ਅਲਗੋਜ਼ਿਆਂ ਦੀਆਂ ਧੁੰਨਾਂ ਤੇ ਆਪਣੀ ਲੰਮੀ ਹੇਕ ਦੇ ਨਾਲ ਸੰਗੀਤ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਨਰਿੰਦਰ ਬੀਬਾ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ। ਪੁਰਾਤਨ ਗਾਇਕੀ ਦੀਆਂ ਮਹਾਨ ਤੇ ਅਮਰ ਆਵਾਜ਼ਾਂ ਵਿੱਚ ਆਪਣੇ ਨਾਂ ਦੀ ਵਿਸ਼ੇਸ਼ ਥਾਂ ਸਥਾਪਿਤ ਕਰਨ ਵਾਲੀ ਨਰਿੰਦਰ ਬੀਬਾ ਦੀ ਵਿਲੱਖਣਤਾ ਝਲਕਦੀ ਹੈ। ਸੰਗੀਤ ਵਿਚ ਆਪਣੀ ਕਲਾ ਦੀ ਮੋਰਾਂ ਵਾਂਗੂੰ ਪੈਲਾਂ ਵਾਲੀ ਨਰਿੰਦਰ ਬੀਬਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸਾਬਤ ਸੂਰਤ ਮੂਰਤ ਹੈ। ਜੇ ਇਸ ਨੂੰ ਆਵਾਜ਼ -ਏ-ਮਾਲਿਕਾ ਜਾਂ ਲੰਮੀ ਹੇਕ ਦੀ ਮਲਿਕਾ ਕਹਿ ਦਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਉਹ ਲੰਮੀਆਂ ਹੇਕਾਂ ਦੇ ਨਾਲ ਗੀਤ ਰਿਕਾਰਡ ਵਿੱਚ ਸਭ ਤੋਂ ਮੋਹਰੀ ਰਹੀ ਹੈ। ਆਪਣੀ ਜੋਸ਼ੀਲੀ ਤੇ ਧਾਕੜ ਆਵਾਜ਼ ਦੇ ਨਾਲ ਸੰਗੀਤ ਦੇ ਵਿੱਚ ਧਾਂਕ ਜਮਾਉਣ ਵਾਲੀ ਨਰਿੰਦਰ ਬੀਬਾ ਦਾ ਜਨਮ ਅਣਵੰਡੇ ਪੰਜਾਬ ਦੇ ਚੱਕ ਨੰ.120 ਜ਼ਿਲ੍ਹਾ ਸਰਗੋਧਾ ਵਿਖੇ ਪਿਤਾ ਫ਼ਤਹਿ ਸਿੰਘ ਰਾਣਾ ਦੇ ਘਰ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੀ ਕੁੱਖੋਂ 13 ਅਪ੍ਰੈਲ 1941 ਨੂੰ ਹੋਇਆ। ਦੇਸ਼ ਦੀ ਵੰਡ ਮਗਰੋਂ ਇਹ ਪਰਿਵਾਰ ਪਾਕਿਸਤਾਨ ਤੋਂ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੁੰਮਣਾ ਵਿਖੇ ਆ ਕੇ ਵੱਸਣ ਲੱਗਾ। ਇੱਥੇ ਹੀ ਇਸ ਨੇ ਬੀ.ਏ.