋਲੀ, ਜ਼ੀਰਕਪੁਰ ਵਿਖੇ ਛਾਪਾ ਮਾਰਿਆ ਗਿਆ, ਜਿੱਥੋਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ, ਪਵਨ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਮੁਬਾਰਕਪੁਰ ਜ਼ਿਲ੍ਹਾ ਐਸ.ਏ.ਐਸ. ਨਗਰ, ਭਵਨ ਮੇਵਾਰਾ ਪੁੱਤਰ ਨਰਪਤ ਸਿੰਘ ਮੇਵਾਰਾ ਵਾਸੀ ਗਾਜ਼ੀਆਬਾਦ (ਉੱਤਰ ਪ੍ਰਦੇਸ਼), ਹੁਣ ਨਿਊ ਸਦਾ ਮੋਚਿਓ ਕੀ ਗਲੀ, ਜੋਧਪੁਰ (ਰਾਜਸਥਾਨ), ਅੰਬਿਕਾ ਪੁੱਤਰੀ ਬੇਬੀ ਰਾਮ ਵਾਸੀ ਡਿਆਰਮੋਲੀ ਜ਼ਿਲ੍ਹਾ ਸ਼ਿਮਲਾ (ਹਿਮਾਚਲ ਪ੍ਰਦੇਸ਼), ਜੀ ਚਿੰਨਾ ਰੈਡੀ ਪੁੱਤਰ ਵਿਸ਼ਵੇਸਾਰਾ ਰੈਡੀ ਵਾਸੀ ਮਾਲੇਪਾਡੂ, ਕਡੱਪਾ (ਆਂਧਰਾ ਪ੍ਰਦੇਸ਼), ਜਾਦਾ ਵੀਰਾ ਸਿਵਾ ਭਾਗਿਆਰਾਜ ਪੁੱਤਰ ਜਾਦਾ ਰਾਮਮੋਹਨ ਰਾਓ ਵਾਸੀ 4-37, ਪੇਡਾ ਵੀਡੀ, ਕਾਜੂਲੁਰੂ ਮੰਡਲ, ਗੋਲਪਾਲੇਮ, ਕਾਕੀਨਾਡਾ (ਆਂਧਰਾ ਪ੍ਰਦੇਸ਼), ਕੋਨਾ ਚਿਰੰਜੀਵੀ ਪੁੱਤਰ ਕੇ. ਮਨੀਕਾਂਤਾ ਵਾਸੀ ਯੇਨੋਡਾ, ਵਾਰੰਗਰੀ ਕਾਲੋਨੀ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), ਇਨ੍ਹਾਂ ਮੁਲਜ਼ਮਾਂ ਵਿੱਚੋਂ 2 ਪੰਜਾਬ ਤੋਂ, 3 ਆਂਧਰਾ ਪ੍ਰਦੇਸ਼ ਤੋਂ, 1 ਹਿਮਾਚਲ ਪ੍ਰਦੇਸ਼ ਤੋਂ ਅਤੇ 1 ਰਾਜਸਥਾਨ ਤੋਂ ਹੈ, ਜੋ ਇਸ ਗਿਰੋਹ ਦੇ ਅੰਤਰ-ਰਾਜੀ ਨੈੱਟਵਰਕ ਨੂੰ ਦਰਸਾਉਂਦਾ ਹੈ। ਇਸ ਗਿਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਜ਼ੀਰਕਪੁਰ ਹੈ, ਜੋ ਕਿ ਅਜੇ ਤੱਕ ਫਰਾਰ ਹੈ। ਇਸ ਤੋਂ ਇਲਾਵਾ, ਗਿਰੋਹ ਨਾਲ ਸਬੰਧਤ ਹੋਰ ਵਿਅਕਤੀਆਂ ਦੀ ਸ਼ਮੂਲੀਅਤ, ਬਰਾਮਦ ਕੀਤੇ ਏ.ਟੀ.ਐਮ., ਮੋਬਾਈਲ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।