ਪੰਜਾਬੀ ਸਾਹਿਤ ਦੇ ਵਿੱਚ ਨੰਦ ਲਾਲ ਨੂਰਪੁਰੀ ਇੱਕ ਅਜਿਹਾ ਉੱਘਾ ਨਾਂ ਹੈ,ਜਿਸ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦੇ ਨਾਲ ਆਪਣੇ ਸਮਕਾਲੀ ਅਤੇ ਸੀਨੀਅਰ ਕਵੀ ਜਨ ਤੇ ਸਾਹਿਤਕਾਰਾਂ ਵਿੱਚ ਵਿਲੱਖਣਤਾ ਹਾਸਿਲ ਕੀਤੀ। ਦਰਜਨਾਂ ਦੇ ਹਿਸਾਬ ਨਾਲ ਹਿੱਟ ਗੀਤ ਦੇਣ ਵਾਲਾ ਨੰਦ ਲਾਲ ਨੂਰਪੁਰੀ ਆਪ ਭਾਵੇਂ ਸਾਰੀ ਉਮਰ ਗਰੀਬੀ ਭਰਿਆ ਜੀਵਨ ਜਿਊਂਦਾ ਰਿਹਾ ਪਰ ਉਸ ਨੇ ਮਾਂ-ਬੋਲੀ ਪੰਜਾਬੀ ਦੇ ਵਿਰਸੇ ਨੂੰ ਅਮੀਰ ਬਣਾਉਣ ਵਿੱਚ ਆਪਣੀ ਕਲਮੀਂ ਰਚਨਾਵਾਂ ਦਾ ਵਡਮੁੱਲਾ ਯੋਗਦਾਨ ਪਾਇਆ। ਸਮਿਆਂ ਦੀ ਹਿੱਕ ਤੇ ਲਿਖੇ ਉਸਦੇ ਸੁਨਹਿਰੀ ਹਰਫ਼ ਅੱਜ ਵੀ ਉਸਦੀ ਨਾਂ ਦੀ ਤਾਜ਼ਗੀ ਵਿਖੇਰ ਰਹੇ ਹਨ। ਕੋਮਲਤਾ ਅਤੇ ਦਿਆਲਤਾ ਹਿਰਦੇ ਰੂਪੀ ਵਾਲੇ ਇਸ ਸ਼ਾਇਰ/ਫ਼ਨਕਾਰ ਦਾ ਜਨਮ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ (ਬ੍ਰਿਟਿਸ਼ ਭਾਰਤ ) ਦੇ ਰਹਿਣ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ 1906 ਹੋਇਆ।ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਕਾਲਜ ਤੱਕ ਦੀ ਹਾਇਰ ਸਿੱਖਿਆ ਖ਼ਾਲਸਾ ਕਾਲਜ ਲਾਇਲਪੁਰ ਤੋਂ ਪ੍ਰਾਪਤ ਕੀਤੀ । ਆਪਣੇ ਸਮਿਆਂ ਦੇ ਪ੍ਰਸਿੱਧ ਸ਼ਾਇਰ ਮੌਲਾ ਬਖ਼ਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਜਿਹੇ ਉਸਤਾਦ ਕਵੀਆਂ ਦੇ ਲਿਖਤੀ ਪ੍ਰਭਾਵ ਨੂੰ ਨੰਦ ਲਾਲ ਨੂਰਪੁਰੀ ਦੇ ਹਿਰਦੇ ਨੇ ਵੀ ਕਾਬੂਲਿਆ,ਤੇ ਉਹ ਆਪਣੇ ਸਮੇਂ ਦੇ ਸਿਰਕੱਢਵੇ ਕਵੀ ਬਾਬੂ ਫ਼ੀਰੋਜ਼ਦੀਨ ਸ਼ਰਫ਼, ਹਮਦਮ, ਦਾਮਨ, ਤੀਰ ਵਰਗੇ ਸ਼ਾਇਰ ਵੀ ਹੀਰਾ ਸਿੰਘ ਦਰਦ ਅਤੇ ਗੁਰਮੁਖ ਸਿੰਘ ਮੁਸਾਫ਼ਿਰ ਵਰਗੇ ਦੀ ਸ਼੍ਰੇਣੀ ਵਿਚ ਆ ਸ਼ਾਮਲ ਹੋਏ।