ਭਾਰਤ ਦੇਸ਼ ਨੂੰ ਤਿਉਹਾਰਾਂ ਦਾ ਦੇਸ਼ ਕਰਕੇ ਵੀ ਜਾਣਿਆ ਜਾਂਦਾ ਹੈ,ਕਿਉਂਕਿ ਇਥੇ ਕੋਈ ਵੀ ਐਸਾ ਮਹੀਨਾ ਨਹੀਂ ਹੋਵੇਗਾ ਜਿਸ ਮਹੀਨੇ ਵਿੱਚ ਕੋਈ ਤਿੱਥ ਤਿਉਹਾਰ ਨਾ ਆਉਂਦਾ ਹੋਵੇ। ਦੁਸਹਿਰਾ, ਦੀਵਾਲੀ,ਲੋਹੜੀ, ਕ੍ਰਿਸਮਸ,ਈਦ ਅਤੇ ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਦੇ ਦਿਨਾਂ ਨੂੰ ਵੀ ਇਥੇ ਮੇਲਿਆਂ ਜਾਂ ਤਿਉਹਾਰਾਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਮਨਾਉਂਦੇ ਵੀ ਸਿੱਖ ਹਿੰਦੂ ਮੁਸਲਮਾਨ ਅਤੇ ਈਸਾਈ ਭਾਈਚਾਰੇ ਦੇ ਲੋਕ ਰਲਮਿਲ ਕੇ ਹੀ ਹਨ।ਹਰ ਮਹੀਨੇ ਆਉਣ ਵਾਲੀ ਮੱਸਿਆ ਪੁੰਨਿਆ ਨੂੰ ਵੀ ਬਹੁਤ ਸਾਰੇ ਧਾਰਮਿਕ ਅਸਥਾਨਾਂ ਤੇ ਮੇਲਿਆਂ ਦੇ ਰੂਪ ਵਿੱਚ ਅੱਜ ਤੱਕ ਵੀ ਮਨਾਇਆ ਜਾ ਰਿਹਾ ਹੈ। ਜੇਕਰ ਭਾਈਚਾਰੇ ਅਪਣੱਤ ਅਤੇ ਪਿਆਰ ਮੁਹੱਬਤ ਦੀ ਗੱਲ ਕਰੀਏ ਤਾਂ ਇਸ ਲਈ ਵੀ ਭਾਰਤ ਦੇਸ਼ ਦੇ ਸਮੁੱਚੇ ਭਾਈਚਾਰੇ ਨੂੰ ਗੁਰੁ ਸਾਹਿਬਾਨਾਂ ਪੀਰਾਂ ਫ਼ਕੀਰਾਂ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਹੈ।
ਇਨ੍ਹਾਂ ਤਿਉਹਾਰਾਂ ਵਿੱਚੋਂ ਹੀ ਇੱਕ ਨਹੀਂ ਬਲਕਿ ਦੋ ਤਿਉਹਾਰ ਤੇਰਾਂ ਤੇ ਚੌਦਾਂ ਜਨਵਰੀ ਵੀਹ ਸੌ ਪੱਚੀ ਨੂੰ ਲੋਹੜੀ ਅਤੇ ਮਾਘੀ ਦਾ ਪਵਿੱਤਰ ਤਿਉਹਾਰ ਆ ਰਹੇ ਹਨ। ਲੋਹੜੀ ਤੇ ਇਹ ਗੱਲ ਵੀ ਪ੍ਰਚੱਲਤ ਹੈ ਕਿ"ਆਈ ਲੋਹੜੀ ਤੇ ਗਿਆ ਸਿਆਲ ਕੋਹੜੀ"ਭਾਵ ਲੋਹੜੀ ਤੋਂ ਅਗਲੇ ਹੀ ਦਿਨ ਭਾਵ ਮਾਘੀ ਵਾਲੇ ਦਿਨ ਤੋਂ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ,ਪਰ ਇਸ ਵਿੱਚ ਕੋਈ ਜ਼ਿਆਦਾ ਸਚਾਈ ਨਹੀਂ ਜਾਪਦੀ। ਵੈਸੇ ਪੁਰਾਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਵੀ ਸੁਣਿਆਂ ਜਾਂਦਾ ਹੈ ਕਿ ਅੱਜ ਕੱਲ੍ਹ ਕਿਹੜੀ ਠੰਢ ਪੈਂਦੀ ਹੈ,ਠੰਢ ਤਾਂ ਪਹਿਲੇ ਸਮਿਆਂ ਵਿੱਚ ਪੈਂਦੀ ਸੀ।ਪਰ ਇਸ ਦੇ ਉਲਟ ਅਜੋਕੀ ਨੌਜਵਾਨ ਪੀੜ੍ਹੀ ਨੂੰ ਇਹੀ ਠੰਢ ਝੱਲਣੀ ਬਹੁਤ ਔਖੀ ਲੱਗਦੀ ਹੈ।
