ਵੈਨਕੂਵਰ/ ਬਰੈਪਟਨ, 29 ਅਪਰੈਲ
ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਸੱਤਾਧਾਰੀ ਲਿਬਰਲਜ਼ ਪਾਰਟੀ 165 ਸੀਟਾਂ ਨਾਲ ਸਪਸ਼ਟ ਬਹੁਮਤ ਤੋਂ ਮਹਿਜ਼ ਸੱਤ ਸੀਟਾਂ ਨਾਲ ਖੁੰਝ ਗਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ ਜਦੋਂਕਿ ਨਿਊ ਡੈਮੋਕਰੈਟਿਕ ਪਾਰਟੀ (NDP) ਦੇ ਜਗਮੀਤ ਸਿੰਘ ਚੋਣ ਹਾਰ ਗਏ ਹਨ। ਜਗਮੀਤ ਨੇ NDP ਨੂੰ ਚੋਣਾਂ ਵਿੱਚ ਲੱਗੇ ਵੱਡੇ ਖੋਰੇ ਅਤੇ ਖ਼ੁਦ ਚੋਣ ਨਾ ਜਿੱਤ ਸਕਣ ਕਰਕੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਤਾਜਾ ਸਥਿਤੀ ਮੁਤਾਬਕ ਲਿਬਰਲਜ਼ ਨੇ 165, ਕੰਜ਼ਰਵੇਟਿਵ 147, ਬਲਾਕ ਕਿਊਬਕਵਾ 23, ਐਨਡੀਪੀ 7 ਤੇ ਗਰੀਨ ਪਾਰਟੀ ਨੇ 1 ਸੀਟ ਜਿੱਤੀ ਹੈ। ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਉਣ ਲਈ 172 ਸੀਟਾਂ ਦੀ ਦਰਕਾਰ ਸੀ। ਲਿਬਰਲ ਪਾਰਟੀ ਭਾਵੇਂ ਸਪਸ਼ਟ ਬਹੁਮਤ ਦੇ ਅੰਕੜੇ ਤੋਂ 7 ਸੀਟਾਂ ਨਾਲ ਖੁੰਝ ਗਈ, ਪਰ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਕਰਕੇ ਨਿਯਮਾਂ ਅਨੁਸਾਰ ਸਰਕਾਰ ਬਣਾਉਣ ਲਈ ਪਹਿਲਾਂ ਸੱਦਾ ਮਾਰਕ ਕਾਰਨੀ ਨੂੰ ਹੀ ਮਿਲੇਗਾ। ਹਾਲਾਂਕਿ ਸੰਸਦ ਵਿੱਚ ਕੋਈ ਬਿੱਲ ਪਾਸ ਕਰਾਉਣ ਲਈ ਲਿਬਰਲਾਂ ਨੂੰ ਬਹੁਮਤ ਵਾਸਤੇ ਕਿਸੇ ਹੋਰ ਪਾਰਟੀ ਤੋਂ ਸਹਿਯੋਗ ਦੀ ਦਰਕਾਰ ਰਹੇਗੀ।