ਬਰਨਾਲਾ,13 ਜੁਲਾਈ (ਧਰਮਪਾਲ ਸਿੰਘ, ਬਲਜੀਤ ਕੌਰ): ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਾਨੀ ਪ੍ਰਧਾਨ ਅਤੇ ਸਾਂਝੇ ਘੋਲਾਂ ਦੇ ਆਗੂ ਬਲਕਾਰ ਸਿੰਘ ਡਕੌਂਦਾ ਦੀ 15ਵੀਂ ਸੂਬਾ ਪੱਧਰੀ ਬਰਸੀਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਈ ਗਈ। ਸ਼ਰਧਾਂਜਲੀ ਸਮਾਗਮ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਮਹਰੂਮ ਸਾਥੀ ਬਲਕਾਰ ਸਿੰਘ ਡਕੌਂਦਾ ਨੂੰ ਯਾਦ ਕਰਦਿਆਂ ਕਿਹਾ ਕਿ ਮਹਰੂਮ ਸਾਥੀ ਬਲਕਾਰ ਸਿੰਘ ਡਕੌਂਦਾ ਨੇ 2007 ਵਿੱਚ ਜੱਥੇਬੰਦੀ ਦਾ ਮੁੱਢ ਬੰਨ੍ਹਿਆ ਅਤੇ ਬਾਨੀ ਪ੍ਰਧਾਨ ਬਣ ਸੀਮਤ ਸਮੇਂ ਵਿੱਚ ਹੀ ਜੱਥੇਬੰਦੀ ਨੂੰ ਪੰਜਾਬ ਦੀ ਮੂਹਰਲੀ ਕਤਾਰ ਦੀਆਂ ਜੱਥੇਬੰਦੀਆਂ ਵਿੱਚ ਖੜ੍ਹਾ ਕਰ ਦਿੱਤਾ। ਮਹਰੂਮ ਬਲਕਾਰ ਸਿੰਘ ਡਕੌਂਦਾ ਦੀ ਇਹ ਦੂਰ ਅੰਦੇਸ਼ੀ ਸੋਚ ਸੀ, ਜਿਸ ਕਾਰਨ ਉਹ ਸਾਂਝੇ ਘੋਲਾਂ ਦੇ ਝੰਡਾ ਬਰਦਾਰ ਅਖਵਾਉਣ ਲੱਗੇ ਅਤੇ ਸਾਂਝੇ ਘੋਲਾਂ ਦਾ ਪਹਿਲਾ ਮੁੱਢ 2008 ਵਿੱਚ ਜਗਰਾਉਂ ਵਿੱਖੇ 17 ਕਿਸਾਨ ਮਜ਼ਦੂਰ ਜੱਥੇਬੰਦੀਆਂ ਦੀ ਇਕੱਠੀ ਰੈਲੀ ਕਰ ਬੰਨ੍ਹਿਆ ਸੀ ।
ਸਿਆਲਕੋਟ ਦੀ ਧਰਤੀ ਤੋਂ 1947 ਵੇਲੇ ਉੱਜੜ ਕੇ ਆਏ ਪਰਿਵਾਰ ਦਾ ਫਰਜੰਦ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਂਕ ਰੱਖਦਾ ਸੀ ਪਰ ਪਰਿਵਾਰਿਕ ਮਜਬੂਰੀਆਂ ਕਾਰਨ ਜ਼ਿਆਦਾ ਪੜ੍ਹਾਈ ਨਾ ਕਰ ਸਕਿਆ ਅਤੇ ਕਿੱਤੇ ਵਜੋਂ ਕਿਸਾਨ ਤੇ ਆਰ.ਐੱਮ.ਪੀ. ਡਾਕਟਰ ਬਣ ਕਿਸਾਨੀ ਝੰਡਾ ਲਹਿਰਾਇਆ। 13 ਜੁਲਾਈ 2010 ਮੰਦਭਾਗੇ ਦਿਨ ਅੰਬਰਾਂ ਤੇ ਚਮਕਦੇ ਤਾਰੇ ਨੂੰ ਐਸਾ ਗ੍ਰਹਿਣ ਲੱਗਾ ਕਿ ਐਕਸੀਡੈਂਟ ਵਿੱਚ ਆਪਣੀ ਜੀਵਨ ਸਾਥਣ ਸਮੇਤ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਭਾਵੇਂ ਕਿ ਉਹ ਇਸ ਸਮੇਂ ਸਾਡੇ ਵਿਚਕਾਰ ਨਹੀਂ ਪਰ ਉਸਦੀ ਸੋਚ ਹਮੇਸ਼ਾਂ ਉਸਨੂੰ ਸਾਡੇ ਵਿੱਚ ਜਿਉਂਦਾ ਰੱਖਦੀ ਆ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਮੇਂ ਭਾਕਿਯੂ ਡਕੌਂਦਾ ਨੇ ਵਧਵੀ ਮੀਟਿੰਗ ਕਰ ਅਜੋਕੇ ਸਮੇਂ ਦੇ ਭਖਦੇ ਮੁੱਦੇ ਵਿਚਾਰੇ ਅਤੇ ਸੰਯੁਕਤ ਮੋਰਚੇ ਵੱਲੋਂ ਉਲੀਕੀ ਜਮੀਨ,ਪਾਣੀ ਤੇ ਪੰਜਾਬ ਬਚਾਉਣ ਦੇ ਨਾਰੇ ਹੇਠ 24 