ਪੁਰਾਤਨ ਲੋਕ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਲਈ ਹਵਾ ਜਲ ਅਤੇ ਅਗਨੀ ਦੀ ਪੂਜਾ ਕਰਦੇ ਸਨ,ਇਹੀ ਰਿਵਾਜ ਅੱਜ ਵੀ ਪ੍ਰਚੱਲਤ ਹੈ ਜੋ ਪੀੜ੍ਹੀ ਦਰ ਪੀੜ ਚੱਲਿਆ ਆ ਰਿਹਾ ਹੈ। ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਸਮਾਜਿਕ ਰਿਸ਼ਤਿਆਂ ਦੇ ਨਾਲ ਰਲਮਿਲ ਕੇ ਮਨਾਉਂਣ ਦਾ ਰਿਵਾਜ ਅੱਜ ਵੀ ਹੈ। ਭਾਵੇਂ ਕਿ ਅਜੋਕੇ ਸਮੇਂ ਵਿੱਚ ਇਸ ਦਾ ਰੂਪ ਕਾਫੀ ਬਦਲ ਚੁੱਕਾ ਹੈ,ਭਾਵ ਘਰ ਘਰ ਲੋਹੜੀ ਮਨਾਈ ਜਾਂਦੀ ਹੈ,ਪਰ ਜਿਵੇਂ ਕਹਾਵਤ ਵੀ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਸੋ ਇਹ ਪਰੰਪਰਾ ਕਿਤੇ ਕਿਤੇ ਅੱਜ ਵੀ ਨਜ਼ਰੀਂ ਪੈਂਦੀ ਹੈ, ਜਿਥੇ ਸਾਰਾ ਆਂਢ ਗੁਆਂਢ,ਗਲੀ ਮੁਹੱਲੇ ਵਾਲੇ ਲੋਕ ਇਕੱਠੇ ਹੋ ਕੇ ਨਵ ਜੰਮੇ ਬੱਚੇ ਦੀ ਲੋਹੜੀ ਮਨਾਉਂਦੇ ਹਨ, ਕਿਸੇ ਜੋੜੇ ਦੀ ਨਵੀਂ ਸ਼ਾਦੀ ਹੋਈ ਹੋਵੇ ਤਾਂ ਉਹ ਵੀ ਲੋਹੜੀ ਵੰਡਦੇ ਹਨ,ਇਸ ਤਿਉਹਾਰ ਵਿੱਚ ਮੁੰਗਫਲੀ ਗੱਚਕ ਮੱਕੀ ਦੇ ਫੁੱਲੇ ਜ਼ਿਆਦਾ ਤਰ ਵੰਡੇ ਜਾਂਦੇ ਹਨ, ਵੈਸੇ ਕੲੀ ਪਰਿਵਾਰ ਮਠਿਆਈ ਦਾ ਅਦਾਨ ਪ੍ਰਦਾਨ ਵੀ ਕਰਦੇ ਹਨ।ਇਸ ਤਿਉਹਾਰ ਦੇ ਨਾਲ ਹੀ ਹੋਲਕਾ ਅਤੇ ਪ੍ਰਹਲਾਦ ਹਰਨਾਖਸ਼ ਦੀ ਕਥਾ ਵੀ ਜੋੜੀ ਜਾਂਦੀ ਹੈ (ਵੇਖਾਂ ਤੈਨੂੰ ਰਾਮ ਰੱਖ ਲੂ,ਪਾ ਲੈ ਤੱਤਿਆਂ ਥੰਮਾਂ ਦੇ ਨਾਲ ਜੱਫੀਆਂ) ਵਾਹਿਗੁਰੂ ਦੇ ਭਗਤਾਂ ਦੀ ਲਾਜ ਓਹ ਖੁਦ ਰੱਖਦਾ ਹੈ ਇਸ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਹਨ। ਪੋਹ ਮਹੀਨੇ ਨੂੰ ਭਗਤੀ ਦਾ ਮਹੀਨਾ ਵੀ ਮੰਨਿਆਂ ਜਾਂਦਾ ਹੈ।ਇਸ ਮਹੀਨੇ ਵਿੱਚ ਜ਼ਿਆਦਾ ਠੰਢ ਪੈਂਦੀ ਕਰਕੇ ਇਨਸਾਨ ਦਾ ਇਮਤਿਹਾਨ ਵੀ ਹੁੰਦਾ ਹੈ,ਭਾਵ ਬੰਦਾ ਕਿੰਨੀਂ ਕੁ ਠੰਢ ਬਰਦਾਸ਼ਤ ਕਰ ਸਕਦਾ ਹੈ?"ਦਾ ਪਤਾ ਲੱਗਦਾ ਹੈ।ਪੋਹ ਮਹੀਨੇ ਵੇਖੀਏ ਨਜ਼ਾਰੇ ਠੰਢ ਦੇ,ਸੋਹਲ ਸਰੀਰਾਂ ਤਾਈਂ ਕਿਵੇਂ ਚੰਡਦੇ,ਸੁੰਗੜ ਖਲੋਤੀਆਂ ਨੇ ਸੱਭੇ ਟਹਿਣੀਆਂ, ਪਾਈਆਂ ਜੋ ਮੁਸੀਬਤਾਂ ਓਹ ਪੈਣ ਸਹਿਣੀਆਂ"ਪਹਿਲੇ ਸਮਿਆਂ ਵਿੱਚ ਜ਼ਿਆਦਾ, ਪਰ ਅੱਜਕਲ੍ਹ ਕਿਤੇ ਕਿਤੇ ਛੋਟੇ ਬੱਚੇ ਲੋਹੜੀ ਮੰਗਦੇ ਦਿਸਦੇ ਹਨ। ਗੰਨੇ ਮੂਲੀਆਂ ਵੀ ਲੋਹੜੀ ਉੱਤੋਂ ਵਾਰੇ ਜਾਂਦੇ ਹਨ।