ਤੱਕ ਦੀ ਉੱਚ ਪੱਧਰੀ ਸਿੱਖਿਆ ਗ੍ਰਹਿਣ ਕਰਦਿਆਂ ਸੰਗੀਤ ਦਾ ਸ਼ੌਕ ਪਾਲਿਆ। ਪਿਤਾ ਨੇ ਇਸ ਦੀ ਸੰਗੀਤਕ ਰੁਚੀ ਨੂੰ ਵੇਖਦਿਆਂ ਹੋਇਆਂ ਇਸ ਨੂੰ ਗਾਇਕੀ ਵੱਲ ਪ੍ਰੇਰਿਤ ਕੀਤਾ। ਨਰਿੰਦਰ ਬੀਬਾ ਨੇ ਸੰਪੂਰਨ ਸਿੰਘ ਮੋਹਣ ਮਾਜਰਾ ਮੋਰਿੰਡਾ ਪਾਸੋਂ ਸੰਗੀਤ ਦੀ ਤਾਲੀਮ ਹਾਸਲ ਕਰਨ ਦੇ ਨਾਲ ਨਾਲ ਕਈ ਹੋਰ ਸੰਗਤੀਕ ਉਸਤਾਦਾਂ ਲੋਕਾਂ ਕੋਲੋਂ ਵੀ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ।ਹਰੀ ਦੇਵ ਕੋਲੋਂ ਸੰਗੀਤ ਦੀ ਸਿੱਖਿਆ ਲੈਣ ਉਪਰੰਤ ਇਸ ਨੇ ਸੰਗੀਤ ਦੀ ਐਮ.ਏ. ਵਿਚ ਨਿਪੁੰਨਤਾ ਹਾਸਲ ਕੀਤੀ। ਪਹਿਲਾਂ ਪਹਿਲ ਇਸ ਨੇ ਸ਼ਬਦ ਗੁਰਬਾਣੀ ਦਾ ਗਾਇਨ ਕੀਤਾ।ਫਿਰ ਇਸ ਨੇ ਗਾਇਕੀ ਦੇ ਸਥਾਪਤੀ ਲਈ ਲਾਲ ਚੰਦ ਯਮਲਾ ਜੱਟ ਜੀ ਤੋਂ ਸਟੇਜੀ ਗੁਰ ਸਿੱਖੇ। ਕਾਲਜ ਵਿੱਚ ਪੜ੍ਹਦਿਆਂ ਸਮੇਂ ਇਸ ਨੂੰ 1958 ਵਿਚ ਆਲ ਇੰਡੀਆ ਰੇਡੀਓ ਜਲੰਧਰ ਦੇ ਗੁਰਾਇਆ ਟਰਾਂਸਮੀਟਰ ਦੇ ਉਦਘਾਟਨ ਤੇ ਗਾਉਣ ਲਈ ਬੁਲਾਇਆ ਗਿਆ ਜਿੱਥੇ ਇਸਨੇ ''ਖੁਸ਼ੀ ਦੀ ਵੰਗਾਂ ਨੀ ਮੈਂ ਕੱਲ੍ਹ ਨੂੰ ਚੜਾਉਣੀਆਂ" ਗੀਤ ਗਾਇਆ। ਨਰਿੰਦਰ ਬੀਬਾ ਦਾ 1960 ਵਿਚ ਛੋਟੀ ਉਮਰੇ ਜਸਪਾਲ ਸਿੰਘ ਸੋਢੀ ਨਾਲ ਵਿਆਹ ਹੋਇਆ ਜੋਂ ਰੇਲਵੇ ਵਿਭਾਗ ਵਿਚ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ ਨਾਲ ਪੰਜਾਬ ਦੇ ਕਲਾਕਾਰਾਂ ਦੀਆਂ ਸਟੇਜਾਂ ਦਾ ਅਨਾਊਸਰ ਵਜੋਂ ਕਾਰਜ ਵੀ ਕਰਦਾ ਰਿਹਾ। ਉਸਨੇ ਆਪਣੀ ਪਤਨੀ ਨਰਿੰਦਰ ਬੀਬਾ ਦੀ ਗਾਇਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ। ਨਰਿੰਦਰ ਬੀਬਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਉਸ ਸਮੇਂ ਦੇ ਪ੍ਰਸਿੱਧ ਗਾਇਕ ਜਗਤ ਸਿੰਘ ਜੱਗਾ ਨਾਲ ਕੀਤੀ ਸੀ। 