ਅਗਸਤ ਦੀ ਮੁੱਲਾਂਪੁਰ ਮੰਡੀ ਲੁਧਿਆਣਾ ਵਿਖੇ ਵੱਡੀ ਕਿਸਾਨ ਰੈਲੀ ਤੇ 30 ਜੁਲਾਈ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਵਿੱਚ ਪੀੜ੍ਹਤ ਪਿੰਡਾਂ ਵਿੱਚ ਉਲੀਕੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਜੱਥੇਬੰਦੀ ਵੱਧ ਚੜ੍ਹ ਕੇ ਹਿੱਸਾ ਪਾਵੇਗੀ । ਇਸ ਸਮੇਂ ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ ਨੇ ਕਿਹਾ ਕੀ ਜੋ ਵਪਾਰ ਸਮਝੌਤਾ ਸੈਂਟਰ ਸਰਕਾਰ ਟਰੰਪ ਸਰਕਾਰ ਨਾਲ ਕਰਨ ਜਾ ਰਹੀ ਹੈ, ਉਸ ਨਾਲ ਖੇਤੀ ਸੈਕਟਰ ਤੇ ਡੇਅਰੀ ਸੈਕਟਰ ਤੇ ਬਹੁਤ ਵੱਡਾ ਹਮਲਾ ਹੋਣ ਜਾ ਰਿਹਾ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕੀ ਕੇਂਦਰ ਸਰਕਾਰ ਇਸ ਸਮਝੌਤੇ ਵਿੱਚੋ ਖੇਤੀ ਤੇ ਡੇਅਰੀ ਸੈਕਟਰ ਨੂੰ ਬਾਹਰ ਕੱਢੇ ਨਹੀਂ ਮੋਦੀ ਸਰਕਾਰ ਨੂੰ ਹੋਰ ਕਿਸਾਨੀ ਰੋਹ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ ਦੌਰਾਨ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਮੇਟੀ, ਸਾਰੀਆਂ ਬਲਾਕ ਕਮੇਟੀਆਂ ਭੰਗ ਕਰ ਦੁਬਾਰਾ 22 ਜੁਲਾਈ ਦੀ ਚੋਣ ਰੱਖੀ ਗਈ। ਇਸ ਸਮੇਂ ਸੂਬਾ ਖਜਾਨਚੀ ਰਾਮ ਸਿੰਘ ਮਟੋਰੜਾ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਸੂਬਾ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ, ਮਾਨਸਾ ਤੋਂ ਮਹਿੰਦਰ ਸਿੰਘ ਭੈਣੀ ਬਾਘਾ, ਫ਼ਰੀਦਕੋਟ ਤੋਂ ਸੁਖਦੇਵ ਸਿੰਘ ਫੌਜੀ, ਸ਼੍ਰੀ ਮੁਕਤਸਰ ਸਾਹਿਬ ਤੋਂ ਪੂਰਨ ਸਿੰਘ ਵੱਟੂ, ਬਰਨਾਲੇ ਤੋਂ ਦਰਸ਼ਨ ਸਿੰਘ ਉੱਗੋਕੇ, ਪਟਿਆਲਾ ਤੋਂ ਜਗਮੇਲ ਸਿੰਘ ਸੁਧੇਵਾਲ, ਫਾਜ਼ਿਲਕਾ ਤੋਂ ਜੋਗਾ ਸਿੰਘ ਭੋਡੀਪੁਰਾ, ਫਿਰੋਜ਼ਪੁਰ ਤੋਂ ਪੂਰਨ ਚੰਦ, ਅੰਗਰੇਜ਼ ਸਿੰਘ, ਸੁਖਚੈਨ ਸਿੰਘ, ਅੰਗਰੇਜ਼ ਕਪੂਰ, ਮਲੇਰਕੋਟਲਾ ਤੋਂ ਅਮਰਜੀਤ ਸਿੰਘ ਰੋਹਣੋਂ, ਧਰਮਿੰਦਰ ਸਿੰਘ ਕਪੂਰਥਲਾ, ਬਠਿੰਡਾ ਤੋਂ ਰਾਜ ਮਹਿੰਦਰ ਸਿੰਘ ਕੋਟ ਭਾਰਾ, ਮੋਹਾਲੀ ਤੋਂ ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ,ਸ਼੍ਰੀ ਤਰਨਤਾਰਨ ਸਾਹਿਬ ਤੋਂ ਮਾਸਟਰ ਨਿਰਪਾਲ ਸਿੰਘ, ਲੁਧਿਆਣੇ ਤੋਂ ਸਤਿਬੀਰ ਸਿੰਘ ਰਾਏ ਆਦਿ ਆਗੂ ਹਾਜ਼ਰ ਸਨ।