ਤਿੱਲ, ਮੱਚਦੀ ਲੋਹੜੀ ਵਿੱਚ ਸੁੱਟੇ ਜਾਂਦੇ ਹਨ ਅਤੇ ਮੂੰਹ ਵਿਚੋਂ (ਈਸਰ ਆ ਦਲਿੱਦਰ ਜਾਹ,ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ) ਵੀ ਕਿਹਾ ਜਾਂਦਾ ਹੈ ਭਾਵ ਚੁਸਤੀ ਆਵੇ ਤੇ ਸੁਸਤੀ ਨੱਸ ਜਾਵੇ।ਜਿਸ ਨੇ ਵੀ ਲੋਹੜੀ ਸੁਲਗਾਈ ਹੁੰਦੀ ਹੈ ਉਸ ਦੇ ਸਵੇਰੇ ਸਵੇਰੇ ਇਸੇ ਥਾਂ ਤੇ ਨਹਾਉਣ ਨੂੰ ਪਵਿੱਤਰ ਸਮਝਿਆ ਜਾਂਦਾ ਹੈ,ਪਰ ਇਹ ਗੱਲਾਂ ਮਿਥਿਹਾਸਕ ਲੱਗਦੀਆਂ ਹਨ। ਲੋਹੜੀ ਦੇ ਆਲੇ-ਦੁਆਲੇ ਬੈਠ ਕੇ ਬੀਬੀਆਂ ਭੈਣਾਂ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਗਾਉਂਦੀਆਂ ਹਨ,ਜਿਸ ਦੀ ਭਰਪੂਰ ਸ਼ਲਾਘਾ ਕੀਤੀ ਜਾਂਦੀ ਹੈ, ਅਤੇ ਸਮੇਂ ਅਨੁਸਾਰ ਵੀ ਜਿਸ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੋਇਆ ਹੋਵੇ ਜਾਂ ਫਿਰ ਜਿਸ ਘਰ ਨਵਾਂ ਵਿਆਹ ਦੀ ਖੁਸ਼ੀ ਹੋਵੇ ਓਸ ਮੁਤਾਬਿਕ ਵੀ ਗੀਤ ਗਾਏ ਜਾਂਦੇ ਹਨ।ਇਸ ਸਮੇਂ ਦੌਰਾਨ ਅਜੋਕੇ ਸਮਿਆਂ ਵਿੱਚ ਡੀ ਜੇ ਲਾ ਕੇ ਵੀ ਨੌਜਵਾਨ ਮੁੰਡੇ-ਕੁੜੀਆਂ ਨੱਚਦੇ ਅਤੇ ਭੰਗੜੇ ਵੀ ਪਾਉਂਦੇ ਹਨ।ਗੱਲ ਕੀ ਸਦੀਆਂ ਦੀ ਇਸ ਪਰੰਪਰਾ ਨੂੰ ਅੱਜ ਵੀ ਜਿਉ ਦੀ ਤਿਉਂ ਨਿਭਾ ਰਹੇ ਹਨ ਪੰਜਾਬੀ ਭਾਈਚਾਰੇ ਦੇ ਲੋਕ।ਇਸ ਤਿਉਹਾਰ ਦੇ ਨਾਲ ਦੁੱਲਾ ਭੱਟੀ ਸੂਰਮੇ ਦੀ ਸੱਚੀ ਗਾਥਾ ਨੂੰ ਵੀ ਯਾਦ ਕੀਤਾ ਜਾਂਦਾ ਹੈ, ਕਿਵੇਂ ਓਸ ਨੇ ਇੱਕ ਭੈਣ ਦੀ ਇਜ਼ਤ ਬਚਾਈ ਅਤੇ ਸਮੇ ਦੇ ਹਾਕਮਾਂ ਨਾਲ ਲੋਹਾ ਲਿਆ ਜਿਸ ਨੂੰ ਕਿ ਜੋਰਾ ਜਬਰੀ ਓਸ ਸਮੇਂ ਦੇ ਹਾਕਮ ਜਾਂ ਸਰਮਾਏਦਾਰ ਵਿਆਉਣਾ ਚਾਹੁੰਦੇ ਸਨ। ਅੱਜ ਵੀ ਆਮ ਕਹਾਵਤ ਹੈ ਕਿ ਇੱਕ ਭਰਾ ਤਾਂ ਹਰ ਇੱਕ ਭੈਣ ਦਾ ਦੁੱਲੇ ਵਰਗਾ ਜ਼ਰੂਰ ਹੋਣਾ ਹੀ ਚਾਹੀਦਾ ਹੈ। ਛੋਟੇ ਛੋਟੇ ਬੱਚਿਆਂ ਦੇ ਮੂੰਹੋਂ ਆਪਾਂ ਅਕਸਰ ਇਹ ਗੀਤ ਜੋ ਦੁੱਲੇ ਦੀ ਯਾਦ ਦਿਵਾਉਂਦਾ ਹੈ ਓਹ ਸੁਣਦੇ ਹਾਂ"ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ,ਸੇਰ ਸ਼ੱਕਰ ਪਾਈ ਹੋ"ਇਹ ਇਸ ਦੀ ਪ੍ਰਤੱਖ ਹਾਮੀ ਭਰਦਾ ਗੀਤ ਹੈ। ਵਿਆਹੀਆਂ ਧੀਆਂ ਭੈਣਾਂ ਨੂੰ ਓਹਨਾਂ ਦੇ ਸਹੁਰੇ ਪਰਿਵਾਰ ਵਿੱਚ ਲੋਹੜੀ ਦਾ ਤਿਉਹਾਰ ਦੇ ਕੇ ਆਉਣ ਦਾ ਅੱਜ ਵੀ ਰਿਵਾਜ ਪ੍ਰਚਲਿਤ ਹੈ।ਇਸ ਕਰਕੇ ਰੱਖੜੀ ਦੀ ਤਰ੍ਹਾਂ ਹੀ ਇਹ ਤਿਉਹਾਰ ਵੀ ਜਿਥੇ ਭੈਣ-ਭਰਾ ਦੇ ਪਿਆਰ ਮੁਹੱਬਤ ਦਾ ਇਜ਼ਹਾਰ ਕਰਵਾਉਂਦਾ ਹੈ ਓਥੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵੀ ਸਦਾ ਜਾਣਿਆ ਜਾਂਦਾ ਰਹੇਗਾ।
ਪਾਈ ਹੋਈ ਲੋਹੜੀ ਦਾ ਸੇਕ ਹੌਲੀ ਹੌਲੀ ਘੱਟਦਾ ਹੈ ਤਾ ਅਕਸਰ ਕਿਹਾ ਜਾਂਦਾ ਹੈ"ਹੌਲੀ ਹੌਲੀ ਪਾਥੀਆਂ ਦਾ ਸੇਕ ਘਟਦਾ,ਮਾਘ ਵਿੱਚ ਪੋਹ ਦਾ ਮਹੀਨਾ ਵੱਟਦਾ, ਸਵੇਰੇ ਉੱਠ ਲੋਕ ਕੇਸੀ ਨੇ ਨਹਾਂਵਦੇ।ਉੱਚੀ ਉੱਚੀ ਬੋਲ ਰੱਬ ਨੂੰ ਧਿਆਂਵਦੇ"
ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਨ ਹੁੰਦਾ ਹੈ,ਇਸ ਮਹੀਨੇ ਨੂੰ ਪੁੰਨ ਦਾਨ ਕਰਨ ਵਾਲੇ ਮਹੀਨੇ ਨਾਲ ਜਾਣਿਆ ਜਾਂਦਾ ਹੈ।ਪੋਹ ਰਿੱਧੀ ਮਾਘ ਖਾਧੀ ਦਾ ਰਿਵਾਜ ਵੀ ਪੰਜਾਬੀ ਭਾਈਚਾਰੇ ਵਿੱਚ ਪ੍ਰਚਲਿਤ ਹੈ,ਭਾਵ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਖੀਰ,ਸਾਗ,ਦਲੀਆ,ਖਿਚੜੀ ਆਦਿ ਆਪਣੀ ਪਸੰਦ ਮੁਤਾਬਿਕ ਰਿੰਨ ਕੇ ਰੱਖ ਲਿਆ ਜਾਂਦਾ ਹੈ ਅਤੇ ਮਾਘੀ ਵਾਲੇ ਦਿਨ ਖਾਧਾ ਜਾਂਦਾ ਹੈ।ਇਸ ਦਿਨ ਸੰਗਰਾਂਦ ਕਰਕੇ ਬਹੁਤ ਸਾਰੇ ਇਤਿਹਾਸਿਕ ਗੁਰਦਵਾਰਾ ਸਾਹਿਬ ਵਿਖੇ ਸੰਗਰਾਂਦ ਦੇ ਭੋਗ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਆਨੰਦਪੁਰ ਸਾਹਿਬ,ਡੇਰਾ ਬੱਲਾਂ ਅਤੇ ਹੋਰ ਵੀ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਿਆਂ ਵਿੱਚ ਅਕਾਲਪੁਰਖ ਦੀ ਰਹਿਮਤ ਸਦਕਾ ਲੁਕਾਈ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ। ਜੇਕਰ ਇਸ ਪਵਿੱਤਰ ਤਿਉਹਾਰ ਤੇ ਲੱਗਣ ਵਾਲੇ ਮੇਲਿਆਂ ਜਾਂ ਸ਼ਹੀਦੀ ਜੋੜ ਮੇਲਿਆਂ ਦੀ ਗੱਲ ਕਰੀਏ ਤਾਂ ਤਖਤੂਪੁਰਾ,ਡਰੋਲੀ ਭਾਈ ਅਤੇ ਸ੍ਰੀ ਮੁਕਤਸਰ ਸਾਹਿਬ ਜੀ ਦੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲਿਆਂ ਨੂੰ ਉਂਗਲਾਂ ਤੇ ਗਿਣਿਆਂ ਜਾ ਸਕਦੇ ਹੈ, ਵੈਸੇ ਤਾਂ ਹਰ ਇੱਕ ਧਰਮ ਅਸਥਾਨਾਂ ਦੀ ਆਪੋ ਆਪਣੀ ਅਹਿਮੀਅਤ ਹੁੰਦੀ ਹੈ ਤੇ ਇਤਹਾਸ ਹੁੰਦਾ ਹੈ ਆਓ ਸਭਨਾਂ ਨੂੰ ਨਮਨ ਕਰੀਏ ਜੀ।
ਇਨ੍ਹਾਂ ਮੇਲਿਆਂ ਚੋਂ ਜੇਕਰ ਸ੍ਰੀ ਮੁਕਤਸਰ ਸਾਹਿਬ ਦੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਸਹੀਦੀ ਜੋੜ ਮੇਲੇ ਦੀ ਗੱਲ ਕਰੀਏ ਤਾਂ ਇਸ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਖਰੀ ਪਛਾਣ ਹੈ, ਇਸੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਵੱਲੋਂ ਲਿਖਿਆ ਬੇਦਾਵਾ ਓਹਨਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਓਹਦੇ ਸਾਹਮਣੇ ਪਾੜ ਕੇ ਚਾਲੀ ਸਿੰਘਾਂ ਦੀ ਟੁੱਟੀ ਗੰਢੀ ਸੀ(ਬੇਸ਼ੱਕ ਇਹ ਦਿਨ ਹੋਰ ਸੀ,ਪਰ ਮਨਾਇਆ ਮਾਘੀ ਦੇ ਪਵਿੱਤਰ ਦਿਹਾੜੇ ਤੇ ਹੀ ਜਾਂਦਾ ਹੈ)ਇਸ ਕਰਕੇ ਹੀ ਇਸ ਅਸਥਾਨ ਦਾ ਨਾਮ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਪਿਆ ਹੈ,ਹਰ ਸਾਲ ਇਸ ਜੋੜ ਮੇਲੇ ਤੇ ਲੱਖਾਂ ਸ਼ਰਧਾਲੂ ਚਾਲੀ ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰਕੇ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਇਸ ਪਵਿੱਤਰ ਅਸਥਾਨ ਨੂੰ ਸਿਜਦਾ ਕਰਦੇ ਹਨ ਅਤੇ ਗੁਰੂ ਸਾਹਿਬਾਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ।ਇਹ ਇਤਿਹਾਸਕ ਸ਼ਹੀਦੀ ਜੋੜ ਮੇਲਾ ਵੈਸੇ ਤਾਂ ਇੱਕ ਦਿਨ ਹੀ ਭਾਵ ਮਾਘੀ ਵਾਲੇ ਸੰਗਰਾਂਦ ਦੇ ਦਿਨ ਨੂੰ ਹੀ ਸਮਰਪਿਤ ਹੈ,ਪਰ ਇਸ ਵਾਰ ਇਸ ਨੂੰ ਪ੍ਰਸ਼ਾਸਨ ਵੱਲੋਂ ਘੱਟੋ ਘੱਟ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਅਤੇ ਇਸ ਦਾ ਠੇਕਾ ਵੀ ਇੱਕ ਕਰੋੜ ਚਾਰ ਲੱਖ ਦੇ ਲਗਪਗ ਚੜਿਆ ਹੈ ਜੋ ਕਿ ਲੋਕਾਂ ਦੀ ਜੇਬ੍ਹ ਤੇ ਹੀ ਪੈਣਾ ਹੁੰਦਾ ਹੈ, ਵੈਸੇ ਜੇ ਸੋਚਿਆ ਜਾਵੇ ਤਾਂ ਇਹੋ ਜਿਹੇ ਮੇਲੇ ਲੋਕਾਂ ਦੇ ਮਨੋਰੰਜਨ ਲਈ ਹੀ ਲਾਏ ਜਾਂਦੇ ਹਨ,ਪਰ ਹੁਣ ਇਹ ਵੀ ਸਿਆਸਤ ਦੀ ਭੇਟ ਚੜ੍ਹ ਗਏ ਹਨ, ਲੋਹੜੀ ਅਤੇ ਮਾਘੀ ਵਾਲੇ ਦਿਨ ਬਹੁਤ ਭਾਰੀ ਇਕੱਠ ਦੇ ਮੱਦੇਨਜ਼ਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਥੇ ਸ਼ਰਧਾ ਅਨੁਸਾਰ ਲੰਗਰ ਲਾਉਂਦੇ ਹਨ,ਪਰ ਬਾਕੀ ਦੇ ਦਿਨ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਸੰਸਥਾਵਾਂ ਵੱਲੋਂ ਲੰਗਰ ਨਹੀਂ ਲਗਾਇਆ ਜਾਂਦਾ। ਜਦੋਂ ਕਿ ਲੰਗਰ ਲਗਾਉਣ ਵਾਲੀਆਂ ਸਾਰੀਆਂ ਹੀ ਸੰਸਥਾਵਾਂ ਨੂੰ ਸਨਿਮਰ ਬੇਨਤੀ ਹੈ ਕਿ ਅਲੱਗ-ਅਲੱਗ ਦਿਨ ਲੰਗਰ ਲਗਾਏ ਜਾਣ, ਕਿਉਂਕਿ ਮੇਲਾ ਕਰੀਬ ਪੰਦਰਾਂ ਵੀਹ ਦਿਨ ਪੂਰੇ ਜੋਬਨ ਤੇ ਰਹਿੰਦਾ ਹੈ ਭਾਵ ਬਹੁਤ ਭਰਦਾ ਹੈ,ਇਸ ਲਈ ਸੰਗਤਾਂ ਨੂੰ ਲੰਗਰ ਦੀ ਲੋੜ ਮਾਘੀ ਵਾਲੇ ਦਿਨ ਤੋਂ ਅਗਾਂਹ ਪਿਛਾਂਹ ਵੀ ਲੋੜ ਹੁੰਦੀ ਹੈ,ਇੱਕੋ ਦਿਨ ਐਨੇ ਲੰਗਰ ਲਗਾਉਣ ਨਾਲ ਅੰਨ ਦੀ ਬੇਅਦਬੀ ਹਰ ਸਾਲ ਹੁੰਦੀ ਹੈ, ਵੈਸੇ ਸ੍ਰੀ ਮੁਕਤਸਰ ਸਾਹਿਬ ਦੇ ਧਾਰਮਿਕ ਅਸਥਾਨਾਂ ਭਾਵ ਗੁਰਦੁਆਰਾ ਸਾਹਿਬਾਨਾਂ ਵਿੱਚ ਤਾਂ ਬਾਬੇ ਨਾਨਕ ਜੀ ਦੀ ਅਪਾਰ ਰਹਿਮਤ ਹੁੰਦੀ ਹੈ ਲੰਗਰ ਹਰ ਸਮੇਂ ਹੀ ਚੱਲਦੇ ਹਨ,ਇਸ ਤੋਂ ਬਿਨਾਂ ਇਸ ਪਾਵਨ ਧਰਤੀ ਤੇ ਬਾਬਾ ਗੁਰਪ੍ਰੀਤ ਸਿੰਘ ਸੋਨੀ ਜੀ ਵੱਲੋਂ ਵੀ ਪਿਛਲੇ ਦਸ ਬਾਰਾਂ ਸਾਲਾਂ ਤੋਂ ਹਰ ਹਸਪਤਾਲ ਵਿੱਚ ਸੁਭਾ ਸ਼ਾਮ ਲੰਗਰ ਦੀ ਸੇਵਾ ਨਿਰਵਿਘਨ ਚਲਦੀ ਰਹਿੰਦੀ ਹੈ ਤੇ ਇਹੋ ਜਿਹੇ ਸਮੇਂ ਤੇ ਭਾਵ ਸ਼ਹੀਦੀ ਜੋੜ ਮੇਲੇ ਤੇ ਵੀ ਇਹ ਸੇਵਾ ਨਿਰਵਿਘਨ ਚਾਲੂ ਰਹੇਗੀ। ਇਥੇ ਇਸੇ ਦਿਨ ਸਾਰੀਆਂ ਹੀ ਸਿਆਸੀ ਪਾਰਟੀਆਂ ਆਪੋ ਆਪਣੀਆਂ ਸਿਆਸੀ ਕਾਨਫਰੰਸਾਂ ਵੀ ਕਰਦੀਆਂ ਰਹੀਆਂ ਹਨ ਅਤੇ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਦਾ ਬਜ਼ਾਰ ਸਿੱਖਰਾਂ ਤੇ ਹੁੰਦਾ ਸੀ,। ਸੈਂਟਰ ਵਿਚੋਂ ਵੀ ਅਤੇ ਪੰਜਾਬ ਦੀ ਸਾਰੀ ਸਿਆਸਤ ਹੀ ਇਸ ਦਿਨ ਇਥੇ ਇਕੱਠੀ ਹੁੰਦੀ ਸੀ ਪਰ ਚਾਲੀ ਮੁਕਤਿਆਂ ਦੀ ਪਵਿੱਤਰ ਜਗ੍ਹਾ ਤੇ ਕੋਈ ਕੋਈ ਵਿਰਲਾ ਹੀ ਸਿਆਸਤਦਾਨ ਸ਼ਹੀਦਾਂ ਨੂੰ ਨਮਨ ਕਰਨ ਪਹੁੰਚਦਾ ਸੀ, ਜਦੋਂ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ,ਪਰ ਪਿਛਲੇ ਕੁੱਝ ਕੁ ਸਾਲਾਂ ਤੋਂ ਇਹ ਕਾਨਫਰੰਸਾਂ ਦਾ ਕੰਮ ਬੰਦ ਕਰ ਦਿੱਤਾ ਹੈ ਪਰ ਇਸ ਵਾਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਕਾਲੀ ਦਲ ਆਪਦੀ ਡਿਗਦੀ ਸ਼ਾਖ ਨੂੰ ਉਭਾਰਨ ਲਈ ਕਾਨਫਰੰਸ ਕਰ ਰਿਹਾ ਹੈ ਅਤੇ ਦੂਜੇ ਉਹਨਾਂ ਦੇ ਵਿਰੋਧੀ ਅਕਾਲੀ ਦਲ ਵਾਲੇ ਵੀ ਨਵੀਂ ਪਾਰਟੀ ਦਾ ਕੋਈ ਗਠਨ ਕਰਨ ਦਾ ਐਲਾਨ ਕਰ ਸਕਦੇ ਹਨ।ਬਾਕੀ ਪਾਰਟੀਆਂ ਚੋਂ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਵੱਲੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਹਰ ਵਾਰ ਦੀ ਤਰ੍ਹਾਂ ਕਾਨਫਰੰਸ ਕਰਨ ਦੀ ਸੰਭਾਵਨਾ ਹੈ।ਬਾਕੀ ਪਾਰਟੀਆਂ ਵੱਲੋਂ ਕੋਈ ਵੀ ਉਮੀਦ ਨਹੀਂ ਹੈ ਕਿ ਕਾਨਫਰੰਸਾਂ ਕੀਤੀਆਂ ਜਾਣਗੀਆਂ।ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਇਲਾਵਾ ਇਥੇ ਸੱਤ ਹੋਰ ਵੀ ਇਤਹਾਸਕ ਗੁਰਦੁਆਰਾ ਸਾਹਿਬਾਨ ਹਨ, ਸੰਗਤਾਂ ਓਹਨਾਂ ਦੇ ਵੀ ਦਰਸ਼ ਦੀਦਾਰੇ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਲੋਕਾਂ ਦੇ ਮਨੋਰੰਜਨ ਲਈ ਇਥੇ ਹਰ ਸਾਲ ਸਰਕਸ,ਝੂਲੇ, ਚੰਡੋਲਾਂ, ਪ੍ਰਦਰਸ਼ਨੀਆਂ ਅਤੇ ਹੋਰ ਵੀ ਮਨੋਰੰਜਨ ਦੇ ਸਾਧਨ ਹੁੰਦੇ ਹਨ।ਇਸ ਸ਼ਹੀਦੀ ਜੋੜ ਮੇਲੇ ਤੇ ਬਹੁਤ ਦੂਰੋਂ ਦੂਰੋਂ ਦੁਕਾਨਦਾਰ ਆਪੋ ਆਪਣੀ ਰੋਜ਼ੀ ਰੋਟੀ ਲਈ ਇੱਕ ਇੱਕ ਮਹੀਨਾ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ, ਅਤੇ ਆਪੋ ਆਪਣੀਆਂ ਦੁਕਾਨਾਂ ਸਜਾਉਣ ਲੱਗ ਜਾਂਦੇ ਹਨ,ਪਰ ਜ਼ਿਆਦਾ ਕਿਰਾਇਆ ਕਰਕੇ ਓਹਨਾਂ ਨੂੰ ਕੲੀ ਵਾਰ ਬਹੁਤ ਘਾਟਾ ਪੈ ਜਾਂਦਾ ਹੈ ਅਤੇ ਓਹ ਠੰਢ ਦੇ ਦਿਨਾਂ ਵਿੱਚ ਮਾਯੂਸ ਹੋ ਕੇ ਮੁੜਦੇ ਹਨ, ਜੇਕਰ ਕਿਰਾਇਆ ਥੋੜਾ ਘੱਟ ਹੋਵੇ ਤਾਂ ਓਨਾਂ ਦੇ ਪੱਲੇ ਕੁਝ ਪੈ ਸਕਦਾ ਹੈ। ਇਸ ਵਾਰ ਸ਼ਹੀਦੀ ਜੋੜ ਮੇਲੇ ਤੇ ਲੱਗਣ ਵਾਲੇ ਇਸ ਮਨੋਰੰਜਨ ਦੇ ਬਹੁਤ ਜ਼ਿਆਦਾ ਵਿਕਸਤ ਨਵੀਆਂ ਤਕਨੀਕਾਂ ਦੀ ਜ਼ਿਆਦਾ ਭਰਮਾਰ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਇਸ ਦਾ ਸਮਾਂ ਜਨਵਰੀ ਅਤੇ ਫਰਵਰੀ ਵੀਹ ਸੌ ਪੱਚੀ ਤੱਕ ਦਾ ਵਧਾ ਦਿੱਤਾ ਗਿਆ ਹੈ।