-ਝੋਨੇ ਦੀ ਫਸਲ ਕਰੀਬ 100 ਏਕੜ ਪਾਣੀ ਵਿੱਚ ਡੁੱਬੀ
-ਕਿਸਾਨਾਂ ਵੱਲੋਂ ਸਰਕਾਰ ਵਿਰੁੱਧ ਰੋਸ ਜ਼ਾਹਰ
ਬਰਨਾਲਾ, 15 ਜੁਲਾਈ (ਧਰਮਪਾਲ ਸਿੰਘ): ਪਿੰਡ ਵਜੀਦਕੇ ਖੁਰਦ ਵਿਖੇ ਰਜਵਾਹੇ ਵਿੱਚ 40 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀ 100 ਏਕੜ ਦੇ ਕਰੀਬ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਨਹਿਰ ਬ੍ਰਾਂਚ ਦੇ ਕਲਿਆਣ ਤੋਂ ਨਿਕਲਦੇ ਰਜਬਾਹੇ ਵਿੱਚ ਪਿੰਡ ਕੁਰੜ ਲਾਗੇ ਵੱਡਾ ਪਾੜ ਪੈ ਗਿਆ ਅਤੇ ਪਾਣੀ ਕਾਰਨ ਵੱਡੇ ਪੱਧਰ ਤੇ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਇਸ ਮੌਕੇ ਕਿਸਾਨ ਜਗਸੀਰ ਸਿੰਘ, ਸੁਖਦੇਵ ਸਿੰਘ ਠੱਕਰਵਾਲੀਏ, ਪ੍ਰਗਟ ਸਿੰਘ ਵਜੀਦਕੇ ਖੁਰਦ ਨੇ ਜਾਣਕਾਰੀ ਦਿੰਦੇ ਨੇ ਦੱਸਿਆ ਕਿ ਕੁਰੜ ਰਜਵਾਹੇ ਵਿੱਚ 40 ਫੁੱਟ ਲੰਬਾ ਪਾੜ ਪੈਣ ਨਾਲ ਰਜਵਾਹੇ ਦੇ ਪਾਣੀ ਨੇ ਕਿਸਾਨਾਂ ਦੀ ਰਜਵਾਹੇ ਨਾਲ ਲੱਗਦੀ ਸੈਂਕੜੇ ਏਕੜ ਫਸਲ ਪਾਣੀ ਦੀ ਲਪੇਟ ਵਿੱਚ ਆਉਣ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖਤਰਾ ਬਣ ਚੁੱਕਿਆ ਹੈ। ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਬ੍ਰਾਂਚ ਨਹਿਰ ਦੇ ਪੁਲ ਪਿੰਡ ਕਲਿਆਣ ਤੋਂ ਨਿਕਲਦੇ ਕੁਰੜ ਰਜਵਾਹੇ ਦੀ ਹਾਲਤ ਖਸਤਾ ਬਣੀ ਹੋਣ ਕਰਕੇ ਪਿੱਛੋਂ ਰਜਵਾਹੇ ਵਿੱਚ ਨਹਿਰਾਂ ਅਤੇ ਬਰਸਾਤ ਦਾ ਪਾਣੀ ਦਾ ਵਹਾਅ ਤੇਜੀ ਨਾਲ ਵਧਣ ਨਾਲ ਹਰ ਸਾਲ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀਆਂ ਫਸਲਾਂ ਪਾਣੀ ਨਾਲ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਤ ਮਹਿਕਮੇ ਪਾਸੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜਾ ਅਤੇ ਖਸਤਾ ਹਾਲਤ ਚੱਲ ਰਹੇ ਰਜਵਾਹੇ ਨੂੰ ਨਵੇਂ ਸਿਰਿਓਂ ਚੌੜਾ ਕਰਕੇ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਮਾਲ ਵਿਭਾਗ ਸਰਕਲ ਵਜੀਦਕੇ ਦੇ ਕਾਨੂੰਗੋ ਅਤੇ ਪਟਵਾਰੀ ਨੇ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ।