ਸ਼ੌਕ ਜਦੋਂ ਜਨੂੰਨ ਬਣ ਜਾਵੇ ਤਾਂ ਉਸਨੂੰ ਪੂਰਾ ਕਰਨ ਲਈ ਇਨਸਾਨ ਦਿਨ ਰਾਤ ਮਿਹਨਤ ਕਰਦਿਆਂ ਹਰ ਉਸ ਚੁਣੌਤੀ ਨੂੰ ਪਾਰ ਕਰਕੇ ਇਕ ਦਿਨ ਮੰਜ਼ਿਲ ‘ਤੇ ਜ਼ਰੂਰ ਪਹੁੰਚ ਜਾਂਦਾ ਹੈ। ਅਜਿਹੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰਕੇ ਵਿਕਰਮਪ੍ਤਾਪ ਸਿੰਘ ਨੇ ਪ੍ਰੋਫੈਸ਼ਨਲ ਸਟੰਟ ਰਾਈਡਰ ਵਜੋਂ ਵੱਖਰਾ ਨਾਮ ਹਾਸਿਲ ਕੀਤਾ। ਵਿਕਰਮ ਨੂੰ ਸੋਸ਼ਲ ਮੀਡੀਆ ਤੇ MAAN STUNTS ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਅਬੋਹਰ ਸ਼ਹਿਰ ਦੇ ਪਿੰਡ ਰੁਕਨਪੁਰਾ ਚ ਵਿਕਰਮਪ੍ਰਤਾਪ ਸਿੰਘ ਦਾ ਜਨਮ ਪਿਤਾ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸ੍ਰੀਮਤੀ ਮਨਦੀਪ ਕੌਰ ਦੀ ਕੁੱਖੋਂ ਹੋਇਆ। ਵਿਕਰਮ ਨੇ ਦਸਵੀਂ ਤੱਕ ਦੀ ਪੜ੍ਹਾਈ ਅਬੋਹਰ ਦੇ ਪਿੰਡ ਰੁਕਨਪੁਰਾ ਉਰਫ ਖੂਈ ਖੇੜਾ ਤੋਂ ਕੀਤੀ, ਅਤੇ ਬਾਰ੍ਹਵੀਂ ਦੀ ਪੜ੍ਹਾਈ ਕਰਨ ਮਗਰੋਂ ਅਬੋਹਰ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।
ਮਸ਼ੀਨਰੀ ਨਾਲ ਪਿਆਰ ਹੋਣ ਕਾਰਨ ਵਿਕਰਮ ਨੂੰ ਸਟੰਟ ਰਾਈਡਿੰਗ ਦਾ ਅਜਿਹਾ ਸ਼ੌਕ ਪਿਆ ਕਿ ਫਿਰ ਨਾ ਦਿਨ-ਰਾਤ ਦੇਖਿਆ ਤੇ ਨਾ ਹੀ ਧੁੱਪ-ਛਾਂ । ਬਸ ਇਸ ਸਫ਼ਰ ‘ਤੇ ਚੱਲਦਿਆਂ ਉਹਨਾਂ ਕਈ ਤਰ੍ਹਾਂ ਦੇ ਰਿਕਾਰਡ ਕਾਇਮ ਕੀਤੇ।
