.jpg)
ਮੋਰਿੰਡਾ, 20 ਜੂਨ (ਰਾਜ ਕੁਮਾਰ ਦਸੌੜ) : ਦਰੱਖਤਾਂ ਦੀ ਲਗਾਤਾਰ ਹੋ ਰਹੀ ਕਟਾਈ ਕਾਰਨ ਜਿੱਥੇ ਤਾਪਮਾਨ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਉਥੇ ਹੀ ਸਾਡੀ ਮੁੱਢਲੀ ਜ਼ਰੂਰਤ ਹਵਾ ਅਤੇ ਪਾਣੀ ਵੀ ਦੂਸ਼ਿਤ ਹੋ ਰਹੇ ਹਨ, ਜੋ ਕਿ ਇਨਸਾਨੀ ਜੀਵਨ ਲਈ ਖਤਰੇ ਦੀ ਘੰਟੀ । ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਮੋਰਿੰਡਾ ਇਲਾਕੇ ਦੀ ਸ਼ਾਨ ਪ੍ਰਸਿੱਧ ਫ਼ਿਲਮੀ ਕਲਾਕਾਰ ਬਾਈ ਮਲਕੀਤ ਸਿੰਘ ਰੌਣੀ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਮੋਰਿੰਡਾ ਇਲਾਕੇ ਸਮੇਤ ਸੂਬੇ ਦੇ ਸਮੂਹ ਵਾਤਾਵਰਣ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਹੋਕਾ ਦਿੰਦਿਆਂ ਕੀਤਾ। ਬਾਈ ਮਲਕੀਤ ਸਿੰਘ ਰੌਣੀ ਨੇ ਕਿਹਾ ਕਿ ਜਿਥੇ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਲਗਾਤਾਰ ਨਵੇਂ ਬੂਟੇ ਲਗਾਉਣ ਲਈ ਅਪਣੇ ਅਪਣੇ ਪੱਧਰ 'ਤੇ ਉਪਾਰਾਲੇ ਕਰ ਰਹੇ ਹਨ ਉਥੇ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਨੋਜਵਾਨਾਂ ਨੂੰ ਪਾਰਕਾਂ, ਖਾਲੀ ਥਾਵਾਂ, ਛੱਪੜਾਂ ਅਤੇ ਟੋਭਿਆਂ ਕਿਨਾਰੇ ਪੌਦੇ ਲਗਾਉਣ ਲਈ ਇੱਕ ਮੂਹਿੰਮ ਦਾ ਆਰੰਭ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਆਉਣ ਵਾਲੀ ਕੁਦਰਤੀ ਕਰੋਪੀ ਤੋਂ ਬਚਿਆ ਜਾ ਸਕੇ। ਉਨ੍ਹਾਂ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ 'ਤੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਕਿਸਾਨ ਭਰਾਵਾਂ ਨੂੰ ਵੀ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਝੋਨੇ ਦੀ ਕਾਸ਼ਤ ਕਰਨ ਲਈ ਕਿਵੇਂ ਕੁਦਰਤ ਦੀ ਵਡਮੁੱਲੀ ਦਾਤ ਨੂੰ ਅਜਾਈਂ ਗੁਆ ਰਹੇ ਹਾਂ। ਬਾਈ ਮਲਕੀਤ ਸਿੰਘ ਰੌਣੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਪਣੇ ਖੇਤਾਂ ਵਿੱਚ ਹਰ ਤਰ੍ਹਾਂ ਦੇ ਬੂਟੇ ਜ਼ਰੂਰ ਲਗਾਓ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਸ਼ਰਮਿੰਦਾ ਨਾ ਹੋਈਏ। ਉਨ੍ਹਾਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਕੁਦਰਤ ਪ੍ਰੇਮੀਆਂ ਨੂੰ ਲਗਾਏ ਜਾ ਰਹੇ ਬੂਟਿਆਂ ਦੀ ਸਾਂਭ ਸੰਭਾਲ ਕਰਨ ਨੂੰ ਤਰਜੀਹ ਦੇਣ ਦੀ ਅਪੀਲ ਵੀ ਕੀਤੀ।