ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਗਈ ਹੈ। ਉਹ ਹੁਣ ਹੋਰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਰਹਿਣਗੇ, ਜਿਸ ਦਾ ਮਤਲਬ ਹੈ ਕਿ ਉਹ ਹੁਣ 2 ਅਗਸਤ ਤੱਕ ਜੇਲ੍ਹ ‘ਚ ਬੰਦ ਰਹਿਣਗੇ। ਇਸ ਤੋਂ ਪਹਿਲਾਂ ਵੀ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਸੀ ਤੇ ਉਨ੍ਹਾ ਦੀ ਇਹ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਮੁਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ।
ਉੱਥੇ ਹੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਅੱਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਜੀਠੀਆ ਦੀਆਂ ਕਥਿਤ ਬੇਨਾਮੀਆਂ ਪ੍ਰਾਪਰਟੀਆਂ ‘ਤੇ ਰੇਡ ਕੀਤੀ ਹੈ। ਵਿਜੀਲੈਂਸ ਟੀਮ ਸਬੂਤ ਇਕੱਠਾ ਕਰਨ ‘ਚ ਜੁੱਟੀ ਹੈ। ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਸ਼ੈੱਲ ਕੰਪਨੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਬਿਕਰਮ ਮਜੀਠੀਆ ਦੇ ਟਿਕਾਣਿਆਂ ‘ਤੇ ਐਸਆਈਟੀ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਸਾਂਝੇ ਆਪ੍ਰੇਸ਼ਨ ਰਾਹੀਂ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਚੰਡੀਗੜ੍ਹ ‘ਚ ਬਿਕਰਮ ਮਜੀਠੀਆ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਦੀ ਟੀਮ ਦਿੱਲੀ ਦੇ ਸੈਨਿਕ ਫਾਰਮ ‘ਤੇ ਵੀ ਜਾਂਚ ਕਰ ਰਹੀ ਹੈ। ਸੈਨਿਕ ਫਾਰਮ ਦਾ ਨਾਮ ਬਿਕਰਮ ਮਜੀਠੀਆ ਦੀਆਂ ਬੇਨਾਮੀ ਜਾਇਦਾਦਾਂ ਦੀ ਸੂਚੀ ‘ਚ ਹੈ। ਇਨ੍ਹਾਂ ਬੇਨਾਮੀ ਜਾਇਦਾਦਾਂ ਦੀ ਕੀਮਤ 150 ਤੋਂ 200 ਕਰੋੜ ਦੱਸੀ ਜਾਂਦੀ ਹੈ।
ਛਾਪੇਮਾਰੀ ਦੌਰਾਨ ਸਬੂਤ ਇਕੱਠੇ ਕਰਨ ਲਈ ਤਕਨੀਕੀ ਟੀਮ ਵੀ ਵਿਜੀਲੈਂਸ ਨਾਲ ਮੌਜੂਦ ਹੈ। ਇਸ ਦੇ ਨਾਲ ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕੰਪਨੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ੈੱਲ ਕੰਪਨੀਆਂ ਰਾਹੀਂ ਡਰੱਗ ਮਨੀ ਸਰਕੂਲੇਟ ਕਰਨ ਦਾ ਸ਼ੱਕ ਹੈ। ਮਜੀਠੀਆ ਮਾਮਲੇ ‘ਚ ਗਵਾਹਾਂ ਦੇ ਬਿਆਨਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।