ਬਰਨਾਲਾ, 2 ਜੂਨ (ਧਰਮਪਾਲ ਸਿੰਘ, ਬਲਜੀਤ ਕੌਰ): ਟਰਾਈਡੈਂਟ ਗਰੁੱਪ ਦੀ ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਨੇ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਟੀ (ਸੀਐਸਆਰ) ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ 5 ਲੱਖ ਰੁਪਏ ਦੀ ਲਾਗਤ ਨਾਲ ਮਨਰੇਗਾ ਮਜ਼ਦੂਰਾਂ ਲਈ 30 ਪੋਰਟੇਬਲ ਸਾਈਕਲਾਂ ਅਤੇ 300 ਲੀਟਰ ਪਾਣੀ ਵਾਲੀਆਂ ਟੈਂਕੀਆਂ ਪ੍ਰਦਾਨ ਕੀਤੀਆਂ ਹਨ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਤੀਆਂ ਗਈਆਂ ਇਹ ਟੈਂਕੀਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਜ਼ਿਲ੍ਹੇ ਦੇ 30 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਭੇਜੀਆਂ ਗਈਆਂ ਹਨ। ਇਸ ਪਹਿਲਕਦਮੀ ਦਾ ਉਦੇਸ਼ ਪਿੰਡਾਂ ਵਿੱਚ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਅੱਤ ਦੀ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣਾ ਹੈ, ਕਿਉਂਕਿ ਇਹ ਮਜ਼ਦੂਰ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰਦੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਟਰਾਈਡੈਂਟ ਗਰੁੱਪ ਵੱਲੋਂ ਦਿੱਤੇ ਗਏ ਇਸ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਟਰਾਈਡੈਂਟ ਨੇ ਹਮੇਸ਼ਾਂ ਹੀ ਸਮਾਜ ਭਲਾਈ ਦੇ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਅੱਗੇ ਹੋ ਕੇ ਸਾਥ ਦਿੱਤਾ ਹੈ। ਟਰਾਈਡੈਂਟ ਦੇ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਇਸ ਮੌਕੇ ਕਿਹਾ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਪਹਿਲਾਂ ਵੀ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹੀ ਹੈ। ਇਸੇ ਲੜੀ ਤਹਿਤ ਮਨਰੇਗਾ ਮਜ਼ਦੂਰਾਂ ਲਈ ਇਹ ਸਾਈਕਲਾਂ ਅਤੇ ਪਾਣੀ ਦੀਆਂ ਟੈਂਕੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਟਰਾਈਡੈਂਟ ਗਰੁੱਪ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਾਤਾਵਰਣ ਦੀ ਸੰਭਾਲ ਲਈ ਵੱਡੇ ਪੱਧਰ 'ਤੇ ਪੌਦੇ ਲਗਾਉਣ, ਲੋਕਾਂ ਦੀ ਸਿਹਤ ਜਾਂਚ ਲਈ ਮੈਡੀਕਲ ਕੈਂਪ ਲਗਾਉਣ, ਸਰਕਾਰੀ ਸਕੂਲਾਂ ਵਿੱਚ ਕਮਰਿਆਂ ਅਤੇ ਬਾਥਰੂਮਾਂ ਦੀ ਉਸਾਰੀ ਤੇ ਮੁਰੰਮਤ ਅਤੇ ਇਲਾਕੇ ਦੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੀ ਆਰਥਿਕ ਸਹਾਇਤਾ ਲਗਾਤਾਰ ਕਰਦਾ ਆ ਰਿਹਾ ਹੈ ਅਤੇ ਇਹ ਸਮਾਜ ਸੇਵੀ ਕਾਰਜ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਏ.ਡੀ.ਸੀ. (ਵਿਕਾਸ) ਸਤਵੰਤ ਸਿੰਘ, ਡੀ.ਡੀ.ਪੀ.ਓ. ਅਮਰਿੰਦਰ ਸਿੰਘ, ਮਨਰੇਗਾ ਕੋਆਰਡੀਨੇਟਰ ਮਨਦੀਪ ਸਿੰਘ ਅਤੇ ਟਰਾਈਡੈਂਟ ਅਧਿਕਾਰੀ ਦੀਪਕ ਗਰਗ ਆਦਿ ਵੀ ਹਾਜ਼ਰ ਸਨ।