ਨਵਾਂਸ਼ਹਿਰ, 17 ਸਤੰਬਰ- ਜੀ ਚੰਨੀ ਪਠਲਾਵਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੋਕਸੋ ਐਕਟ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਦੌਰਾਨ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ (ਆਈ.ਸੀ) ਵੱਲੋਂ ਪੋਕਸੋ ਐਕਟ ਅਤੇ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਲੜਕੇ ਅਤੇ ਲੜਕੀਆਂ ਦੇ ਸਰਬਪੱਖੀ ਵਿਕਾਸ ਲਈ ਸੁਰੱਖਿਤ ਮਾਹੌਲ ਹੋਣਾ ਜਰੂਰੀ ਹੈ ਜਿਸ ਦੀ ਸਿਰਜਣਾ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਪੋਕਸੋ ਐਕਟ ਲਾਗੂ ਕੀਤਾ ਗਿਆ ਹੈ, ਤਾਂ ਜੋ ਜ਼ੀਰੋ ਤੋਂ 18 ਸਾਲ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਨਾ ਕਰਨਾ ਪਵੇ, ਉਹਨਾਂ ਵੱਲੋਂ ਦੱਸਿਆ ਗਿਆ ਕਿ ਪੋਕਸੋ ਐਕਟ ਤਹਿਤ ਜ਼ੀਰੋ ਤੋਂ 18 ਸਾਲ ਤੱਕ ਦੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਹਾਰ ਕਰਨ ਵਾਲੇ ਵਿਅਕਤੀ ਲਈ ਸਖਤ ਤੋਂ ਸਖਤ ਸਜ਼ਾ ਦਾ ਪ੍ਰਾਵਧਾਨ ਹੈ, ਉਨਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨਾਲ ਇਸ ਸੰਵੇਦਨਸ਼ੀਲ ਵਿਸ਼ੇ ਤੇ ਖੁੱਲ ਕੇ ਚਰਚਾ ਕਰਨ ਤਾਂ ਜੋ ਬੱਚਿਆਂ ਨੂੰ ਚੰਗੇ ਅਤੇ ਮਾੜੇ ਵਤੀਰੇ ਦਾ ਪਤਾ ਲੱਗ ਸਕੇ। ਗੌਰਵ ਸ਼ਰਮਾ ਵੱਲੋਂ ਬੱਚਿਆਂ ਨੂੰ ਗੁਡ ਟਚ ਅਤੇ ਬੈਡ ਟੱਚ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਕਿਹਾ ਕਿ ਜੇਕਰ ਕੋਈ ਵੀ ਬੱਚਾ ਕਿਸੇ ਵੀ ਤਰਹਾਂ ਦੇ ਦੁਰਵਿਵਹਾਰ ਦਾ ਸਾਹਮਣਾ ਕਰਦਾ ਹੈ ਤਾਂ ਉਹ ਬੇਝਿਜਕ ਇਸ ਬਾਰੇ ਆਪਣੇ ਮਾਪਿਆਂ ਜਾਂ ਆਪਣੇ ਅਧਿਆਪਕ ਨੂੰ ਦੱਸ ਸਕਦਾ ਹੈ ਤਾਂ ਜੋ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਖਿਲਾਫ ਪੋਕਸੋ ਐਕਟ ਤਹਿਤ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਉਚਿਤ ਕਾਰਵਾਈ ਕੀਤੀ ਜਾ ਸਕੇ, ਇਸ ਤੋਂ ਇਲਾਵਾ ਬਾਲ ਸੁਰੱਖਿਆ ਅਫਸਰ (ਐਨ.ਆਈ.ਸੀ.) ਰਜਿੰਦਰ ਕੌਰ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਪੋਂਸਰਸ਼ਿਪ ਸਕੀਮ ਅਧੀਨ ਵਿੱਤੀ ਸਹਾਇਤਾ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਸਿੱਖਿਆ ਅਤੇ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਤਹਿਤ 4 ਹਜਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ , ਇਸ ਸਕੀਮ ਦਾ ਲਾਭ ਇੱਕ ਪਰਿਵਾਰ ਦੇ ਦੋ ਬੱਚੇ ਲੈ ਸਕਦੇ ਹਨ, ਕੋਈ ਵੀ ਵਿਧਵਾ ਔਰਤ, ਤਲਾਕ ਸਦਾਰਤ ਜਾਂ ਸਿੰਗਲ ਪੈਰੈਂਟ ਅਤੇ ਇਹੋ ਜਿਹੇ ਬੱਚੇ ਜਿਨਾਂ ਦੇ ਮਾਂ ਪਿਓ ਕਿਸੀ ਲਾ ਇਲਾਜ ਬਿਮਾਰੀ ਨਾਲ ਜੂਝ ਰਹੇ ਹੋਣ ਜਾਂ ਬੱਚਿਆਂ ਦੇ ਮਾਤਾ ਅਤੇ ਪਿਤਾ ਵਿੱਚੋਂ ਕੋਈ ਇੱਕ ਜੇਲ ਵਿੱਚ ਹੋਵੇ ਇਹੋ ਜਿਹੇ ਬੱਚਿਆਂ ਨੂੰ ਸਪੋਂਸਰਸ਼ਿਪ ਸਕੀਮ ਅਧੀਨ ਕਵਰ ਕੀਤਾ ਜਾਂਦਾ ਹੈ ਅਗਰ ਕੋਈ ਵੀ ਲੋੜਵੰਦ ਅਤੇ ਬੇਸਹਾਰਾ ਬੱਚਾ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਜਿਲਾ ਪ੍ਰਬੰਧਕੀ ਕੰਪਲੈਕਸ ਤੀਜੀ ਮੰਜਲ ਕਮਰਾ ਨੰਬਰ 413 ਵਿੱਚ ਸੰਪਰਕ ਕਰ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਬੱਚਿਆਂ ਨੂੰ ਚਾਇਲਡ ਲਾਈਨ ਨੰਬਰ 1098 ਬਾਰੇ ਜਾਣੂ ਕਰਵਾਇਆ ਗਿਆ। ਜਾਗਰੂਕਤਾ ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚਿਆਂ ਦੇ ਨਾਲ ਨਾਲ ਸਕੂਲ ਪ੍ਰਿੰਸੀਪਲ ਸ੍ਰੀ ਸਰਬਜੀਤ ਸਿੰਘ ਅਤੇ ਸਕੂਲ ਦਾ ਸਟਾਫ ਵੀ ਹਾਜ਼ਰ ਸਨ।