"ਉਹ ਜਦੋਂ ਛੇੜਦਾ ਏ ਸੁਰ ਨੁਸਰਤ ਸਾਹਿਬ ਲੱਗਦਾ ਏ"ਸੁਰੀਲਾ ਏਨਾ ਜਿਉ ਮਰਦਾਨੇ ਹੱਥ ਰਬਾਬ ਲੱਗਦਾ ਏ" ਇਹ ਸਤਰਾਂ ਸੁਰਾਂ ਦੇ ਸਮਰਾਟ ਗਾਇਕ ਗੁਰਬਖਸ਼ ਸ਼ੌਂਕੀ ਤੇ ਬਾਖੂਬੀ ਢੁਕਦੀਆਂ ਹਨ।ਗੁਰਬਖਸ਼ ਸ਼ੌਂਕੀ ਦਾ ਜਨਮ ਮੁਕੱਦਸ ਧਰਤੀ ਸ਼੍ਰੀ ਚਮਕੌਰ ਸਾਹਿਬ ਵਿਖੇ ਪਿਤਾ ਮੁਖਤਿਆਰ ਸਿੰਘ ਦੇ ਘਰ ਮਾਤਾ ਤੇਜ਼ ਕੌਰ ਦੀ ਕੁੱਖੋਂ ਹੋਇਆ।ਗੁਰਬਖਸ਼ ਸ਼ੌਂਕੀ ਨੇ ਆਪਣੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ।ਉਸਦੇ ਪਿਤਾ ਜੀ ਫੌਜ਼ ਵਿੱਚ ਨੌਕਰੀ ਕਰਦੇ ਸਨ।ਉਹਨਾਂ ਨੇ ਗੁਰਬਖਸ਼ ਸ਼ੌਂਕੀ ਨੂੰ ਵੀ ਫੌਜ਼ ਵਿੱਚ ਭਰਤੀ ਕਰਵਾਇਆ।ਪਰ ਗੁਰਬਖਸ਼ ਸ਼ੌਂਕੀ ਨੇ ਬਚਪਨ ਤੋਂ ਹੀ ਮਨ ਵਿੱਚ ਇੱਕ ਕਲਾਕਾਰ ਬਣਨ ਬਾਰੇ ਧਾਰ ਲਿਆ ਸੀ।ਇਸ ਕਰਕੇ ਉਹਨਾਂ ਨੇ ਫੌਜ਼ ਦੀ ਨੌਕਰੀ ਕਰਨ ਤੋਂ ਮਨਾ ਕਰ ਦਿੱਤਾ।ਗਾਇਕੀ ਦਾ ਸ਼ੌਕ ਉਸਨੂੰ ਆਪਣੇ ਪਿਤਾ ਜੀ ਤੋਂ ਪਿਆ।ਉਸਦੇ ਪਿਤਾ ਪੱਕੇ ਤੌਰ ਤੇ ਕਲਕਾਰ ਨਹੀਂ ਸਨ।ਪਰ ਉਹ ਅਕਸਰ ਘਰ ਵਿੱਚ ਗੁਣਗੁਣਾਉਂਦੇ ਰਹਿੰਦੇ ਸਨ।ਸਕੂਲ ਦੀਆਂ ਬਾਲ ਸਭਾਵਾਂ ਵਿੱਚ ਗਾਉਂਦੇ ਗਾਉਂਦੇ ਗੁਰਬਖਸ਼ ਸ਼ੌਂਕੀ ਸਖਤ ਮਿਹਨਤ ਅਤੇ ਰਿਆਜ਼ ਨਾਲ ਗਾਇਕੀ ਦੇ ਖੇਤਰ ਵਿੱਚ ਪੱਕੇ ਤੌਰ ਤੇ ਸਥਾਪਿਤ ਹੋ ਗਿਆ।ਸ਼ੌਂਕੀ ਨੇ ਦੱਸਿਆ ਕਿ ਸੰਘਰਸ਼ ਦੇ ਦਿਨਾਂ ਵਿੱਚ ਉਹ ਸਾਰਾ ਸਾਰਾ ਦਿਨ ਹੀ ਰਿਆਜ਼ ਕਰਦੇ ਰਹਿੰਦੇ ਸਨ।ਗੁਰਬਖਸ਼ ਸ਼ੌਂਕੀ ਦੀ ਸ਼ੁਰੂਆਤ ਢਾਡੀ ਜਥਿਆਂ ਨਾਲ ਵਾਰਾਂ ਗਾਉਣ ਅਤੇ ਪੁਰਾਤਨ ਸਾਜ ਵਜਾਉਣ ਨਾਲ ਹੋਈ।ਫਿਰ ਸੰਨ 1994 ਵਿੱਚ ਉਹਨਾਂ ਨੇ ਆਪਣੇ ਕਰੀਬੀ ਮਿੱਤਰ ਉੱਗੇ ਗੀਤਕਾਰ ਸਵਰਗੀ ਪ੍ਰੀਤ ਖਮਾਣੋਂ ਅਤੇ ਤੇਜਿੰਦਰ ਸਿੰਘ ਸੇਖੋ ਨਾਲ ਮਿਲਕੇ ਆਪਣੀ ਪਹਿਲੀ ਕੈਸਿਟ "ਸਾਜ਼ਿਸ਼ ਵਰਗਾ ਪਿਆਰ ਤੇਰਾ" ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੀ। ਸਰੋਤਿਆਂ ਵੱਲੋਂ ਪਹਿਲੀ ਹੀ ਕੈਸਟ ਨੂੰ ਭਰਪੂਰ ਹੁੰਗਾਰਾ ਮਿਲਿਆ।