ਇੱਕ ਵਾਰ ਦੀ ਗੱਲ ਹੈ। ਦੂਰ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ। ਉਸਦਾ ਨਾਂ ਸੀ ਭੀਰੂ। ਭੀਰੂ ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਤਾਂ ਸੀ ਹੀ , ਪਰ ਬੜਾ ਬੁੱਧੀਮਾਨ ਅਤੇ ਚਤੁਰ ਵੀ ਸੀ। ਬਰਸਾਤ ਦਾ ਮੌਸਮ ਆਇਆ ਤਾਂ ਭੀਰੂ ਨੇ ਸਭ ਦੇ ਭਲੇ ਦੇ ਲਈ ਆਪਣੇ ਸਕੂਲ , ਆਪਣੇ ਘਰ , ਆਪਣੇ ਖੇਤਾਂ , ਆਪਣੇ ਆਲ਼ੇ - ਦੁਆਲ਼ੇ ਤੇ ਦੂਰ - ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਪੌਦੇ ਲਗਾਉਣੇ ਆਰੰਭ ਕੀਤੇ। ਉਸਦੇ ਨਾਲ਼ ਦੇ ਦੋਸਤਾਂ ਨੇ ਉਸ ਦਾ ਮਜਾਕ ਉਡਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਚੰਗਾ - ਮੰਦਾ ਕਿਹਾ , ਉਸਦੀ ਖਿੱਲੀ ਉਡਾਈ। ਪਰ ਭੀਰੂ ਨੂੰ ਆਪਣੀ ਨਿਸ਼ਕਾਮ ਮਿਹਨਤ ਅਤੇ ਪਰਮਾਤਮਾ 'ਤੇ ਪੂਰਾ ਭਰੋਸਾ ਸੀ। ਉਸ ਨੂੰ ਪੂਰਾ ਯਕੀਨ ਸੀ ਕਿ ਇਹਨਾਂ ਪੌਦਿਆਂ ਦੀ ਉਹ ਸੰਭਾਲ ਕਰੇਗਾ ਤੇ ਇਹ ਪੌਦੇ ਇੱਕ ਦਿਨ ਜਰੂਰ ਵਾਤਾਵਰਨ , ਪੰਛੀਆਂ ਤੇ ਜੰਗਲੀ ਜਾਨਵਰਾਂ ਦੇ ਲਈ ਲਾਭਦਾਇਕ ਹੋਣਗੇ। ਸਮਾਂ ਬੀਤਦਾ ਗਿਆ। ਭੀਰੂ ਨੇ ਲਗਾਏ ਹੋਏ ਪੌਦਿਆਂ ਦੀ ਸੱਚੇ ਦਿਲੋਂ ਸੇਵਾ ਕੀਤੀ ਤੇ ਉਹਨਾਂ ਦੀ ਸੰਭਾਲ ਕੀਤੀ। ਉਹ ਗਰਮੀ ਦੇ ਮੌਸਮ ਵਿੱਚ ਵੀ ਪੌਦਿਆਂ ਨੂੰ ਪਾਣੀ ਪਾਉਂਦਾ ਰਿਹਾ। ਹੌਲੀ - ਹੌਲੀ ਉਸਦੇ ਲਗਾਏ ਪੌਦੇ ਵੱਡੇ ਹੋ ਗਏ। ਇਹਨਾਂ ਨੂੰ ਫਲ਼ ਲੱਗਣੇ ਅਰੰਭ ਹੋ ਗਏ। ਪੰਛੀ ਉਹਨਾਂ 'ਤੇ ਆਲ੍ਹਣੇ ਪਾਉਣ ਲੱਗੇ। ਇੱਕ ਦਿਨ ਭੀਰੂ ਦੀ ਕੋਸ਼ਿਸ਼ ਰੰਗ ਲਿਆਈ। ਉਸ ਵੱਲੋਂ ਕੀਤੇ ਚੰਗੇ ਕੰਮਾਂ ਦੇ ਲਈ ਉਸ ਨੂੰ ਸਨਮਾਨ ਮਿਲਿਆ। ਜਿਹੜੇ ਲੋਕ ਉਸਦਾ ਮਜਾਕ ਉਡਾਉਂਦੇ ਸਨ , ਉਸਦੀ ਵਿਰੋਧਤਾ ਕਰਦੇ ਸਨ , ਹੁਣ ਉਹ ਸ਼ਰਮਿੰਦਾ ਸਨ ਤੇ ਉਹ ਅੱਜ ਵੀਰੂ ਨੂੰ ਵਧਾਈ ਦੇ ਰਹੇ ਸਨ। ਉਹਨਾਂ ਨੇ ਭੀਰੂ ਕੋਲੋਂ ਮਾਫੀ ਵੀ ਮੰਗੀ , ਪਰ ਭੀਰੂ ਨੇ ਕਿਹਾ , " ਨਹੀਂ ! ਮੇਰੇ ਦੋਸਤੋ ! ਭਾਵੇਂ ਮੇਰਾ ਕਿਸੇ ਨੇ ਮਜ਼ਾਕ ਉਡਾਇਆ , ਮੇਰੀ ਖਿੱਲੀ ਉਡਾਈ ਤੇ ਮੇਰੀ ਬਿਨਾਂ ਵਜਾਹ ਵਿਰੋਧਤਾ ਕੀਤੀ , ਪਰ ਮੈਨੂੰ ਪਤਾ ਸੀ ਕਿ ਮੈਂ ਚੰਗੇ ਤੇ ਪਰਉਪਕਾਰੀ ਕੰਮ ਕਰਦਾ ਹਾਂ ਤੇ ਕਰਦਾ ਰਹਾਂਗਾ ; ਭਾਵੇਂ ਕੋਈ ਮੇਰੀ ਵਿਰੋਧਤਾ ਕਰੇ , ਭਾਵੇਂ ਮੇਰੀ ਕੋਈ ਇੱਜਤ ਨਾ ਕਰੇ , ਭਾਵਾਂ ਮੈਨੂੰ ਕੋਈ ਸ਼ਾਬਾਸ਼ ਨਾ ਦੇਵੇ ; ਕਿਉਂਕਿ ਪਰਮਾਤਮਾ ਤਾਂ ਸਭ ਦੇਖ ਹੀ ਰਿਹਾ ਹੈ ਤੇ ਕੁਦਰਤ ਸਾਡੇ ਹਰ ਕਰਮ ਦਾ ਸਾਨੂੰ ਫ਼ਲ਼ ਜ਼ਰੂਰ ਹੀ ਦਿੰਦੀ ਹੈ। " ਭੀਰੂ ਦੀਆਂ ਇਹ ਗੱਲਾਂ ਸੁਣ ਕੇ ਹੁਣ ਉਸਦੇ ਦੋਸਤ ਬਹੁਤ ਸ਼ਰਮਿੰਦਾ ਸਨ। ਭੀਰੂ ਨੇ ਉਹਨਾਂ ਦੋਸਤਾਂ ਨੂੰ ਮਾਫ ਕਰ ਦਿੱਤਾ ਸੀ।
ਸਿੱਖਿਆ : ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਪਰਉਪਕਾਰ ਭਾਵਨਾ ਨਾਲ਼ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ , ਭਾਵੇਂ ਕੋਈ ਸਾਡੀ ਸਿਫਤ ਕਰੇ ਜਾਂ ਨਾ ਕਰੇ। ਭਾਵੇਂ ਕੋਈ ਸਾਡੀ ਵਿਰੋਧਤਾ ਕਰੇ , ਪਰ ਸਾਨੂੰ ਚੰਗੀ ਕੋਸ਼ਿਸ਼ ਜਰੂਰ ਕਰਦੇ ਰਹਿਣਾ ਚਾਹੀਦਾ ਹੈ ; ਕਿਉਂਕਿ ਕੋਸ਼ਿਸ਼ ਕਰਨ ਵਾਲ਼ੇ ਹੀ ਇੱਕ ਦਿਨ ਮੰਜ਼ਿਲਾਂ ਸਰ ਕਰਦੇ ਨੇ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
ਲੇਖਕ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦੋ ਵਾਰ ਦਰਜ ਹੈ।
ਪ੍ਰਧਾਨ , ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ । ਸੈਕਟਰੀ ਪੰਜਾਬ ਕੁਰੱਪਸ਼ਨ ਐਂਡ ਕ੍ਰਾਈਮ ਕੰਟਰੋਲ ਆਰਗੇਨਾਈਜ਼ੇਸ਼ਨ/ ਟਰੱਸਟ ਇੰਡੀਆ।