ਡੀਐਸਪੀ ਮਹਿਲ ਕਲਾਂ ਨੂੰ ਦਿੱਤਾ ਮੰਗ ਪੱਤਰ
ਮਹਿਲ ਕਲਾਂ 17 ਸਤੰਬਰ (ਡਾਕਟਰ ਮਿੱਠੂ ਮੁਹੰਮਦ)
ਅੱਜ ਮਹਿਲ ਕਲਾਂ ਵਿਖੇ
ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਕੋਆਰਡੀਨੇਟਰ ਐਸ ਸੀ ਵਿੰਗ ਗੁਰਮੇਲ ਸਿੰਘ ਮੌੜ, ਐਡਵੋਕੇਟ ਜਸਬੀਰ ਸਿੰਘ ਖੇੜੀ,ਜਿਲ੍ਹਾ ਪ੍ਰੀਸ਼ਦ ਮੈਂਬਰ ਡਾਕਟਰ ਅਮਰਜੀਤ ਸਿੰਘ ਮਹਿਲਕਲਾਂ, ਜਿਲਾ ਆਗੂ ਪ੍ਰਗਟ ਸਿੰਘ ਠੀਕਰੀਵਾਲਾ, ਡਾ ਬਲਵੰਤ ਰਾਏ ਸ਼ਰਮਾ ਹਮੀਦੀ,ਜਸਮੇਲ ਸਿੰਘ ਬੜੀ, ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ, ਇੰਸਪੈਕਟਰ ਪਿਆਰਾ ਸਿੰਘ ਮਹਮਦਪੁਰ, ਜਿਲ੍ਹਾ ਆਗੂ ਆੜਤੀਆਂ ਸਰਬਜੀਤ ਸਿੰਘ ਸਰਬੀ, ਕੁਲਵਿੰਦਰ ਸਿੰਘ ਚੁਹਾਣਕੇ ਕਲਾਂ ,ਬਲਵੰਤ ਸਿੰਘ ਮਹਿਲ ਕਲਾਂ ,ਦਲਜੀਤ ਸਿੰਘ ਮਾਨ ਗਹਿਲ, ਸਾਉਣ ਸਿੰਘ ਗਹਿਲ, ਪ੍ਰਕਾਸ਼ ਸਿੰਘ ਮਲਕੀਤ ਸਿੰਘ ਮਾਨ ਠੀਕਰੀਵਾਲ, ਭਰਥਾ ਗੁਰਮ ,ਬਹਾਦਰ ਸਿੰਘ ਗਹਿਲ, ਬਾਦਲ ਸਿੰਘ ਠੀਕਰੀਵਾਲਾਵਾਲ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜਰ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ ਮੌੜ ਨੇ ਕਿਹਾ ਸੂਬੇ ਵਿੱਚ ਦਿਨ-ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ। ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਕਾਨੂੰਨ ਵਿਵਸਥਾ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੈਂਗਸਟਰਵਾਦ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਜਿਸਦੇ ਕਾਰਨ ਆਮ ਵਰਗ ਅਤੇ ਵਪਾਰੀ ਵਰਗ ਲਈ ਆਪਣੇ ਘਰਾਂ ਅਤੇ ਬਾਹਰ ਆਪਣੇ ਕਿੱਤਿਆਂ ‘ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਢਹਿੰਦੀ ਕਾਨੂੰਨ ਵਿਵਸਥਾ ਕਾਰਨ ਗੈਂਗਸਟਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਵੜ ਕੇ ਮਾਰਿਆ ਜਾ ਰਿਹਾ ਹੈ, ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਸਭ ਕੁਝ ਅੱਖਾਂ ਸਾਹਮਣੇ ਦੇਖਦੇ ਹੋਏ ਵੀ ਸੂਬੇ ਦਾ ਕਾਨੂੰਨ ਪ੍ਰਸ਼ਾਸਨ ਹੱਥ ‘ਤੇ ਹੱਥ ਧਰ ਕੇ ਬੈਠਾ ਤਮਾਸ਼ਾ ਦੇਖ ਰਿਹਾ ਹੈ। ਆਮ ਲੋਕਾਂ ਨੂੰ ਰਾਹ ਜਾਂਦਿਆਂ ਬੰਦੂਕ ਦੀ ਨੋਕ ‘ਤੇ ਲੁੱਟ ਲਿਆ ਜਾਂਦਾਂ ਹੈ ਤੇ ਵਪਾਰੀ ਵਰਗ ਨੂੰ ਫਿਰੌਤੀਆਂ ਦੀਆਂ ਧਮਕੀਆਂ ਹਰ ਰੋਜ਼ ਮਿਲ ਰਹੀਆਂ ਹਨ। ਜਿਸ ਨਾਲ ਸੂਬੇ ਦੇ ਲੋਕਾਂ ਦਾ ਜੀਵਨ ਡਰ ਦੇ ਮਾਹੌਲ ਵਿੱਚੋਂ ਲੰਘ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਲਦ ਤੋਂ ਜਲਦ ਇਸ ਪਾਸੇ ਕੋਈ ਠੋਸ ਕਦਮ ਚੁੱਕਿਆ ਜਾਵੇ ਤਾਂ ਜੋ ਆਮ ਲੋਕ ਆਪਣਾ ਜੀਵਨ ਬਿਨ੍ਹਾ ਕਿਸੇ ਡਰ-ਭੈਅ ਤੋਂ ਬਤੀਤ ਕਰ ਸਕਣ। ਅਖੀਰ ਵਿੱਚ ਡੀਐਸਪੀ ਸੁਬੇਗ ਸਿੰਘ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ ਗਿਆ। ਸਟੇਜ ਦੀ ਕਾਰਵਾਈ ਜਸਮੇਲ ਸਿੰਘ ਬੜੀ ਨੇ ਬਾਖੂਬੀ ਨਿਭਾਈ। ਇਸ ਸਮੇਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।