ਦੇਸ਼ ਭਗਤੀ ਅਤੇ ਕਵੀ-ਦਰਬਾਰਾਂ ਦੇ ਇਸ ਯੁੱਗ ਵਿਚ ਭਾਗ ਲੈਣ ਲੱਗਾ। ਜਿਸ ਕਰਕੇ ਉਸਦੀ ਪੜ੍ਹਾਈ ਵਿਚੇ ਹੀ ਛੁੱਟ ਗਈ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿੱਤਰਾ ਦੇਵੀ ਨਾਲ ਹੋਇਆ।ਜਿਸ ਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ ਨੇ ਜਨਮ ਲਿਆ। ਪਰਿਵਾਰਿਕ ਜ਼ਿੰਮੇਵਾਰੀ ਬੱਝਿਆ ਨੂਰਪੁਰੀ ਪਹਿਲਾਂ ਪਹਿਲ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਉਹ ਸਕੂਲ ਵਿੱਚ ਅਧਿਆਪਕ ਲਗਿਆ ਅਤੇ ਫਿਰ ਬੀਕਾਨੇਰ ਵਿਖੇ ਪੁਲਿਸ ਮੁਲਾਜ਼ਮ ਵਜੋਂ ਨਿਯੁਕਤ ਹੋਇਆ,ਜਿੱਥੇ ਕੋਮਲ ਦਿਲ ਵਾਲੇ ਕਵੀ ਨੂੰ ਥਾਣੇ ਦੀ ਨੌਕਰੀ ਰਾਸ ਨਾ ਆਈ। ਪੁਲਿਸ ਦੀ ਨੌਕਰੀ ਛੱਡ ਫਿਰ ਉਹ ਲੋਕ ਸੰਪਰਕ ਵਿਭਾਗ ਤੇ ਰੇਡੀਓ ਰਾਹੀਂ ਆਪਣਾ ਗੁਜ਼ਾਰਾ ਕਰਨ ਲੱਗਾ। ਰਾਜਸੀ ਉਥਲ-ਪੁਥਲ ਦੇ ਕਾਰਨ ਹੋਈ ਦੇਸ਼ ਵੰਡ ਪਿੱਛੋਂ ਨੰਦ ਲਾਲ ਨੂਰਪੁਰੀ ਪੰਜਾਬ ਦੇ ਜਲੰਧਰ ਸ਼ਹਿਰ ਆ ਵਸਿਆ।ਇੱਥੇ ਆ ਕੇ ਨੂਰਪੁਰੀ ਨੇ ਫਿਲਮ ‘ਮੰਗਤੀ’ ਦੇ ਗਾਣੇ ਲਿਖੇ, ਜਿਸ ਨਾਲ ਉਸਦੀ ਗੀਤਕਾਰ ਵਜੋਂ ਉਸ ਦੀ ਪਛਾਣ ਬਨਣ ਲੱਗੀ। ਮੰਗਤੀ ਫਿਲਮ ਤੋਂ ਬਾਅਦ ਨੂਰਪੁਰੀ ਨੇ ‘ਗੀਤ ਬਹਾਰਾਂ ਦੇ’ ਅਤੇ ‘ਵਲਾਇਤ ਪਾਸ’ ਫਿਲਮਾਂ ਦੇ ਗੀਤਾਂ ਲਿਖ ਕੇ ਆਪਣੇ ਨਾਂ ਚਮਕਾਉਣ ਲੱਗਾ।ਨੂਰਪੁਰੀ ਸਮੇਂ ਦੀ ਨਬਜ਼ ਨੂੰ ਪਛਾਣ ਕੇ ਆਪਣੇ ਗੀਤਾਂ ਦੀ ਸਿਰਜਣਾ ਕਰਨ ਲੱਗਾ। ਉਸਦਾ ਦਾ ਕਹਿਣਾ ਸੀ ਕਿ ਜਿਸ ਦੇਸ਼ ਦੇ ਗੀਤ ਜਿਉਂਦੇ ਹਨ, ਉਹ ਦੇਸ਼ ਸਦਾ ਜਿਉਂਦਾ ਰਹਿੰਦਾ ਹੈ। ਉਸ ਲਿਖਦਾ ਹੈ ਕਿ ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜੇ ਨੂਰਪੁਰੀ ਦੇ ਲਿਖੇ ਗੀਤਾਂ ਵੱਲ ਝਾਤ ਮਾਰੀਏ ਤਾਂ ਉਸਦੇ ਗੀਤ ਅੱਜ ਵੀ ਲੋਕ ਮਨਾਂ ’ਤੇ ਆਪਣੀ ਪਛਾਣ ਬਣਾਈ ਬੈਠੇ ਹਨ, ਜਿਵੇਂ ਕਿ ‘ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ’, ‘ਚੰਨ ਵੇ ਕਿ ਸ਼ੌਂਕਣ ਮੇਲੇ ਦੀ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਂਦੀਆ ਗਈਆ’, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ,ਕੈਂਠੇ ਵਾਲਾ ਆ ਗਿਆ ਪ੍ਰਾਹੁਣਾ', 'ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ', 'ਘੁੰਡ ਕੱਢ ਲੈ ਪਤਲੀਏ ਨਾਰੇ', 'ਕੌਣ ਆਖੂ ਜ਼ੈਲਦਾਰਨੀ',ਹਟੋ ਨੀਂ ਸਹੇਲੀਓ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’ ਆਦਿ ਲੋਕਾਂ ਦੇ ਚੇਤਿਆਂ ’ਚ ਵਸੇ ਹੋਏ ਹਨ। ਨੂਰਪੁਰੀ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ।ਉਸਦੇ ਲਿਖੇ ਗੀਤਾਂ ਨੇ ਸਮੇਂ ਦੇ ਨਾਮਵਰ ਗਾਇਕਾਂ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ। ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਆਇਆ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ ਹਾਣ ਪ੍ਰਵਾਨ ਕੀਤਾ ਤੇ ਲੋਕਾਈ ਨੇ ਉਸ ਦੀ ਕਲਮ ਨੂੰ ਸਤਿਕਾਰ ਦਿੱਤਾ। ਨੰਦ ਲਾਲ ਨੂਰਪੁਰੀ ਮਾਂ-ਬੋਲੀ ਪੰਜਾਬੀ ਦਾ ਹਰਮਨ ਪਿਆਰਾ ਲਾਡਲਾ ਸ਼ਾਇਰ ਸੀ/ਹੈ, ਜਿਸ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਲਗਭਗ ਛੇ ਦਰਜਨ । ਨੂਰਪੁਰੀ ਦੀਆਂ ਕਵਿਤਾਵਾਂ ਦੇ ਵਿਸ਼ੇ ਵਿਕੋਲਿਤਰੇ ਹਨ, ਜਿਨ੍ਹਾਂ ਵਿਚ ਇਤਿਹਾਸਕ, ਅਧਿਆਤਮਕ, ਰੋਮਾਂਚਿਕ, ਪੰਜਾਬੀ ਜਨ- ਜੀਵਨ, ਰਹਿਣੀ-ਬਹਿਣੀ ਦਾ ਰੰਗ ਨਜ਼ਰ ਆਉਂਦਾ ਹੈ।ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ’ਚ ਸਭ ਤੋਂ ਪਹਿਲਾਂ ‘ਨੂਰੀ ਪਰੀਆਂ’ ਦਾ ਨਾਂ ਆਉਂਦਾ ਹੈ, ਜੋ ਉਸ ਸਮੇਂ ਲਾਹੌਰ ਤੋਂ ਛਪੀ ਸੀ।ਨੰਦ ਲਾਲ ਨੂਰਪੁਰੀ ਦੀਆਂ ਅੱਡ-ਅੱਡ ਪ੍ਰਕਾਸ਼ਤ ਪੁਸਤਕਾਂ ਵਿਚ 'ਨੂਰੀ ਪਰੀਆਂ', 'ਵੰਗਾਂ', 'ਜਿਊਂਦਾ ਪੰਜਾਬ', 'ਨੂਰਪੁਰੀ ਦੇ ਗੀਤ', 'ਸੁਗਾਤ' ਸ਼ਾਮਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ 71 ਹੈ । ਕਵਿਤਾਵਾਂ 25 ਅਤੇ ਸਭ ਤੋਂ ਘੱਟ ਗ਼ਜ਼ਲਾਂ, 12 ਹਨ। ਨੂਰਪੁਰੀ ਅਣਖ਼ ਨਾਲ ਜਿਉਂਇਆ, ਜ਼ਿੰਦਗੀ ਭਰ ਉਸ ਨੇ ਕੋਈ ਵੀ ਕਾਵਿ ਸੰਗ੍ਰਹਿ ਨਹੀਂ ਛਪਵਾਇਆ, ਇਨਾਮਾਂ ਸਨਮਾਨਾਂ ਲਈ ਉਹ ਨੇ ਕੋਈ ਜੁਗਾੜ ਨਹੀਂ ਕੀਤਾ। ਇਸਦੀ ਆਖਰੀ ਪੁਸਤਕ 'ਸੁਗਾਤ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਮਾਂ-ਬੋਲੀ ਪੰਜਾਬੀ ਦੀ ਝੋਲੀ ਲੋਕ ਗੀਤ ਪਾਉਣ ਵਾਲੇ ਨੰਦ ਲਾਲ ਨੂਰਪੁਰੀ ਦੀ ਸ਼ਾਹਕਾਰ ਤੇ ਮਹਾਨ ਕਲਮ ਨੂੰ ਜੋ ਮਾਣ-ਸਨਮਾਨ ਜਿਉਂਦੇ ਜੀਅ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਵੀ ਨੰਦ ਲਾਲ ਨੂਰਪੁਰੀ ਨੇ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ।ਉਸਨੇ ਆਪਣਾ ਸਾਰਾ ਜੀਵਨ ਚੱਪਲਾਂ ਅਤੇ ਸਾਈਕਲ ਨਾਲ ਗੁਜ਼ਾਰਿਆ।ਉਸ ਦੀ ਸਾਹਿਤ ਸੇਵਾ ਤੇ ਦੇਸ਼ ਸੇਵਾ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਜਿਸ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ। ਵੱਡੇ ਪ੍ਰਵਾਰ ਦਾ ਇੰਨੀ ਕੁ ਆਮਦਨ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਸੀ। ਨੂਰਪੁਰੀ ਦਿਖਾਵੇ ਦੀ ਦੁਨੀਆਂ ਤੋਂ ਪਰ੍ਹੇ ਹੱਟ ਧਰਮ ਨੂੰ ਰੂਹ ਤੋਂ ਮਾਣ ਸਤਿਕਾਰ ਦੇਣ ਵਾਲਾ ਇਨਸਾਨ ਸੀ। ਉਸ ਦੀ ਸੱਚੀ ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ। ਪਹਿਲੇ ਦਿਨਾਂ 1925 ਤੋਂ ਹੀ ‘ਮੈਂ ਵਤਨ ਦਾ ਸ਼ਹੀਦ' ਵਰਗੇ ’ਮਾਂ-ਬੋਲੀ ਪੰਜਾਬੀ ਦੀ ਝੋਲੀ ਸੱਭਿਆਚਾਰਕ ਸਾਰਥਕ ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਪਾਉਣ ਵਾਲਾ ਨੰਦ ਲਾਲ ਨੂਰਪੁਰੀ ਅਪਣੇ ਸਮੇਂ ਦਾ ਸਿਰਕਢ ਗੀਤਕਾਰ, ਕਵੀ ਤੇ ਸਮਰੱਥ ਲੇਖਕ ਸੀ।ਉਸਨੂੰ ਜਿਊਂਦੇ ਜੀਅ ਅਤੇ ਮੌਤ ਤੋਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਅਤੇ ਸਾਹਿਤਕ ਸੰਸਥਾਵਾਂ ਵਲੋਂ ਲਗਭਗ ਨਜ਼ਰ-ਅੰਦਾਜ਼ ਕਰ ਰੱਖਿਆ ਗਿਆ। ਜਿਸ ਨੂੰ ਦੇਖ ਕੇ ਉਸ ਦਾ ਕਵੀ ਮਨ ਕੁਰਲਾ ਉੱਠਿਆ ਤੇ ਆਪਣੀ ਮਨ ਵੇਦਨਾ ਉਜਾਗਰ ਕਰਦਾ ਕਹਿੰਦਾ ਹੈ ਕਿ ''ਏਥੋਂ ਉੱਡ’ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ"।
ਛੇ ਦਰਜਨ ਸਦਾਬਹਾਰ ਗੀਤ ਲਿਖਣ ਵਾਲੇ ਨੰਦ ਲਾਲ ਨੂਰਪੁਰੀ ਨੇ ਵਿਚਾਰ ਸਿਰਫ਼ ਕਹਿਣ ਤਕ ਹੀ ਸੀਮਤ ਨਹੀਂ ਰੱਖੇ ਸਗੋਂ ਆਪਣੀ ਕਲਮ ਦੀ ਨੋਕ ’ਤੇ ਇਨ੍ਹਾਂ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ। ਜਿਵੇਂ ਕਿ:-
ਵਸਦੇ ਅਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ', 'ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀ ਚੰਨਾਂ ਦੀਆਂ ਗਾਵੇ'।
ਆਪਣਿਆਂ ਗੀਤਾਂ ਵਿਚ ਵੱਖ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ ਪਰੋਣ ਦਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਜਿਵੇਂ ਕਿ:- ਚੱਲ ਜੀਆ ਘਰ ਆਪਣੇ ਚੱਲੀਏ, ਨਾ ਕਰ ਮੱਲਾ ਅੜੀਆਂ
ਇਹ ਪਰਦੇਸ, ਦੇਸ਼ ਨਹੀਂ ਸਾਡਾ, ਏਥੇ ਗੁੰਝਲਾਂ ਬੜੀਆਂ।
ਪੀਂਘਾਂ ਪਈਆਂ ਪਿੱਪਲਾਂ ਨਾਲ, ਕੁੜੀਆਂ ਲੱਦੀਆਂ ਸੋਨੇ ਨਾਲ।
ਸੋਨਾ ਸੋਭੇ ਰੂਪ ਨਾਲ, ਨਾ ਦੇ ਇਹ ਸਵਰਗਾਂ ਦਾ ਲਾਰਾ,
ਸਾਨੂੰ ਸਾਡਾ ਕੁਫ਼ਰ ਪਿਆਰਾ।
ਮੰਦਰ ਦੀਆਂ ਦਹਿਲੀਜ਼ਾਂ ਲੰਘ ਕੇ,
ਮੈਂ ਕੀ ਮੱਥੇ ਟੇਕਾਂ।
