ਸਿਆਲਾਂ ਵਿੱਚ ਖੀਵੇ ਖਾਨ ਦੇ ਘਰ ਸਾਹਿਬਾਂ ਦਾ ਜਨਮ ਹੋਇਆ,
ਦਾਨਾਬਾਦ ਦੇ ਵਿੱਚ ਵੰਝਲ ਦੇ ਘਰ ਮਿਰਜ਼ੇ ਦਾ ਜਨਮ ਹੋਇਆ।
ਮਿਰਜ਼ਾ ਸਾਹਿਬਾਂ ਦੀ ਸਕੀ ਭੂਆ ਦਾ ਦਲੇਰ ਬਹਾਦਰ ਮੁੰਡਾ ਸੀ,
ਸਾਹਿਬਾਂ ਮਿਰਜ਼ੇ ਦੇ ਮਾਮੇ ਖੀਵੇ ਖਾਨ ਦੀ ਲਾਡਲੀ ਜਿਹੀ ਧੀ ਸੀ।
ਵੱਡੀ ਹੁੰਦੇ ਸਾਰੇ ਹੀ ਸਹਿਬਾਂ ਨੂੰ ਮਸੀਤ ਦੇ ਵਿੱਚ ਪੜ੍ਹਨ ਲਾ ਦਿੱਤਾ,
ਮਾਮੇ ਖੀਵੇ ਖਾਨ ਨੇ ਮਿਰਜ਼ੇ ਨੂੰ ਵੀ ਮਸੀਤ ਵਿੱਚ ਪੜ੍ਹਨ ਪਾ ਦਿੱਤਾ।
ਮਿਰਜ਼ਾ ਦਲੇਰ ਬਹਾਦਰ ਰੰਗ-ਰੂਪ ਦੇ ਪੱਖੋਂ ਸੀ ਬਹੁਤ ਕਮਾਲ,
ਸਾਹਿਬਾਂ ਦੀ ਚੜ੍ਹੀ ਜਵਾਨੀ ਵਾਲੀ ਹਰ ਪਾਸੇ ਪੈਂਦੀ ਸੀ ਧਮਾਲ।
ਮਸੀਤ ਦੇ ਵਿੱਚ ਪੜ੍ਹਦਿਆਂ ਦੀਆਂ ਹੋਈਆਂ ਅੱਖਾਂ ਦੋ ਤੋਂ ਚਾਰ,
ਇਸ਼ਕ ਗੁੱਝਾ ਨਾ ਰਿਹਾ ਹਰ ਪਾਸੇ ਦੋਹਾਂ ਦੇ ਇਸ਼ਕ ਦਾ ਪ੍ਰਚਾਰ।
ਖੀਵੇ ਖਾਨ ਨੇ ਮਿਰਜ਼ੇ ਨੂੰ ਦਾਨਾਬਾਦ ਭੈਣ ਦੇ ਕੋਲ ਭੇਜ ਦਿੱਤਾ,
ਸਾਹਿਬਾਂ ਦਾ ਵਿਆਹ ਤਾਹਿਰ ਖਾਨ ਦੇ ਨਾਲ਼ ਤਹਿ ਕਰ ਦਿੱਤਾ।
ਸਾਹਿਬਾਂ ਦੇ ਵਿਆਹ ਦੀ ਖੀਵੇ ਖਾਨ ਨੇ ਸ਼ੁਰੂ ਕਰ ਦਿੱਤੀ ਤਿਆਰੀ,
ਸਾਹਿਬਾਂ ਨੇ ਮਿਰਜ਼ੇ ਨੂੰ ਸੁਨੇਹਾ ਘੱਲਣ ਦੀ ਗੱਲ ਸੋਚ ਵਿਚਾਰੀ।
ਸਹਿਬਾਂ ਨੇ ਕਰਮੂ ਹੱਥ ਮਿਰਜ਼ੇ ਨੂੰ ਭੇਜ ਦਿੱਤਾ ਆਖਰ ਸੁਨੇਹਾ,
ਛੇਤੀ ਨਾਲ਼ ਆ ਜਾ ਗੱਲ ਨੂੰ ਨਾ ਟਾਲ਼ੀ ਮੰਨ ਲੈ ਮੇਰਾ ਕਿਹਾ।
ਬੱਕੀ ਉੱਤੇ ਸੁਆਰ ਮਿਰਜ਼ੇ ਨੂੰ ਮਾਂ ਭੈਣ ਬਾਪ ਵੰਝਲ ਨੇ ਦਿੱਤੀ ਮੱਤ,
ਮਿਰਜ਼ਿਆ ਕਿਉਂ ਕਰਦਾ ਏ ਅੜੀ ਕਾਹਤੋਂ ਚੁੱਕੀ ਹੈ ਬਹੁਤੀ ਅੱਤ।