ਵਿਕਰਮ ਦਾ ਇਹ ਕਹਿਣਾ ਹੈ ਕਿ ਕਦੇ ਸਟੰਟ ਦਾ ‘ਸ’ ਵੀ ਪਤਾ ਨਹੀਂ ਸੀ, ਪਰ ਅੱਜ ਸਟੰਟ ਰਾਈਡਿੰਗ ‘ਚ ਵੱਖਰਾ ਨਾਮ ਕਮਾ ਚੁੱਕੇ ਨੇ। ਜਦੋਂ ਸਟੰਟ ਸਿੱਖਦੇ ਸਿੱਖਦੇ ਸ਼ਹਿਰ ‘ਚ ਨਾਮ ਬਣਨ ਲੱਗਿਆ ਤਾਂ ਟੀਵੀ ਸ਼ੋਆਂ ਸਮੇਤ ਕਈ ਗੀਤਾਂ ‘ਚ ਸਟੰਟ ਰਾਈਡਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਹਿਸਟਰੀ ਟੀਵੀ 18 ਦੇ ਮਸ਼ਹੂਰ ਸ਼ੋਅ ‘OMG' ਯੇ ਹੈ ਮੇਰਾ ਇੰਡੀਆ’ ‘ਲਈ ਵੀ ਕੰਮ ਕਰਨ ਦਾ ਮੌਕਾ ਮਿਲਿਆ ਜਿੱਥੇ ਵਿਕਰਮ ਨੇ ਆਪਣੇ ਬਾਈਕ ਸਟੰਟ ਦਿਖਾਏ , ਇਸ ਨਾਲ ਸ਼ਹਿਰ ਵਿਚ ਕਾਫੀ ਨਾਮ ਬਣਿਆ।
ਇਸ ਯੂਨੀਕ ਟੈਲੇਂਟ ਕਾਰਨ ਜਿਨਾਂ ਨਾਮ ਬਣਿਆ, ਉਸ ਤੋਂ ਇੰਝ ਜਾਪਦਾ ਹੈ ਕਿ ਵਿਕਰਮ ਕਿਸੇ ਸੈਲੇਬ੍ਰੇਟੀ ਤੋਂ ਘੱਟ ਨਹੀਂ ।
ਹੁਣੇ ਜਿਹੇ ਮੋਟਰਸਾਈਕਲ ਦੀ ਮਸ਼ਹੂਰ ਕੰਪਨੀ ਬਜਾਜ ਦੇ ਨਵੇਂ ਲਾਂਚ ਹੋਏ ਬਾਈਕ, ਉਹਨਾਂ ਲਈ ਐਡ ਵੀਡੀਓ ਸ਼ੂਟ ਹੋਈ, ਜਿਸ ਵਿਚ ਸਟੰਟ ਰਾਈਡਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ।
ਸੁਪਨਿਆਂ ਨੂੰ ਪੂਰਾ ਕਰਨਾ ਆਸਾਨ ਨਹੀਂ, ਬਲਕਿ ਰਾਹ ਵਿਚ ਪਏ ਹਰ ਕੰਢੇ ਨੂੰ ਚੁਗਦਿਆਂ ਅੱਗੇ ਵਧਣਾ ਪੈਂਦਾ ਹੈ। ਸੋ 2015 ਤੋਂ ਸ਼ੁਰੂ ਕੀਤੀ ਰਾਈਡਿੰਗ ਦੌਰਾਨ ਵਿਕਰਮ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਸਟੰਟ ਰਾਈਡਿੰਗ ਦੌਰਾਨ ਜਿਥੇ ਸੱਟ ਫੇਟ ਵੀ ਲੱਗੀ, ਵਿਕਰਮ ਕੋਲ ਜਿਆਦਾ ਪਾਵਰ ਵਾਲੀ ਬਾਈਕ ਨਾ ਹੋਣ ਕਾਰਨ ਕਈ ਰਾਈਡਰਾਂ ਨੂੰ ਲੱਗਾ ਕੇ ਇਹ ਨਹੀਂ ਕਰ ਪਵੇਗਾ ਪਰ ਸਿਰ ‘ਤੇ ਰਾਈਡਿੰਗ ਦਾ ਜਨੂੰਨ ਹੋਣ ਕਾਰਨ ਬਿਨਾਂ ਕਿਸੇ ਤੋਂ ਕੁੱਝ ਸਿੱਖੇ ਖੁਦ ਹੀ ਮੱਥਾ ਮਾਰ ਕੇ ਸਿੱਖਿਆ। ਜਿਸ ਤੋਂ ਬਾਅਦ ਹੌਲੀ ਹੌਲੀ ਸਟੰਟ ਹੋਣ ਲੱਗੇ ।
ਉਥੇ ਹੀ ਪਹਿਲਾਂ-ਪਹਿਲਾਂ ਵਿਕਰਮ ਨੂੰ ਉਸਦੇ ਮਾਪੇ ਵੀ ਰੋਕਦੇ ਸੀ ਪਰ ਜਦੋਂ ਉਹਨਾਂ ਨੂੰ ਵਿਕਰਮ ਦੀ ਸਟੰਟ ਰਾਈਡਰ ਵਜੋਂ ਬਣੀ ਪਛਾਣ ਬਾਰੇ ਬਾਹਰੋਂ ਲੋਕਾਂ ਤੋਂ ਪਤਾ ਲੱਗਣ ਲੱਗਿਆ ਤਾਂ, ਮਾਪਿਆਂ ਨੇ ਉਸ ਨਾਲ ਟੋਕਾ ਟਾਕੀ ਕਰਨੀ ਛੱਡ ਦਿੱਤੀ ਸਗੋਂ ਅੱਗੇ ਵੱਧਣ ਲਈ ਹੌਂਸਲਾ ਦਿੰਦਿਆਂ ਵਿਕਰਮ ਨੂੰ ਖੁਦ ਦਾ ਧਿਆਨ ਰੱਖਣ ਲਈ ਵੀ ਕਹਿੰਦੇ।
ਵਿਕਰਮ ਨੇ ਸਭ ਤੋਂ ਪਹਿਲਾਂ CD 100 Hero Honda ਬਾਈਕ ‘ਤੇ ਸਟੰਟ ਸ਼ੁਰੂ ਕੀਤਾ। ਪਰ ਕੁਝ ਸਮਾਂ ਬਾਅਦ ਇਹ ਬਾਈਕ ਖਰਾਬ ਹੋਣ ਮਗਰੋਂ TVS ਦੀ ਅਪਾਚੇ 180cc ਲਈ, ਇਸ ਮਗਰੋਂ ਇਕ ਹੋਰ ਬਾਈਕ ਲਈ, ਜੋ ਕਿ ਰਾਈਡਿੰਗ ਦੌਰਾਨ ਨੁਕਸਾਨੀਆਂ ਵੀ ਗਈਆਂ, ਪਰ ਹੁਣ ਚੌਥਾ ਬਾਈਕ ਵਿਕਰਮ ਦੀ ਰਾਈਡਿੰਗ ‘ਚ ਉਹਨਾਂ ਦਾ ਸਾਥ ਦੇ ਰਿਹਾ ਏ।
ਪੰਜਾਬ ਦੇ ਛੋਟੇ ਸ਼ਹਿਰ ਅਬੋਹਰ ਵਿਚ ਰਹਿ ਕੇ ਸਟੰਟ ਦੀ ਦੁਨੀਆਂ ‘ਚ ਨਾਮ ਬਣਾਉਣ ਵਾਲੇ ਵਿਕਰਮ ਦਾ ਕਹਿਣਾ ਹੈ ਕਿ ਉਹਨਾਂ ਇੰਟਰਨੈਸ਼ਨਲ ਟ੍ਰਿਕਸ ਕੀਤੀਆਂ ਨੇ, ਜੋ ਕਿ ਬਹੁਤ ਘੱਟ ਰਾਈਡਰ ਇੰਡੀਆ ਵਿਚ ਕਰਦੇ ਨੇ, ਪਰ ਉਹਨਾਂ ਨੇ ਇਹ ਟ੍ਰਿਕਸ ਪੰਜਾਬ ਦੇ ਛੋਟੇ ਜਿਹੇ ਸੂਬੇ ਅਬੋਹਰ ਵਿੱਚ ਰਹਿ ਕੇ ਕੀਤੀਆਂ ਨੇ। ਉਨ੍ਹਾਂ ਵਿਚੋਂ ਟ੍ਰਿਕਸ ਨੇਃ ਨੋ ਟਾਈਅਰ ਸਟੰਟ, ਬਾਲਦਿਨੀ ਸਰਕਲਸ, ਯੂਨੀਸਾਈਕਲ ਨੋ ਹੈਂਡਰ ਸਰਕਲ, ਜੋ ਕਿ ਬਹੁਤ ਘੱਟ ਰਾਈਡਰ ਦੇਸ਼ ‘ਚ ਕਰਦੇ ਨੇ। ਇਹਨਾਂ ਚੀਜ਼ਾਂ ਨੂੰ ਸੋਸ਼ਲ ਮੀਡੀਆ ‘ਤੇ ਦੇਖਦਿਆਂ ਕੁਝ ਮਸ਼ਹੂਰ ਯੂਟਿਊਬਰ ਵੀ ਵੀਡੀਓਜ਼ ਬਣਾਉਣ ਲਈ ਅਬੋਹਰ ਆਏ।
ਵਿਕਰਮ ਇਹ ਵੀ ਦੱਸਦੇ ਨੇ ਕਿ 26 ਜਨਵਰੀ 2019 ‘ਚ ਚਰਨਜੀਤ ਸਿੰਘ ਚੰਨੀ ਜੋ ਕਿ ਉਸ ਸਮੇਂ ਸਿੱਖਿਆ ਮੰਤਰੀ ਸਨ, ਉਹਨਾਂ ਨੇ ਵੀ ਸਟੰਟ ਦੇਖ਼ ਕੇ ਫਿਰੋਜ਼ਪੁਰ ਵਿੱਖੇ ਵਿਕਰਮ ਨੂੰ ਸਨਮਾਨਿਤ ਕੀਤਾ।
ਵਿਕਰਮ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਇਕੱਲਾ ਬਾਈਕ ਹੋਵੇ ਤੇ ਤੁਸੀਂ ਤਾਹੀਂ ਸਟੰਟ ਕਰ ਸਕਦੇ ਹੋ, ਇਕ ਚੰਗੀ ਬਾਈਕ ਦੇ ਨਾਲ ਨਾਲ ਤੁਹਾਡੇ ਕੋਲ ਇਕ ਖਾਲੀ ਥਾਂ ਵੀ ਹੋਣੀ ਚਾਹੀਦੀ ਹੈ ਅਤੇ ਉਸ ਥਾਂ ਦੀ ਪ੍ਰੋਪਰ ਪਰਮਿਸ਼ਨ ਵੀ ਹੋਵੇ।
ਭਾਰਤ ਵਿਚ ਰਾਈਡਰ ਬਹੁਤ ਨੇ ਪਰ ਸਟੰਟ ਰਾਈਡਿੰਗ ਦਾ ਸਤਿਕਾਰ ਕਰਨ ਵਾਲੇ ਰਾਈਡਰ ਘੱਟ ਮਿਲਣਗੇ, ਜਿਵੇਂ ਕਿ ਅਕਸਰ ਤੁਸੀਂ ਦੇਖਿਆ ਹੋਵੇਗਾ, ਜੋ ਮੰਡੀਰ ਬਾਈਕ ਨਾਲ ਚੱਲਦੀ ਰੋਡ ਤੇ ਪੰਗੇ ਲੈਂਦੀ ਹੈ ਜਾਂ ਫਿਰ ਹੁੱਲੜਬਾਜ਼ੀ ਕਰਦੀ , ਹੈ ਉਹ ਸਟੰਟ ਰਾਈਡਰ ਨਹੀਂ ਹੈ ਜਦੋਂਕਿ ਉਸਨੂੰ ਸਟੰਟ ਨਾਲ ਜੋੜਿਆ ਜਾਂਦਾ ਪਰ ਉਹ ਸਟੰਟ ਨਹੀਂ ਹੁੰਦੇ। ਪ੍ਰੋਫ਼ੈਸ਼ਨਲ ਸਟੰਟ ਰਾਈਡਰ ਕਦੇ ਵੀ ਰੋਡ ਉੱਤੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਦੇ। ਜੋ ਅਜਿਹਾ ਕਰਦੇ ਨੇ ਉਹ ਪ੍ਰੋਫ਼ੈਸ਼ਨਲ ਨਹੀਂ ਹੁੰਦੇ।
