ਅੱਜ ਮੁਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਰਾਹੀਂ ਭੇਜੀ ਗਈ ਹੈ। ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਸਬੰਧਤ ਸਕੂਲ ਪ੍ਰਸ਼ਾਸਨ ਸਤੱਰਕ ਹੋ ਗਿਆ ਤੇ ਸਾਵਧਾਨੀ ਵਰਤਦੇ ਹੋਏ ਸਕੂਲ ਖਾਲੀ ਕਰਵਾ ਦਿੱਤਾ ਗਿਆ। ਬੱਚਿਆਂ ਨੂੰ ਛੁੱਟੀ ਕਰ ਕੇ ਘਰ ਭੇਜ ਦਿੱਤਾ ਗਿਆ ਹੈ। ਬੱਚਿਆਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ।
ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਟੀਮਾਂ ਸਬੰਧਤ ਸਕੂਲਾਂ ‘ਚ ਪਹੁੰਚੀਆਂ ਤੇ ਸਕੂਲਾਂ ਦੇ ਗੇਟ ਸੀਲ ਕਰ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਪੁਲਿਸ ਨੇ ਸਕੂਲਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਤੇ ਜਾਂਚ ਜਾਰੀ ਹੈ। ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਮੁਹਾਲੀ ਦੇ ਕਰੀਬ 10 ਸਕੂਲਾਂ ਨੂੰ ਧਮਕੀ ਭਰਿਆ ਈ-ਮੇਲ ਮਿਲਿਆ ਹੈ। ਇਸ ‘ਚ ਪੈਰੇਗੋਨ, ਲਰਨਿੰਗ ਪਾਥ, ਮਾਈਂਡ ਟ੍ਰੀ, ਵਿਵੇਕ ਸਕੂਲ ਤੇ ਇੰਡਸ ਵਰਗੇ ਸਕੂਲ ਸ਼ਾਮਲ ਹਨ। ਪੁਲਿਸ ਈ-ਮੇਲ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਮਾਮਲੇ ਸਬੰਧੀ ਜਾਣਕਾਰੀ ਡੀਸੀ ਨੂੰ ਦਿੱਤੀ ਗਈ ਹੈ।