ਇਸ ਨਾਲ ਉਹਨਾਂ ਦੀਆਂ ਆਸਾਂ ਨੂੰ ਬੂਰ ਪਿਆ।ਉਹਨਾਂ ਕੋਲ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਦੀਆਂ ਝੜੀਆਂ ਲੱਗ ਗਈਆਂ।ਜਿਸ ਕਾਰਨ ਮਾਰਕੀਟ ਵਿੱਚ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਬਣ ਗਈ।ਇਸ ਤੋਂ ਬਾਅਦ ਉਨ੍ਹਾਂ ਦੇ ਹੋਰ ਵੀ ਬਹੁਤ ਸਾਰੇ ਗੀਤ ਆਏ।ਜਿਹਨਾਂ ਨੂੰ ਸਰੋਤਿਆਂ ਨੇ ਖਿੜੇ ਮੱਥੇ ਕਬੂਲ ਕੀਤਾ।ਜਿਸ ਵੇਲੇ ਸ਼ੌਂਕੀ ਦੀ ਗੁੱਡੀ ਅੰਬਰਾਂ ਤੇ ਚੜੀ ਹੋਈ ਸੀ।ਉਸ ਸਮੇਂ ਉਹ ਕੁਝ ਗਲਤ ਮਿੱਤਰਾਂ ਦੀ ਸੰਗਤ ਕਾਰਨ ਸ਼ਰਾਬ ਦੀਆਂ ਪਿਆਲਿਆਂ ਵਿੱਚ ਡੁੱਬ ਗਿਆ।ਜਿਸਦਾ ਉਸਦੀ ਗਾਇਕੀ ਤੇ ਬਹੁਤ ਮਾੜਾ ਪ੍ਰਭਾਵ ਪਿਆ।ਏਸੇ ਕਰਕੇ ਗਾਇਕੀ ਵਿੱਚ ਇਨਾ ਪ੍ਰਪੱਕ ਹੋਣ ਦੇ ਬਾਵਜੂਦ ਵੀ ਉਹ ਵੱਡੇ ਪੱਧਰ ਤੇ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ।ਬੇਸ਼ੱਕ ਲੰਘਿਆ ਸਮਾਂ ਵਾਪਸ ਨਹੀਂ ਆਉਂਦਾ।ਪਰ ਉਸ ਦੇ ਸਖਤ ਮਿਹਨਤ ਅਤੇ ਰਿਆਜ਼ ਨੇ ਉਸਨੂੰ ਦੁਬਾਰਾ ਸਮੇਂ ਦਾ ਹਾਣੀ ਬਣਨ ਵਿੱਚ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ।ਉਸਦਾ ਇੱਕ ਵੱਖਰਾ ਸਰੋਤਾ ਵਰਗ ਹੈ।ਉਸਨੂੰ ਸੁਣਨ ਵਾਲੇ ਉਸਦੇ ਗੀਤਾਂ ਨੂੰ ਦਿਲੋਂ ਜਾਨ ਤੋਂ ਪਿਆਰ ਕਰਦੇ ਹਨ।ਗੁਰਬਖਸ਼ ਸ਼ੌਂਕੀ ਨੇ ਹੁਣ ਤੱਕ ਅਨੇਕਾਂ ਸੁਪਰ ਹਿੱਟ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਵਿੱਚ ਪਾਏ।ਜਿਹਨਾਂ ਵਿੱਚ ਇੱਕੋ ਤੇਰਾ ਲੱਖ ਵਰਗਾ,ਲਾਲ ਪਰਾਂਦੇ ਵਾਲੀ,ਗੱਲ ਤੇਰੀ ਮੇਰੀ ਐ,ਜਦੋਂ ਯਾਦ ਤੇਰੀ ਆਈ,ਸ਼ੱਕ,ਰੱਬ ਮਿਲ ਗਿਆ ਹੋਵੇ, ਜੇ ਤੂੰ ਸੱਚਾ ਏ,ਬਾਪੂ ਵਰਗੇ ਨਾਮ ਜ਼ਿਕਰਯੋਗ ਹਨ।