ਡਰੱਗ ਮਨੀ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੀ ਇਸ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਮਜੀਠਿਆਂ ਖਿਲਾਫ ਡਰੱਗ ਮਨੀ ਮਾਮਲੇ ਵਿੱਚ ਵਿਜੀਲੈਂਸ ਨੂੰ ਵੱਡੀ ਜਾਣਕਾਰੀ ਦਿੱਤੀ ਹੈ। ਸਾਬਕਾ ਡੀਜੀਪੀ ਵਿਜੀਲੈਂਸ ਅਧਿਕਾਰੀਆਂ ਨੂੰ ਡਿਟੇਲ ਦੇਣ ਲਈ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਚੰਡੀਗੜ੍ਹ ਪਹੁੰਚੇ। ਸਿਧਾਰਥ ਚਟੋਪਾਧਿਆਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਜੀਠਿਆਂ ਖਿਲਾਫ ਸਾਡੇ ਕੋਲ 2012-13 ਵਿੱਚ ਬਹੁਤ ਜਿਆਦਾ ਸਬੂਤ ਸਨ ਅਤੇ ਅੱਜ ਵੀ ਸਬੂਤ ਸਨ, ਪਰ ਉਦੋਂ ਅਕਾਲੀ ਦਲ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਨਹੀਂ ਹੋਈ। ਮਜੀਠੀਆ ਆਪ ਵੀ ਉਸ ਸਮੇਂ ਮੰਤਰੀ ਸਨ।
ਚਟੋਪਾਧਿਆਏ ਨੇ ਕਿਹਾ ਕਿ ਉਹ ਵਿਜੀਲੈਂਸ ਨੂੰ ਦੱਸਣ ਆਏ ਸਨ ਉਹ ਸਬੂਤ ਅੱਜ ਵੀ ਸਾਹਮਣੇ ਪਏ ਹਨ ਜੋ ਮਜੀਠਿਆਂ ਖਿਲਾਫ਼ ਕਾਰਵਾਈ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਮਜੀਠਿਆਂ 100 ਫੀਸਦੀ ਡਰੱਗ ਕੇਸ ਵਿੱਚ ਸ਼ਾਮਲ ਹਨ। 2021 ਵਿੱਚ ਉਨ੍ਹਾਂ ਨੇ ਉਸ ਵੇਲ੍ਹੇ ਡੀਜੀਪੀ ਰਹਿੰਦਿਆਂ ਮਜੀਠਿਆ ਖਿਲਾਫ ਕੇਸ ਦਰਜ ਕੀਤਾ ਸੀ। ਉਸ ਵੇਲ੍ਹੇ ਵੀ ਉਨ੍ਹਾਂ ਨੂੰ 5 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵੇਲ੍ਹੇ ਕੇਸ ਵਿੱਚ ਕੀ-ਕੀ ਜਾਣਕਾਰੀਆਂ ਸਾਡੇ ਕੋਲ ਸਨ। ਮੈਂ ਉਨ੍ਹਾਂ ਨੂੰ ਕੇਸ ਦਾ ਪੂਰਾ ਬੈਕਗ੍ਰਾਉਂਡ ਦੱਸਿਆ ਹੈ ਤਾਂ ਜੋ ਉਹ ਅਦਾਲਤ ਵਿੱਚ ਕੇਸ ਨੂੰ ਮਜ਼ਬੂਤੀ ਨਾਲ ਪੇਸ਼ ਕਰ ਸਕਨ।