1962 ਵਿਚ ਨਰਿੰਦਰ ਬੀਬਾ ਨੇ ਹਰਚਰਨ ਗਰੇਵਾਲ ਨਾਲ ਗੁਰਦੇਵ ਸਿੰਘ ਮਾਨ ਦੇ ਲਿਖੇ ਦੋਗਾਣਿਆਂ ਦੀ ਪਹਿਲੀ ਰਿਕਾਡਿੰਗ ਐਚ.ਐਮ.ਵੀ. ਕੰਪਨੀ ਵਿਚ ਕਰਵਾਈ। ਜਿਸ ਦੇ ਬੋਲ ਸਨ:-ੳ ਅ ੲ ਸ ਹ ੳ ਅ ਵੇ ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾ ਵੇ ਦੂਜਾ ''ਅੱਡੀ ਮਾਰੀ ਕੇ ਝਾਂਜਰ ਛਣਕਾਈ ਮਿੱਤਰਾਂ ਦਾ ਬੂਹਾ ਲੰਘ ਕੇ '' ਇਹ ਗੀਤ ਇੰਨਾ ਪ੍ਰਸਿੱਧ ਹੋਏ ਕਿ ਅਕਾਸ਼ਬਾਣੀ ਰੇਡੀਓ ਤੋਂ ਰੋਜ਼ ਪ੍ਰਕਾਸ਼ਿਤ ਹੋਣ ਲੱਗੇ। ਨਰਿੰਦਰ ਬੀਬਾ ਆਪਣੇ ਸਰੋਤੇ ਲੋਕਾਂ ਦੀ ਹਰਮਨ ਪਿਆਰੀ ਗਾਇਕਾਂ ਬਣ ਗਈ। ਥੋੜੇ ਹੀ ਸਮੇਂ ਵਿੱਚ ਨਰਿੰਦਰ ਬੀਬਾ ਆਪਣੇ ਸਮਕਾਲੀ ਗਾਇਕਾਂ/ਗਾਇਕਾਵਾਂ ਵਿਚ ਆਪਣੀ ਜੋਸ਼ੀਲੀ ਤੇ ਸੁਰੀਲੀ ਆਵਾਜ਼ ਦੇ ਸਦਕੇ ਗਾਇਕੀ ਦੀਆਂ ਸਿਖਰਾਂ ਨੂੰ ਛੋਹਣ ਲੱਗੀ। ਉਸ ਤੋਂ ਬਾਅਦ ਉਸ ਨੇ ਆਪਣੇ ਸਮੇਂ ਦੇ ਇੱਕ ਤੋਂ ਇੱਕ ਸੁਪਰਪ੍ਰਸਿੱਧ ਗਾਇਕ ਨਾਲ ਗੀਤ/ ਦੋਗਾਣੇ ਰਿਕਾਰਡ ਕਰਵਾਏ ਜਿਵੇਂ ਕਿ:-ਹਰਚਰਨ ਗਰੇਵਾਲ, ਮੁਹੰਮਦ ਸਦੀਕ,ਕਰਨੈਲ ਗਿੱਲ, ਕਰਮਜੀਤ ਧੂਰੀ, ਕੇ.ਦੀਪ, ਰਮੇਸ਼ ਰੰਗੀਲਾ, ਇੰਦਰਜੀਤ ਸ਼ਰਮਾ,ਤਰਸੇਮ ਲਾਲ,ਗੁਰਦਿਆਲ ਨਿਰਮਾਣ ਧੂਰੀ ਵਾਲਾ, ਸਾਬਰ ਹੂਸੈਨ ਸਾਬਰ, ਸੀਤਲ ਸਿੰਘ ਸੀਤਲ,ਰਣਬੀਰ ਸਿੰਘ ਰਾਣਾ, ਗੁਰਚਰਨ ਪੋਹਲੀ, ਬੀਰ ਗੋਪੀ ਚੰਦ,ਫਕੀਰ ਸਿੰਘ ਫਕੀਰਾਂ ਅਤੇ ਜਗਜੀਤ ਜੀਰਵੀ ਵਰਗੇ ਅਨੇਕਾਂ। ਇੱਥੋਂ ਤੱਕ ਕਿ ਪੰਜਾਬੀ ਸੰਗੀਤ ਦੇ ਵਿੱਚ ਗੀਤਕਾਰੀ ਤੇ ਗਾਇਕੀ ਦੇ ਭੀਸ਼ਮ ਪਿਤਾਮਾ ਮੰਨੇ ਜਾਂਦੇ ਦੀਦਾਰ ਸੰਧੂ ਨੇ ਵੀ ਇਸ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਨਰਿੰਦਰ ਬੀਬਾ ਦੇ ਰਿਕਾਰਡ ਕਰਵਾਏ ਅਨੇਕਾਂ ਦੋਗਾਣੇ/ਗੀਤ ਉਸ ਦੀ ਕਾਬਲੀਅਤ ਅਤੇ ਸਾਦਗੀ ਦੀ ਤਸਵੀਰ ਪੇਸ਼ ਕਰਦੇ ਹਨ ਜਿਵੇਂ ਕਿ:- ਗੱਲ ਸੋਚ ਕੇ ਕਰੀਂ ਜੈਲਦਾਰਾਂ ਅਸਾਂ ਨੀ ਕਨੌੜ ਝੱਲਣੀ, ਮਾਹੀਂ ਵੇ ਲੈਣ ਕੇ ਛੁੱਟੀਆਂ ਮਹੀਨੇ ਦੀਆਂ ਆਂ, ਕਾਹਨੂੰ ਮਾਰਦਾ ਚੰਦਰਿਆ ਛਮਕਾਂ ਮੈਂ ਕੱਚ ਦੇ ਗਲਾਸ ਵਰਗੀ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ,ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਹੱਥੀਂ ਤੋਰ ਸੱਜਣਾਂ ਨੂੰ, ਭੱਖੜੇ ਨੇ ਪੈਰ ਘਾਲਤੇ ਜੁੱਤੀ ਲੈਂਦੇ ਮੁਲਾਹਜ਼ੇਦਾਰਾਂ, ਨਾਭੀ ਪੱਗ ਤੇ ਜ਼ਹਿਰ ਮੋਰੀ ਵਰਦੀ ਚੰਨਾਂ ਤੈਨੂੰ ਬੜੀ ਸੱਜਦੀ, ਗਲੀ ਗਲੀ ਵਣਜਾਰਾ ਫਿਰਦਾ ਵੰਗਾਂ ਵੇਚੇ ਕੱਚ ਦੀਆਂ,ਪਾਸੇ ਹੱਟ ਜਾ ਜ਼ਾਲਮਾਂ ਪੰਜਾਬਣ ਜੱਟੀ ਆਈ, ਆਹ ਲੈਣ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਤੇਰੀਆਂ ਮੁਹੱਬਤਾਂ ਨੇ, ਦਿਉਰਾਂ ਨੂੰ ਭਰਜਾਈਆਂ ਹੁਣ ਨਾ ਸਿਆਣ ਦੀਆਂ, ਸ਼ਹਿਰ ਲਾਹੌਰ ਅੰਦਰ,ਵਧਾਈਆਂ ਬੀਬੀ ਤੈਨੂੰ, ਲੱਡੂ ਖਾ ਕੇ ਤੁਰਦੀ ਬਣੀ,ਕੱਲ੍ਹ ਨਾ ਜਾਵੀਂ ਖੇਤ ਨੂੰ ,ਮੁੱਖ ਮੋੜ ਗਏ ਦਿਲਾਂ ਦੇ ਜਾਨੀ, ਤੈਨੂੰ ਪੱਗ ਬੰਨਣੀ ਨਾ ਆਵੇ, ਸਰਦਾਰਾਂ ਵੇਖ ਸਰਦਾਰਾਂ ਹੁਣ ਥੋੜ੍ਹੀ ਦਾਰੂ ਪੀ, ਰੋਕ ਡਰਾਈਵਰ ਗੱਡੀ ਵੇ, ਕੱਲਮ ਕੱਲੀ ਤੋੜਾਂ ਮੈਂ ਕਰੀਰ ਨਾਲੋਂ ਡੇਲੇ ਖੜਾ ਰਹਿ ਜ਼ਾਲਮਾਂ ਵੇ ਸਬੱਬੀਂ ਹੋ ਗਏ ਮੇਲੇ, ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ ,ਸੱਪਣੀ ਵਰਗੀ ਤੋਰ, ਸਾਉਣ ਦਾ ਮਹੀਨਾ ਪੀਂਘਾਂ ਝੂਟਣ ਕੁਆਰੀਆਂ, ਛਮਕ ਜਿਹੀ ਨਾਰ,ਭਾਵੇਂ ਬੂਟ ਸਣੇ ਲੱਤ ਮਾਰਦੇ, ਜੰਕਸਨ ਧੂਰੀ ਦਾ, ਨੀਂ ਕੁੜੀਏ ਗੁਲਾਬ ਰੰਗੀਲੇ, ਬਹਿ ਬਿੱਲੋ ਛਾਲ ਮਾਰਕੇ, ਵੇ ਝੁਮਕੇ ਬਣ ਮਿੱਤਰਾਂ, ਤੈਨੂੰ ਦੁਣੀ ਦਾ ਪਹਾੜਾਂ ਵੀ ਨੀਂ ਆਉਂਦਾ, ਪਿੰਜਰੇ ਵਿਚ ਤੋਤਾ ਬੋਲੇ, ਉੱਖੜ ਦੁੱਕੜ ਬੰਬੇ ਭੌ, ਮਾਹੀ ਵੇ ਲੌਗ ਗਵਾ ਆਈ ਆ, ਤੇਰੇ ਮਿੱਠੜੇ ਨੀਂ ਬੋਲ, ਪਿੱਪਲਾਂ ਦੀ ਠੰਡੀ ਠੰਡੀ ਛਾਂ ਮੁੰਡਿਆਂ, ਭੱਠੀ ਉੱਤੇ ਖੜ ਕੇ ਦਾਣੇ ਮੈ ਭਨਾਉਣੀ ਐ ਤੇਰੀਆਂ ਖਿੱਲਾਂ ਤੇ ਮੇਰੇ ਰੋੜ ਮੁੰਡਿਆਂ ਅਤੇ ਮੇਰੀ ਛੋਲਿਆਂ ਦੀ ਦਾਲ ਕਰਾਰੀ ਭਾਈ ਜੀ ਦੇ ਮੂੰਹ ਲੱਗ ਗਈ ਵਰਗੇ ਹਜ਼ਾਰਾਂ ਹੀ ਹੋਰ ਸੱਭਿਆਚਾਰਕ ਗੀਤ। ਨਰਿੰਦਰ ਬੀਬਾ ਪੰਜਾਬੀ ਸੰਗੀਤ ਇੰਡਸਟਰੀ ਦੀ ਇੱਕ ਅਜਿਹੀ ਭਾਰਤੀ ਲੋਕ ਗਾਇਕਾ ਹੈ ਜਿਸ ਨੂੰ ਗਾਇਕੀ ਦੇ ਖੇਤਰ ਵਿਚ ਬੜੇ ਮਾਣ ਸਤਿਕਾਰ ਨਾਲ ਨਿਵਾਜਿਆ ਗਿਆ ਹੈ। ਕਿਉਂਕਿ ਉਸਨੇ ਆਪਣੇ ਸੱਭਿਆਚਾਰਕ ਰੰਗ ਤੋਂ ਇਲਾਵਾ ਧਾਰਮਿਕ ਖੇਤਰ ਦੇ ਅਜਿਹੇ ਲਾਸਾਨੀ ਸ਼ਹਾਦਤਾਂ ਭਰੇ ਸਾਕਿਆਂ ਨੂੰ ਛੋਹਿਆ ਹੈ ਜੋਂ ਉਸ ਦੀ ਗਾਇਕੀ ਦਾ ਮੀਲ ਪੱਥਰ ਸਥਾਪਤ ਕਰ ਗਏ । ਜਿਵੇਂ ਕਿ:-ਸਾਕਾ ਸਰਹੰਦ, ਚਮਕੌਰ ਸਾਹਿਬ, ਸਾਕਾ ਚਾਂਦਨੀ ਚੌਕ, ਸਿੰਘਾਂ ਦੀਆਂ ਕੁਰਬਾਨੀਆਂ, ਏਕਤਾ ਦਾ ਪੁਜਾਰੀ ਗੁਰੂ ਰਵਿਦਾਸ ਅਤੇ ਜੀਵਨੀ ਗੁਰ ਰਵਿਦਾਸ ਆਦਿ। ਸੱਭਿਆਚਾਰ ਅਤੇ ਧਾਰਮਿਕ ਗੀਤਾਂ ਨਾਲ ਆਪਣੀ ਗਾਇਕੀ ਦਾ ਲੋਹਾ ਮਨਾਵਾਉਣ ਵਾਲੀ ਨਰਿੰਦਰ ਬੀਬਾ ਨੇ ਆਪਣੇ ਸਮੇਂ ਦੀਆਂ ਸਿਰਮੌਰ ਕਲਮਾਂ ਜਿਨ੍ਹਾਂ ਵਿਚ: ਗੁਰਦੇਵ ਸਿੰਘ ਮਾਨ, ਦੇਵ ਥਰੀਕੇ ਵਾਲਾ, ਚਰਨ ਸਿੰਘ ਸਫ਼ਰੀ,ਬਾਬੂ ਸਿੰਘ ਮਾਨ, ਦੀਪਕ ਜੈਤੋਈ, ਚੰਨ ਗੁਰਾਇਆਂ ਵਾਲਾ,ਇੰਦਰਜੀਤ ਹਸਨਪੁਰੀ, ਚਤਰ ਸਿੰਘ ਪਰਵਾਨਾ, ਸਾਜਨ ਰਾਏਕੋਟੀ, ਦੀਦਾਰ ਸੰਧੂ, ਨੰਦ ਲਾਲ ਨੂਰਪੁਰੀ, ਗਿੱਲ ਨੱਥੋਹੇੜੀ ਵਾਲਾ, ਸਨਮੁੱਖ ਸਿੰਘ ਆਜ਼ਾਦ, ਗਿੱਲ ਜੱਬੋ ਮਾਜਰੇ ਵਾਲਾ, ਰਾਮ ਸ਼ਰਨ ਜੋਸ਼ੀਲਾ, ਕੇ.