ਸ਼ੌਂਕੀ ਦੀ ਮਾਖਿਓ ਮਿੱਠੀ ਅਵਾਜ਼ ਵਿੱਚ ਗਇਆ ਇੱਕ ਗੀਤ ਸਾਨੂੰ 'ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦੈ" ਇੱਕ ਲੋਕ ਗੀਤ ਬਣ ਗਿਆ ਹੈ।ਜਿਸ ਨੂੰ ਅਕਸਰ ਹਰ ਇੱਕ ਨਵਾਂ ਪੁਰਾਣਾ ਕਲਾਕਾਰ ਸਟੇਜ ਤੇ ਜਰੂਰ ਗਾਉਂਦਾ ਹੈ।ਗੁਰਬਖਸ਼ ਸ਼ੌਂਕੀ ਹੁਣ ਤੱਕ ਬਲੱਡ ਸਟਰੀਟ,ਮਾਂ ਦਾ ਦਰਦ,ਅਤੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਵੀ ਗਾ ਚੁੱਕੇ ਹਨ।ਉਨਾਂ ਦੀ ਆਵਾਜ਼ ਵਿੱਚ ਗਾਏ ਪੰਜਾਬੀ ਸੀਰੀਅਲ "ਕੱਚ ਦੀਆਂ ਵੰਗਾਂ" ਦੇ ਟਾਈਟਲ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ।ਗੁਰਬਖਸ਼ ਸ਼ੌਂਕੀ ਇੱਕ ਉਹ ਗਵਈਆ ਹੈ।ਜਿਸਦੀ ਗਾਇਕੀ ਦੇ ਕਾਲਕਾਰ ਵੀ ਮੁਰੀਦ ਹਨ।ਉਹ ਹੁਣ ਤੱਕ ਕਰਨੈਲ ਸਿਵੀਆ,ਸੰਜੀਵ ਆਨੰਦ,ਕਾਲਾ ਨਿਜ਼ਾਮਪੁਰੀ,ਰੰਮੀ ਪੁਰਖਾਲੀ,ਰੰਮੀ ਗੋਹ ਵਾਲਾ,ਦੀਪ ਅਲਚੋਰੀਆਂ ਜਿਹੇ ਪੰਜਾਬ ਦੇ ਬਹੁਤ ਸਾਰੇ ਸਟਾਰ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ।ਇਸ ਗਾਇਕੀ ਦੇ ਸਫਰ ਦੌਰਾਨ ਉਸਨੇ ਅਨੇਕਾਂ ਹੀ ਮਾਣ ਸਨਮਾਨ ਪ੍ਰਾਪਤ ਕੀਤੇ ਹਨ।ਆਪਣੀ ਗਾਇਕੀ ਦੀ ਬਦੌਲਤ ਉਹ ਅਣਗਿਣਤ ਹੀ ਦੇਸ਼ਾਂ ਦੇ ਟੂਰ ਲਾ ਚੁੱਕੇ ਹਨ।ਗੁਰਬਖਸ਼ ਸ਼ੌਂਕੀ ਭਵਿੱਖ ਵਿੱਚ ਬਹੁਤ ਜਲਦ ਹੀ ਅਲੱਗ ਅਲੱਗ ਵੰਨਗੀ ਦੇ ਗੀਤ ਲੈ ਕੇ ਆਪਣੇ ਸਰੋਤਿਆਂ ਦੇ ਸਨਮੁੱਖ ਹੋਣਗੇ।ਅੱਜ ਕੱਲ ਉਹ ਆਪਣੇ ਪਰਿਵਾਰ ਸਮੇਤ ਸ਼੍ਰੀ ਚਮਕੌਰ ਸਾਹਿਬ ਵਿਖੇ ਰਹਿ ਰਹੇ ਹਨ।ਅਸੀਂ ਦੁਆ ਕਰਦੇ ਹਾਂ ਕਿ ਗੁਰਬਖਸ਼ ਸ਼ੌਂਕੀ ਦੀ ਉਮਰ ਉਸਦੇ ਗੀਤਾਂ ਵਾਂਗ ਹੀ ਸਦਾਬਹਾਰ ਰਹੇ।ਪਰਮਾਤਮਾ ਉਸ ਨੂੰ ਤੰਦਰੁਸਤੀ ਅਤੇ ਹੋਰ ਕਾਮਯਾਬੀ ਬਖਸ਼ੇ।ਉਹ ਏਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।ਅਮੀਨ
ਹਰਮਨ ਮੀਆਂਪੁਰੀ
8427836022