ਬੇਖੌਫ ਦਲੇਰੀ ਦੇ ਨਾਲ਼ ਮਿਰਜ਼ਾ ਸਾਹਿਬਾਂ ਦੇ ਪਿੰਡ ਪੁੱਜ ਗਿਆ,
ਬੀਬੋ ਮਾਸੀ ਦੇ ਘਰ ਸੁਨੇਹਾ ਘੱਲ ਕੇ ਸਹਿਬਾਂ ਨੂੰ ਸੱਦ ਲਿਆ।
ਵਿਛੜੀਆਂ ਦੋਹਾਂ ਰੂਹਾਂ ਦਾ ਮੇਲ ਮਾਸੀ ਬੀਬੋ ਦੇ ਘਰ ਹੋ ਗਿਆ,
ਮਿਰਜ਼ਾ ਸਾਹਿਬਾਂ ਨੂੰ ਮਾਸੀ ਦੇ ਘਰ ਤੋਂ ਉਧਾਲ ਕੇ ਲੈ ਗਿਆ।
ਰੌਣਕ ਸੀ ਖੀਵੇ ਖਾਨ ਦੇ ਘਰ ਨੱਚ ਟੱਪ ਰਿਹਾ ਸੀ ਢੁੱਕਿਆ ਮੇਲ,
ਉਧਾਲੇ ਦੀ ਖਬਰ ਸੁਣ ਕੇ ਖੀਵਾ ਸੋਚੇ ਇਹ ਕੀ ਵਰਤਿਆ ਖੇਲ।
ਸਿਆਲਾਂ ਤੇ ਚੰਦੜਾਂ ਨੇ ਘੋੜਿਆਂ ਉੱਤੇ ਸੁਆਰ ਹੋ ਪਿੱਛਾ ਕੀਤਾ,
ਦੋਹਾਂ ਜਣਿਆਂ ਨੂੰ ਜਾਨੋਂ ਮਾਰ ਮੁਕਾਉਣ ਦਾ ਫੈਸਲਾ ਸੁਣਾ ਦਿੱਤਾ।
ਜੰਡ ਦੇ ਹੇਠ ਰੁੱਕ ਕੇ ਮਿਰਜ਼ੇ ਨੇ ਇੱਕ ਘੜੀ ਸੌਣ ਦੀ ਮੰਗ ਕੀਤੀ,
ਦੂਸਰੀ ਘੜੀ ਛੇਤੀ ਦੇ ਨਾਲ਼ ਦਾਨਾਬਾਦ ਪੁੱਜਣ ਦੀ ਗੱਲ ਕੀਤੀ।
ਦੋਹਾਂ ਨੂੰ ਘੇਰਾ ਪਿਆ ਦੇਖ ਕੇ ਸਾਹਿਬਾਂ ਮਿਰਜ਼ੇ ਨੂੰ ਜਗਾਉਂਦੀ ਹੈ,
ਆਉਂਦਾ ਦੇਖ ਸ਼ਮੀਰ ਨੂੰ ਤੀਰਾਂ ਵਾਲ਼ਾ ਭੱਥਾ ਜੰਡ ਟੰਗ ਦਿੰਦੀ ਹੈ।
ਸਿਆਲਾਂ ਦੇ ਇੱਕ ਤੀਰ ਨੇ ਮਿਰਜ਼ੇ ਨੂੰ ਝੇਤੀ ਹੀ ਮਾਰ ਮੁਕਾਇਆ,
ਸਹਿਬਾਂ ਤੂੰ ਮਾੜਾ ਕੀਤਾ ਮਰਦੇ ਮਿਰਜ਼ੇ ਨੇ ਬੋਲ ਕੇ ਫ਼ਰਮਾਇਆ।
ਹੋਣੀ ਹਾਰ ਨੂੰ ਬਹੁਤ ਹੀ ਬਲਵਾਨ ਆਖਰ ਕਿਹਾ ਸਾਹਿਬਾਂ ਨੇ,
ਮਿਰਜ਼ੇ ਦੇ ਨਾਲ਼ ਹੀ ਮਰਨ ਦਾ ਫੈਸਲਾ ਕਰ ਲਿਆ ਸਾਹਿਬਾਂ ਨੇ।
'ਦੇਵ' ਸਹਿਬਾਂ ਨੇ ਆਪੇ ਨੂੰ ਮਾਰ ਲਿਆ ਮਾਰ ਕੇ ਤੇਜ਼ ਕਟਾਰ,
ਡਿੱਗ ਗਈ ਮਿਰਜ਼ੇ ਦੀ ਲੋਥ ਉੱਤੇ ਬੱਕੀ ਨੇ ਅੱਥਰੂ ਕੇਰੇ ਬੇਸ਼ੁਮਾਰ।
✒ਲੈਕਚਰਾਰ ਦਵਿੰਦਰ ਪਾਲ ਬਾਤਿਸ਼✒
#67 ਗਰੀਨ ਐਵਨਿਊ ਰੋਪੜ (ਪੰਜਾਬ)