ਮਿਲਵੁਡ ਕਲਚਰਲ ਸੁਸਾਇਟੀ ਐਡਮਿੰਟਨ ਵਿਖੇ ਪ੍ਰੋ. ਬਲਤੇਜ ਸਿੰਘ ਗਿੱਲ, ਰੇਸ਼ਮ ਸਿੰਘ ਬਰਾੜ ਅਤੇ ਅਮਰਜੀਤ ਸਿੰਘ ਸੰਧੂ ਦੇ ਉੱਦਮ ਸਦਕਾ ਨਵਦੀਪ ਸਿੰਘ ਬੱਬੂ ਬਰਾੜ ਦਾ ਸਨਮਾਨ ਅਤੇ ਅਵਤਾਰ ਸਿੰਘ ਬਰਾੜ ਦੀਆਂ ਅਭੁੱਲ ਯਾਦਾਂ ਦੀ ਪੁਸਤਕ ਦਾ ਵਿਮੋਚਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਪੁਸਤਕ ਦੇ ਲੇਖਕ ਹਨ ਨਿੰਦਰ ਘੁਗਿਆਣਵੀਂ। ਮੁੱਖ ਮਹਿਮਾਨ ਵਜੋਂ ਵਰਤਮਾਨ ਐਮ.ਐਲ.ਏ. ਜਸਬੀਰ ਸਿੰਘ ਦਿਉਲ ਅਤੇ ਐਮ.ਐਲ.ਏ. ਗੁਰਤੇਜ ਬਰਾੜ ਨੇ ਸ਼ਿਰਕਤ ਕੀਤੀ।
ਖਚਾ ਖਚ ਭਰੇ ਹੋਏ ਇਸ ਸੁਸਾਇਟੀ ਹਾਲ ਵਿਚ ਸਭਾ ਦੇ ਪ੍ਰਧਾਨ ਸੌਦਾਗਰ ਸਿੰਘ ਨੇ ਜੀ ਆਇਆਂ ਸ਼ਬਦ ਕਹੇ ਅਤੇ ਸਭ ਦਾ ਸਵਾਗਤ ਕੀਤਾ। ਇਸ ਮੌਕੇ ’ਤੇ ਪ੍ਰੋ. ਬਲਤੇਜ ਸਿੰਘ ਗਿੱਲ ਨੇ ਮੌਜੂਦਾ ਹਾਲਾਤਾਂ ਉੱਪਰ ਆਪਣੇ ਵਿਚਾਰ ਰੱਖੇ। ਐਮ.ਐਲ.ਏ. ਜਸਬੀਰ ਦਿਉਲ ਅਤੇ ਗੁਰਤੇਜ ਬਰਾੜ ਨੇ ਪੰਜਾਬ ਦੀਆਂ ਵਰਤਮਾਨ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਅਤੇ ਆਪਣੀਆਂ ਸੇਵਾਵਾਂ ਪ੍ਰਤੀ ਸੁਹਿਰਦਤਾ ਦਾ ਪ੍ਰਣ ਲਿਆ। ਈਮਾਨਦਾਰ ਅਤੇ ਨਿਰਪੱਖ ਸੇਵਾਵਾਂ ਦੇਣ ਦਾ ਵਾਅਦਾ ਕੀਤਾ। ਸਤੀਸ਼ ਕੁਮਾਰ ਸੱਚਦੇਵਾ ਨੇ ਅਪਣੇਂ ਨਿੱਜੀ ਤਜ਼ੁਰਬੇ ਸਭ ਨਾਲ ਸਾਂਝੇ ਕੀਤੇ। ਵਿਸ਼ੇਸ਼ ਤੌਰ ’ਤੇ ਪੰਜਾਬ ਤੋਂ ਪਹੁੰਚੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਨੇ ਅਪਣੇਂ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਈਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੇ ਪਿਤਾ ਸਵ. ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਨੇ ਅਪਣੀਆਂ ਸੇਵਾਵਾਂ ਹਮੇਸ਼ਾ ਹੀ ਪਾਰਦਰਸ਼ੀ ਅਤੇ ਸੁਹਿਰਦਤਾ ਨਾਲ ਨਿਭਾਈਆਂ ਸਨ। ਉਨ੍ਹਾਂ ਦੀਆਂ ਨੀਂਹਾਂ ’ਤੇ ਚੱਲਦੇ ਹੀ ਅਸੀਂ ਆਪਣੇ ਫ਼ਰਜ਼ ਨਿਭਾ ਰਹੇ ਹਾਂ। ਉਨ੍ਹਾਂ ਵਲੋਂ ਚਲਾਈ ਗਈ ਸੁਸਾਇਟੀ ਵਲੋਂ ਹਰ ਸਾਲ ਇੱਕੀ ਹਜ਼ਾਰ ਰੁੱਖ ਲੋਕਾਂ ਨੂੰ ਮੁਫ਼ਤ ਤਕਸੀਮ ਕੀਤੇ ਜਾਂਦੇ ਹਨ ਅਤੇ ਹਰ ਸਾਲ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਉਹ ਅਪਣੀ ਕਾਰਜਸ਼ੀਲਤਾ ਨੂੰ ਈਮਾਨਦਾਰੀ ਨਾਲ ਸੱਚ ਦੀ ਓਟ ਲੈ ਕੇ ਸਮਰਪਿਤ ਕਰਦੇ ਰਹਿਣਗੇ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਬਰਾੜ, ਟੋਨੀ ਅਰੋੜਾ, ਜਲੰਧਰੀ ਸਿੱਧੂ, ਸਤਨਾਮ ਸਿੰਘ ਅੱਜ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਦੇ ਫ਼ਰਜ਼ ਸੁਖਦੇਵ ਸਿੰਘ ਬੈਨੀਪਾਲ ਨੇ ਬਾਖ਼ੂਬੀ ਨਿਭਾਏ।
ਬਲਵਿੰਦਰ ਬਾਲਮ ਗੁਰਦਾਸਪੁਰ
ਐਡਮਿੰਟਨ ਕੈਨੇਡਾ
9815625409