ਸਾਹਿਤ ਦੇ ਖੇਤਰ ਵਿਚ ਆਪਣੀ ਵੱਖਰੀ ਤੇ ਉੱਘੀ ਪਛਾਣ ਬਣਾਉਣ ਵਾਲੇ ਪੰਜਾਬੀ ਕਵੀ ਅਤੇ ਗੀਤਕਾਰ ਨੰਦ ਲਾਲ ਨੂਰਪੁਰੀ ਕਿਸੇ ਵੀ ਬੰਧਨ ਵਿਚ ਬੱਝ ਕੇ ਰਹਿਣ ਨੂੰ ਤਿਆਰ ਨਹੀਂ ਸੀ ਜਿਸ ਨੂੰ ਸਮੇਂ ਦੇ ਹਾਲਾਤਾਂ ਨੇ ਕਾਫ਼ੀ ਨਿਰਾਸ਼ ਕੀਤਾ। ਉਸ ਦੇ ਗੀਤਾਂ ਅਤੇ ਗ਼ਜ਼ਲਾਂ ਵਿਚ ਨਿਰਾਸ਼ਾ ਦਾ ਰੰਗ ਨਜ਼ਰ ਆਉਣ ਲੱਗਾ। ਤੰਗੀਆਂ-ਤੁਰਸ਼ੀਆਂ ਦੇ ਚਲਦਿਆਂ ਉਸ ਦੇ ਮਨ ਵਿਚ ਹੌਲੀ-ਹੌਲੀ ਆਤਮਹੱਤਿਆ ਦੇ ਵਿਚਾਰ ਬਨਣ ਲੱਗੇ। ਆਪਣੀ ਦੁੱਖਾਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ । ਉਸਨੇ 13 ਮਈ 1966 ਨੂੰ ਰਾਤ ਵੇਲੇ ਅਪਣੇ ਘਰ ਦੇ ਨੇੜੇ ਇਕ ਖੂਹ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ
ਸਮਾਪਤ ਕਰ ਲਈ।
ਕਰੀਬ 60 ਸਾਲ ਦੀ ਉਮਰ ਵਿਚ ਇਸ ਰਾਂਗਲੇ ਕਵੀ ਨੇ ਸਵਾ ਕੁ ਸੌ ਕਾਵਿ-ਵਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। 1925 ਤੋਂ ਗੀਤ ਦੀ ਸਿਰਜਣਾ ਕਰਨ ਵਾਲੇ ਨੰਦ ਲਾਲ ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਇੱਕ ਸੁਚੱਜੀ ਤਰਤੀਬ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰੋ. ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿੱਚ ਨੰਦ ਲਾਲ ਨੂਰਪੁਰੀ ਕਾਵਿ ਸੰਗ੍ਰਹਿ ਸਿਰਲੇਖ ਹੇਠ ਛਾਪਿਆ। ਕਾਵਿ-ਵੰਨਗੀਆਂ, ਗੀਤ ਅਤੇ ਗ਼ਜ਼ਲਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਨੰਦ ਲਾਲ ਨੂਰਪੁਰੀ ਨੂੰ ਭਾਵੇਂ ਹਾਲਾਤਾਂ ਅਤੇ ਮੌਤ ਨੇ ਸਾਡੇ ਕੋਲੋਂ ਖੋਹ ਲਿਆ ਪਰ ਉਸ ਦੇ ਰਚੇ ਹੋਏ ਗੀਤਾਂ ਤੇ ਰਚਨਾਵਾਂ ਦੀਆਂ ਸਦਾ ਬਹਾਰ ਮਿੱਠੀਆਂ ਧੁਨਾਂ ਹਮੇਸ਼ਾ ਹੀ ਪੀੜ੍ਹੀ ਦਰ ਪੀੜ੍ਹੀ ਪੰਜਾਬੀਆਂ ਦੇ ਕੰਨਾਂ ਵਿਚ ਰਸ ਘੋਲਦੀਆਂ ਰਹਿਣਗੀਆਂ।
==================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880