ਜ਼ਿਲਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸ਼ਰਧਾਲੂਆਂ ਲਈ ਵਧੀਆ ਵਿਵਸਥਾ ਦੇ ਇੰਤਜ਼ਾਮ ਹਰ ਵਾਰ ਹੀ ਕੀਤੇ ਜਾਂਦੇ ਹਨ ਅਤੇ ਤਕਰੀਬਨ ਸਾਰੇ ਹੀ ਪੰਜਾਬ ਦੀ ਪੁਲਿਸ ਦੀਆਂ ਡਿਊਟੀਆਂ ਵੀ ਇਥੇ ਹਰ ਸ਼ਹੀਦੀ ਜੋੜ ਮੇਲੇ ਤੇ ਲਗਾਈਆਂ ਜਾਂਦੀਆਂ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਵੈਸੇ ਤਾਂ ਹਰ ਸਾਲ ਹੀ ਮਾਘੀ ਦੇ ਇਸ ਸ਼ਹੀਦੀ ਜੋੜ ਮੇਲੇ ਤੇ ਵਾਹਿਗੁਰੂ ਵੱਲੋਂ ਮੀਂਹ ਵੀ ਜ਼ਰੂਰ ਪੈਂਦਾ ਹੈ,ਇਸ ਵਾਰ ਵੇਖੋ ਵਾਹਿਗੁਰੂ ਕੀ ਰੰਗ ਵਿਖਾਉਂਦੇ ਹਨ ਭਲੀ ਕਰੇ ਕਰਤਾਰ, ਕਿਉਂਕਿ ਆਉਣ ਵਾਲੀਆਂ ਸੰਗਤਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਾ ਉਠਾਉਣੀ ਪਵੇ ਇਸ ਵਾਰ ਉੱਤਰੀ ਰੇਲਵੇ ਵੱਲੋਂ ਮੇਲੇ ਮਾਘੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਜ਼ਿਆਦਾ ਗਿਣਤੀ ਵਿੱਚ ਟ੍ਰੇਨਾਂ ਵੀ ਚਲਾਈਆਂ ਜਾਣਗੀਆਂ ਤਾਂ ਕਿ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਕੋਈ ਤਕਲੀਫ਼ ਨਾ ਆਵੇ ਇਹ ਵੀ ਆਪਾਂ ਸਭਨਾਂ ਨੇ ਅਰਦਾਸ ਬੇਨਤੀ ਕਰਨੀ ਹੈ ਜੀ,ਸੋ ਆਉਣ ਵਾਲੀਆਂ ਸੰਗਤਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੀ ਆਇਆਂ ਕਹਿਣਾ ਆਪਣਾ ਸਭਨਾਂ ਦਾ ਫਰਜ਼ ਹੈ, ਅਤੇ ਸੰਗਤਾਂ ਨੂੰ ਵੀ ਆਪਣਾ ਧਿਆਨ ਰੱਖਣ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਲੰਗਰ ਲੋੜ ਅਨੁਸਾਰ ਛਕਣਾ ਅਤੇ ਸਾਫ ਸਫਾਈ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਲੈ ਕੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਓਨਾਂ ਨੂੰ ਨਮਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556