ਸਟੰਟ ਰਾਈਡਿੰਗ ਕਰਨ ਲਈ ਸਪੈਸ਼ਲ ਰਾਈਡਿੰਗ ਜੈਕਟ , ਹੈਲਮੇਟ ਤੇ ਹੋਰ ਰਾਈਡਿੰਗ Guards ਦੀ ਵਰਤੋਂ ਕਰਦੇ ਹਨ ।
ਅਤੇ ਸਟੰਟ ਦੌਰਾਨ ਨੁਕਸਾਨੀ ਗਈ ਬਾਈਕ ਨੂੰ ਖੁੱਦ ਰਿਪੇਅਰ ਕਰਦੇ ਰਹੇ , ਅਤੇ ਕਦੋਂ ਮਕੈਨਿਕ ਵੀ ਬਣ ਗਏ, ਪਤਾ ਨਹੀਂ ਲੱਗਿਆ।
ਕਈ ਥਾਵਾਂ ‘ਤੇ ਸਟੰਟ ਕਰਨ ਨੂੰ ਨੁਕਸਾਨਦਾਇਕ ਸਮਝਿਆ ਜਾਂਦਾ ਹੈ, ਪਰ ਵਿਕਰਮ ਦੱਸਣਾ ਚਾਹੁੰਦੇ ਨੇ ਕਿ ਇਹ ਇੱਕ ਅੰਤਰਰਾਸ਼ਟਰੀ ਗੇਮ ਹੈ, ਜਿਸਨੂੰ ਇੰਡੀਅਨ ਰਾਈਡਰਸ ਦੁਆਰਾ ਇੰਡੀਆ ਲਿਆਂਦਾ ਗਿਆ।
ਸਟੰਟ ਰਾਈਡਿੰਗ ਨੂੰ ਲੈ ਕੇ ਵਿਕਰਮ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਹ ਗੇਮ ਗਲਤ ਹੈ ਜਾਂ ਗੈਰਕਾਨੂੰਨੀ ਹੈ ਤਾਂ ਜੋ ਆਰਮੀ ਦੇ ਜਵਾਨਾਂ ਦੀਆਂ ਟੁਕੜੀਆਂ ਸਟੰਟ ਰਾਈਡਿੰਗ ਕਰਦੀਆਂ ਨੇ। ਅਕਸਰ ਤੁਸੀਂ ਟੀਵੀ ਜਾਂ ਸੋਸ਼ਲ ਮੀਡੀਆ ‘ਤੇ ਦੇਖਿਆ ਹੋਵੇਗਾ, ਕੀ ਉਹ ਗਲਤ ਨੇ?
ਇੰਡੀਆ ਵਿਚ ਕਾਫ਼ੀ ਮੁਕਾਬਲੇ ਹੁੰਦੇ ਨੇ, ਉਹਨਾਂ ਵਿਚ ਨਾਮ ਬਣਾ ਸਕਦੇ ਹਾਂ। ਇਸੇ ਤਰ੍ਹਾਂ ਵਰਲਡ ਰਿਕਾਰਡ ਬਣਾ ਸਕਦੇ ਹਾਂ, ਵਿਕਰਮ ਦਾ ਵੀ ਵਰਲਡ ਰਿਕਾਰਡ ਬਣਾਉਣ ਦਾ ਸੁਪਨਾ ਹੈ, ਸੋ ਪ੍ਰਮਾਤਮਾ ਵਿਕਰਮ ਦੇ ਇਸ ਸੁਪਨੇ ਨੂੰ ਸਾਕਾਰ ਕਰੇ, ਪੂਰੇ ਵਿਸ਼ਵ ਵਿੱਚ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਖੂਬ ਰੌਸ਼ਨ ਕਰੇ।
*Mail-* *[email protected]*
*ਪ੍ਰਦੀਪ ਕੌਰ ਅਡੋਲ*