ਸਾਬਕਾ ਡੀਜੀਪੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਅਤੇ ਨਸ਼ਾ ਤਸਕਰਾਂ ‘ਤੇ ਨਜ਼ਰ ਰੱਖਣ ਲਈ ਇੱਕ ਐਸਆਈਟੀ ਬਣਾਈ ਸੀ। ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀਆਂ ਸਨ। ਜਦੋਂ ਕਿ ਮੈਂ ਵੱਖਰੇ ਤੌਰ ‘ਤੇ ਇੱਕ ਰਿਪੋਰਟ ਦਿੱਤੀ ਸੀ। ਉਹ ਅਜੇ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਹਰ ਜਗ੍ਹਾ ਕੁਝ ਲੋਕ ਹਨ, ਜੋ ਸੰਸਥਾ ਨੂੰ ਬਦਨਾਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਵੇਲ੍ਹੇ ਨਸ਼ਾ ਤਸਕਰਾਂ ਅਤੇ ਪੁਲਿਸ ਦੀ ਮਿਲੀਭੁਗਤ ਬਾਰੇ ਵੀ ਰਿਪੋਰਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵਿੱਚ ਵੀ ਕਾਫੀ ਕਾਲੀਆਂ ਭੇਡਾਂ ਹਨ, ਜੋ ਲੋਕਾਂ ਦਾ ਸ਼ੋਸ਼ਣ ਕਰਦੀਆਂ ਹਨ। ਬਰਖਾਸਤ ਇੰਸਪੈਕਟਰ ਇੰਦਰਪ੍ਰੀਤ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ 15 ਜਾਂਚਾਂ ਚੱਲ ਰਹੀਆਂ ਸਨ, ਜਦੋਂ ਕਿ 4 ਪਰਚੇ ਦਰਜ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ 4 ਵਾਰ ਪ੍ਰਮੋਸ਼ਨ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਭਗੌੜੇ ਏਆਈਜੀ ਰਾਜਜੀਤ ਨੇ ਡਰੱਗਜ਼ ਤੋਂ ਹੀ ਸਭ ਕੁਝ ਬਣਾਇਆ ਹੈ।
ਸਾਬਕਾ ਡੀਜੀਪੀ ਨੇ ਕਿਹਾ ਕਿ ਐਸਆਈਟੀ ਦੇ ਤੌਰ ‘ਤੇ ਸਾਡਾ ਫਰਜ਼ ਹਾਈ ਕੋਰਟ ਨੂੰ ਰਿਪੋਰਟ ਪੇਸ਼ ਕਰਨਾ ਸੀ, ਐਸਆਈਟੀ ਦਾ ਚਲਾਨ ਪੇਸ਼ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ ਸੀ। ਸਾਨੂੰ ਕੁਝ ਠੋਸ ਸਬੂਤ ਮਿਲੇ ਸਨ। ਬਾਹਰੋਂ ਵੀ ਪੈਸਾ ਆਇਆ ਸੀ। ਜਾਅਲੀ ਸ਼ੈੱਲ ਕੰਪਨੀਆਂ ਵਿੱਚ ਪੈਸਾ ਸਰਕੂਲੇਟ ਕੀਤਾ ਗਿਆ। ਇਹ ਮਹੱਤਵਪੂਰਨ ਮਾਮਲਾ ਹੈ।
ਉਨ੍ਹਾਂ ਕਿਹਾ ਕਿ ਉਹ ਕੋਈ ਬਿਆਨ ਦਰਜ ਨਹੀਂ ਕਰਵਾਉਣ ਆਏ ਹਨ। ਉਹ ਸਿਰਫ਼ ਉਸ ਗੈਪ ਨੂੰ ਭਰਨ ਆਏ ਹਨ…ਜੋ 2021 ਤੋਂ ਲੈ ਕੇ ਹੁਣ ਤੱਕ ਪੈ ਗਿਆ ਹੈ। ਉਨ੍ਹਾਂ ਦੀ ਇਹ ਜਾਣਕਾਰੀ ਜਾਂਚ ਅਧਿਕਾਰੀਆਂ ਨੂੰ ਮਾਮਲੇ ਦੀ ਪੜਚੋਣ ਕਰਨ ਵਿੱਚ ਵੱਡੀ ਮਦਦਗਾਰ ਸਾਬਿਤ ਹੋ ਸਕਦੀ ਹੈ।