"ਬਾਲ ਸਭਾ" ਸਰਕਾਰੀ ਸਕੂਲਾਂ ਵਿੱਚ ਸ਼ਨੀਵਾਰ ਵਾਲ਼ੇ ਦਿਨ ਅੱਧੀ ਛੁੱਟੀ ਤੋਂ ਬਾਅਦ ਸਾਰੇ ਸਕੂਲਾਂ ਵਿੱਚ ਬੱਚਿਆਂ ਦੁਆਰਾ ਬਾਲ ਸਭਾ ਲਗਾਈ ਜਾਂਦੀ ਹੈ। ਬਾਲ ਸਭਾ ਬੱਚਿਆਂ ਨੂੰ ਬਾਲ ਸਾਹਿਤ ਅਤੇ ਸਾਹਿਤ ਨਾਲ਼ ਜੋੜਦੀ ਹੈ। ਅਧਿਆਪਕ ਬਾਲ ਸਭਾ ਦੌਰਾਨ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਹਨ। ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਬਾਲ ਸਭਾ ਦੌਰਾਨ ਨੰਨ੍ਹੇ-ਮੁੰਨੇ ਬੱਚੇ ਬਾਲਗੀਤ, ਗੀਤ,ਕਵਿਤਾਵਾਂ,ਸ਼ੇਅਰ,ਚੁਟਕਲੇ ਆਦਿ ਸੁਣਾਉਂਦੇ ਹਨ। ਨਾਟਕ,ਡਰਾਮਾ,ਕੋਰੀਓਗ੍ਰਾਫ਼ੀ,ਡਾਂਸ,ਮਮਿਕਰੀ ਕਰਦੇ ਹਨ।ਸੰਗੀਤ ਸਿੱਖਦੇ ਤੇ ਗਿੱਧਾ-ਭੰਗੜਾ ਪਾਉਂਦੇ ਹਨ। ਇਸ ਦਿਨ ਬੱਚੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ। ਬੱਚੇ ਇਸ ਦਿਨ ਦਾ ਬੇ-ਸਬਰੀ ਨਾਲ਼ ਇੰਤਜ਼ਾਰ ਕਰਦੇ ਹਨ। ਉਹ ਕੋਈ ਨਾ ਕੋਈ ਆਇਟਮ ਯਾਦ ਕਰਕੇ ਆਉਂਦੇ ਹਨ। ਤਾਂ ਜੋ ਸਾਰੇ ਬੱਚਿਆਂ ਦੇ ਸਾਹਮਣੇ ਉਹ ਬਿਨਾਂ ਝਿਜਕ ਸੁਣਾ ਸਕਣ। ਇਸ ਤਰ੍ਹਾਂ ਬੱਚਿਆਂ ਅੰਦਰ ਮਾਇਕ ਵਿੱਚ ਬੋਲਣ ਦਾ ਰੁਝਾਨ ਵਧਦਾ ਹੈ। ਬੱਚੇ ਬਾਲਗੀਤ,ਗੀਤ,ਕਵਿਤਾ,ਸ਼ੇਅਰ,ਲੇਖ ਕਹਾਣੀ ਖੁਦ ਲਿਖ ਕੇ ਬਾਲ ਸਭਾ ਵਿੱਚ ਸੁਣਾਉਂਦੇ ਹਨ। ਇਹਨਾਂ ਬੱਚਿਆਂ ਵਿੱਚੋਂ ਹੀ ਵੱਡੇ ਹੋ ਕੇ ਕਵੀ,ਲੇਖਕ, ਕਹਾਣੀਕਾਰ,ਗਾਇਕ, ਕੋਰੀਓਗ੍ਰਾਫ਼ਰ,ਕਲਾਕਾਰ,ਸਾਹਿਤਕਾਰ ਆਦਿ ਬਣਦੇ ਹਨ। ਜੋ ਆਪਣੀ ਮਿਹਨਤ ਸਦਕਾ ਬੁਲੰਦੀਆਂ ਨੂੰ ਛੂੰਹਦੇ ਹਨ। ਬਾਲ ਸਭਾ ਬਾਲ ਕਲਾਕਾਰ ਪੈਦਾ ਕਰਦੀ ਹੈ। ਬੱਚੇ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਜਾਰੀ ਕਰਵਾ ਕੇ ਪੜ੍ਹਦੇ ਹਨ। ਬਾਲ ਸਭਾ ਦੌਰਾਨ ਪੜ੍ਹੀ ਗਈ ਕਿਤਾਬ ਬਾਰੇ ਹੋਰ ਬੱਚਿਆਂ ਨੂੰ ਦੱਸਦੇ ਹਨ। ਬਾਲ ਸਭਾ ਦੌਰਾਨ ਬੱਚੇ ਸਿੱਖਦੇ ਹਨ, ਉਸਦਾ ਅਭਿਆਸ ਕਰਦੇ ਹਨ। ਉਹ ਸਕੂਲ ਸਮਾਗਮ, ਵਿੱਦਿਅਕ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ ਅਤੇ ਇਨਾਮ,ਐਵਾਰਡ ਪ੍ਰਾਪਤ ਕਰਦੇ ਹਨ। ਸਵੇਰ ਦੀ ਸਭਾ, ਜਿੱਥੇ ਪ੍ਰਾਰਥਨਾ, ਰੋਜ਼ਾਨਾ ਸਲਾਈਡ ਜਾਂ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਉੱਥੇ ਵੀ ਇਹ ਬੱਚੇ ਆਪਣੀ ਪੇਸ਼ਕਾਰੀ ਕਰਦੇ ਰਹਿੰਦੇ ਹਨ।ਇਹ ਬੱਚਿਆਂ ਨੂੰ ਸਿੱਖਿਆ ਅਤੇ ਸਮਾਜਿਕ ਮੁੱਲ ਸਿਖਾਉਣ ਦਾ ਇੱਕ ਵਧੀਆ ਤਰੀਕਾ ਹੁੰਦਾ ਹੈ। ਕੁਝ ਸੰਸਥਾਵਾਂ ਵੱਲੋਂ ਬਾਲ ਪ੍ਰੋਗਰਾਮ ਲਈ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਜਿੱਥੇ ਉਹ ਧਾਰਮਿਕ, ਸੱਭਿਆਚਾਰਕ ਜਾਂ ਨੈਤਿਕ ਸਿੱਖਿਆ ਪ੍ਰਾਪਤ ਕਰਦੇ ਹਨ। ਇਹ ਸਭਾਵਾਂ ਅਕਸਰ ਬੱਚਿਆਂ ਵਿੱਚ ਸਮਾਜਿਕ,ਸੱਭਿਆਚਾਰਕ, ਨੈਤਿਕ ਮੁੱਲਾਂ ਨੂੰ ਪ੍ਰੋਤਸਾਹਿਤ ਕਰਨ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸ ਲਈ ਬਾਲ ਸਭਾ ਦੇ ਜਰੀਏ ਬੱਚੇ ਕੁੱਝ ਨਵਾਂ ਕਰਨਾ ਸਿੱਖਦੇ ਹਨ। ਬਾਲ ਕਲਾਕਾਰ ਪ੍ਰੋਗਰਾਮਾਂ ਵਿੱਚ ਆਪਣੀ ਕਮਾਲ ਦੀ ਪੇਸ਼ਕਾਰੀ ਨਾਲ਼ ਸਰੋਤਿਆ ਦਾ ਦਿਲ ਜਿੱਤ ਲੈਂਦੇ ਹਨ। ਇਸ ਲਈ ਹਰੇਕ ਬਾਲ ਨੂੰ ਚਾਹੀਦਾ ਹੈ ਕਿ ਉਹ ਬਾਲ ਸਭਾ ਦੌਰਾਨ ਆਪਣੀ ਦਿਲਚਸਪੀ ਅਨੁਸਾਰ ਕੁੱਝ ਨਾ ਕੁੱਝ ਜ਼ਰੂਰ ਸਿੱਖਣ, ਜੋ ਉਹਨਾਂ ਦੇ ਭਵਿੱਖ ਦਾ ਰਾਹ ਬਣੇਗਾ।
ਕੁਲਦੀਪ ਸਿੰਘ ਫਤਿਹ ਮਾਜਰੀ
ਮੋ. 81460-00612