ਬਰਨਾਲਾ, 13 ਅਗਸਤ (ਧਰਮਪਾਲ ਸਿੰਘ): ਸਥਾਨਕ ਸ਼੍ਰੀ ਆਦਿ ਸ਼ਕਤੀ ਮੰਦਰ ਵੱਲੋਂ ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਸਜਾਈ ਗਈ। ਇਹ ਯਾਤਰਾ ਅਜੇ ਮੰਦਰ ਤੋਂ ਥੋੜ੍ਹੀ ਦੂਰ ਕੱਚਾ ਕਾਲਜ ਰੋਡ 'ਤੇ ਖੱਤਰੀਆਂ ਵਾਲੀ ਗਲੀ ਨੇੜੇ ਪੁੱਜੀ ਤਾਂ ਟਰੈਫਿਕ ਹੌਚ ਪੌਚ ਹੋ ਗਿਆ। ਰਾਹਗੀਰਾਂ ਦੇ ਵਹੀਕਲ ਤੇ ਸ਼ੋਭਾ ਯਾਤਰਾ ਰਲਗੱਡ ਹੋ ਟ੍ਰੈਫਿਕ ਤੇ ਯਾਤਰਾ ਇੱਕ ਭਾਰੀ ਜਾਮ ਦੀ ਸ਼ਕਲ ਅਖ਼ਤਿਆਰ ਕਰ ਗਏ।
ਮੰਦਰ ਪ੍ਰਧਾਨ ਮੱਖਣ ਲਾਲ, ਅਤੁਲ ਗੁਪਤਾ, ਅਸ਼ਵਨੀ ਸ਼ਰਮਾ, ਵਿਜੇ ਕੁਮਾਰ ਤੇ ਸੁਮਨ ਜੇਠੀ ਆਦਿ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਸ਼ੋਭਾ ਯਾਤਰਾ ਸਬੰਧੀ ਲਗਭਗ ਇੱਕ ਹਫ਼ਤਾ ਪਹਿਲਾਂ ਐੱਸਐੱਸਪੀ ਅਤੇ ਡੀਸੀ ਬਰਨਾਲਾ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਕੇ ਸ਼ੋਭਾ ਯਾਤਰਾ ਦੌਰਾਨ ਪੁਖਤਾ ਸੁੱਰਖਿਆ ਤੇ ਟਰੈਫਿਕ ਕੰਟਰੋਲ ਲਈ ਢੁਕਵੀਂ ਪੁਲੀਸ ਨਫ਼ਰੀ ਤਾਇਨਾਤ ਕਰਨ ਦੀ ਮੰਗ ਕੀਤੀ ਸੀ। ਸੂਚਨਾ ਦੇ ਚਲਦਿਆਂ ਹੀ ਬੀਤੇ ਕੱਲ੍ਹ ਹੀ ਇੱਕ ਪੁਲੀਸ ਮੁਲਾਜ਼ਮ ਨੇ ਫ਼ੋਨ 'ਤੇ ਸ਼ੋਭਾ ਯਾਤਰਾ ਦੇ ਰੂਟ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਾਵਜੂਦ ਇਸ ਦੇ ਅੱਜ ਕੋਈ ਵੀ ਪੁਲੀਸ ਮੁਲਾਜ਼ਮ ਟਰੈਫਿਕ ਕੰਟਰੋਲ ਕਰਨ ਲਈ ਨਹੀਂ ਪਹੁੰਚਿਆ ਤਾਂ ਯਾਤਰਾ 'ਚ ਵਿਘਨ ਪਿਆ। ਸਿੱਟੇ ਖਫ਼ਾ ਸ਼ੋਭਾ ਯਾਤਰਾ 'ਚ ਸ਼ਾਮਿਲ ਸ਼ਰਧਾਲੂ ਰੋਸ ਵਜੋਂ ਸੜਕ 'ਤੇ ਹੀ ਧਰਨਾ ਦੇ ਕੇ ਬੈਠ ਗਏ ਤੇ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਤੇ ਟਰੈਫਿਕ ਹੋਰ ਜਾਮ ਕਰ ਦਿੱਤਾ। ਧਰਨੇ ਦੀ ਖ਼ਬਰ ਮਿਲਦੇ ਹੀ ਟਰੈਫਿਕ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਪੁਲੀਸ ਪਾਰਟੀ ਲੈਕੇ ਘਟਨਾ ਸਥਾਨ 'ਤੇ ਪੁੱਜੇ। ਉਨ੍ਹਾਂ ਧਰਨਾਕਾਰੀ ਸ਼ਰਧਾਲੂਆਂ ਨੂੰ ਸਫ਼ਾਈ ਦਿੰਦਿਆਂ ਕਿਹਾ ਕਿ ਮੁਲਾਜ਼ਮ ਆਜ਼ਾਦੀ ਦਿਹਾੜੇ ਦੇ ਪ੍ਰਬੰਧਾਂ 'ਚ ਵਿਅਸਤ ਹੋਣ ਕਾਰਨ ਕੁੱਝ ਲੇਟ ਹੋ ਗਏ ਹਨ ਤਾਂ ਇਹ ਅਣਚਾਹੀ ਸਥਿਤੀ ਪੈਦਾ ਹੋਈ। ਕੁੱਝ ਪਤਵੰਤਿਆਂ ਦੇ ਸਹਿਯੋਗ ਨਾਲ ਮਾਮਲਾ ਸ਼ਾਂਤ ਕਰਨ ਉਪਰੰਤ ਸੋਭਾ ਯਾਤਰਾ ਨੂੰ ਅੱਗੇ ਰਵਾਨਾ ਕੀਤਾ ਗਿਆ।