ਐਲ.ਅਗਨੀਹੋਤਰੀ,ਹਰਨੇਕ ਸਿੰਘ ਸੋਹੀ ਅਤੇ ਲਾਲ ਸਿੰਘ ਲਾਲੀ ਵਰਗਿਆਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਵਿਚ ਗਾ ਕੇ ਆਪਣੀ ਗਾਇਕੀ ਦਾ ਇੱਕ ਅਨੌਖਾ ਇਤਿਹਾਸ ਸਿਰਜਿਆ। ਨਰਿੰਦਰ ਬੀਬਾ ਨੇ ਆਪਣੀ ਗਾਇਕੀ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਜਿਵੇਂ ਕਿ:- ਤੇਰੀ ਮੇਰੀ ਇੱਕ ਜਿੰਦੜੀ, ਦਾਜ, ਸੰਤੋਂ ਬੰਤੋ, ਸੁੱਖੀ ਪਰਿਵਾਰ, ਯਮਲਾ ਜੱਟ ਅਤੇ ਪੁੱਤ ਜੱਟਾਂ ਦੇ ਆਦਿ ਵਰਗੀਆਂ ਫਿਲਮਾਂ ਵਿੱਚ ਪਲੈਅਬੈਕ ਸਿੰਗਰ ਵਜੋਂ ਆਪਣੇ ਸਮਕਾਲੀ ਗਵੱਈਆਂ ਦੇ ਨਾਲ ਗੀਤ ਗਾ ਕੇ ਆਪਣੀ ਗਾਇਕੀ ਨੂੰ ਹੋਰ ਨਿਹਾਰਿਆ । ਨਰਿੰਦਰ ਬੀਬਾ ਨੂੰ ਹਿੰਦੀ ਫ਼ਿਲਮਾਂ ਦੇ ਬਲਾਕਸ ਬਲਾਸਟਰ ਮੰਨੇ ਜਾਂਦੇ ਮਹਾਨ ਸਿੰਗਰ ਮੁਹੰਮਦ ਰਫ਼ੀ ਦੇ ਨਾਲ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਦੇਸ਼ ਵਿਦੇਸ਼ ਦੀ ਧਰਤ ਤੇ ਆਪਣੀ ਗਾਇਕੀ ਦੀ ਮਹਿਕ ਵਿਖੇਰਨ ਵਾਲੀ ਨਰਿੰਦਰ ਬੀਬਾ ਏਜੰਟ ਵਲੋਂ ਲਾਈ ਠੱਗੀ ਦੇ ਕਾਰਨ ਅੰਦਰੋਂ ਅੰਦਰੀ ਬਿਮਾਰ ਰਹਿਣ ਕਰਕੇ 27 ਜੂਨ1997 ਨੂੰ ਸਦਾ ਲਈ ਸਾਡੇ ਕੋਲੋਂ ਵਿਛੜੀ ਗਈ। ਪਰ ਸੰਗੀਤ ਦੇ ਖੇਤਰ ਵਿਚ ਅਲਗੋਜ਼ਿਆਂ ਦੀਆਂ ਧੁੰਨਾਂ ਤੇ ਲਾਈਆਂ ਉਸ ਦੀਆਂ ਲੰਮੀਆਂ ਹੇਕਾਂ ਅੱਜ ਵੀ ਉਸਦੀ ਸੱਭਿਆਚਾਰਕ ਗਾਇਕੀ ਦੀ ਤਰਜਮਾਨੀ ਕਰਦੀਆਂ ਹਨ।
==================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880