ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਤਲ ਕੇਸ ਦੇ ਅਧੀਨ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੀ ਜਾਂਚ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਮਗਰੋਂ ਪੁਲੀਸ ਉਨ੍ਹਾਂ ਨੂੰ ਮੁੜ ਤੋਂ ਜੇਲ੍ਹ ’ਚ ਛੱਡ ਆਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਰਾਜੋਆਣਾ ਨੇ ਕਿਹਾ ਕਿ ਸੂਬੇ ਵਿੱਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਕੇਸ ਦਾ ਫ਼ੌਰੀ ਨਿਬੇੜਾ ਕਰੇ। ਇਹ ਉਨ੍ਹਾਂ ਨਾਲ ਬੇਇਨਸਾਫ਼ੀ ਹੈ ਕਿਉਂਕਿ ਕਈ ਵਾਰ ਲਿਖਣ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਫਾਂਸੀ ਸਬੰਧੀ ਕੋਈ ਵੀ ਫ਼ੈਸਲਾ ਨਹੀਂ ਲੈ ਰਹੀ। ਇਸ ਕਾਰਨ ਉਹ ਕਈ ਵਰ੍ਹਿਆਂ ਤੋਂ ਫਾਂਸੀ ਚੱਕੀ ’ਚ ਬੰਦ ਹਨ। 31 ਅਗਸਤ 1995 ’ਚ ਵਾਪਰੀ ਕਤਲ ਦੀ ਇਸ ਘਟਨਾ ਸਬੰਧੀ 2007 ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਕੁਝ ਸਾਲ ਬਾਅਦ ਜਦੋਂ ਫਾਂਸੀ ’ਤੇ ਅਮਲ ਕਰਨ ਦੇ ਹੁਕਮ ਆਏ ਤਾਂ ਰਾਜੋਆਣਾ ਖ਼ੁਦ ਕੋਈ ਵੀ ਕਾਨੂੰਨੀ ਚਾਰਾਜੋਈ ਕਰਨ ਤੋਂ ਇਨਕਾਰੀ ਹੋ ਗਿਆ ਸੀ। ਇਸ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਰਹਿਮ ਦੀ ਅਪੀਲ ’ਤੇ ਹੀ ਰਾਸ਼ਟਰਪਤੀ ਨੇ ਫਾਂਸੀ ’ਤੇ ਰੋਕ ਲਾ ਕੇ ਉਸ ਦੇ ਕੇਸ ਦੀ ਫਾਈਲ ਗ੍ਰਹਿ ਮੰਤਰਾਲੇ ਕੋਲ਼ ਭੇਜ ਦਿੱਤੀ ਸੀ। ਉਦੋਂ ਤੋਂ ਹੀ ਉਹ ਫਾਈਲ ਕੇਂਦਰੀ ਗ੍ਰ੍ਰਹਿ ਮੰਤਰਾਲੇ ਕੋਲ਼ ਪਈ ਹੈ।