ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ

Bol Pardesa De
0

 


ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੀ ਜੰਗ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਅਟਾਰੀ ਬਾਰਡਰ ਦੇ ਨੇੜੇ ਵੱਖ-ਵੱਖ ਪਿੰਡਾਂ ਪੱਕਾ ਧਨੋਆ, ਅਟਾਰੀ, ਨੌਸ਼ਹਿਰਾ ਢਾਲਾ, ਆਦਿ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ।

ਬਾਰਡਰ ਨਜ਼ਦੀਕ ਪਿੰਡਾਂ ਦੇ ਕਈ ਗੁਰਦੁਆਰਾ ਸਾਹਿਬਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਰੱਖਿਅਤ ਅਸਥਾਨਾਂ ਉੱਤੇ ਪਹੁੰਚਾਏ ਗਏ ਹਨ। ਜਥੇਦਾਰ ਨੇ ਸਮੁੱਚੀ ਕਾਰਵਾਈ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਪ੍ਰਗਟਾਈ।

ਪਿੰਡ ਵਾਸੀਆਂ ਨੇ ਜਥੇਦਾਰ ਗੜਗੱਜ ਨਾਲ ਮੁਲਾਕਾਤ ਦੌਰਾਨ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਹਾਲਾਤ ਵਿੱਚ ਵੀ ਡਟੇ ਰਹਿਣ ਦੀ ਗੱਲ ਆਖੀ ਹੈ। ਇਸ ਮੌਕੇ ਜਥੇਦਾਰ ਗੜਗੱਜ ਨੇ ਦੱਖਣ ਏਸ਼ੀਆ ਵਿੱਚ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਕਿ ਜੋ ਵੀ ਹਾਲਾਤ ਬਣੇ ਹਨ ਇਹ ਜਲਦ ਹੀ ਸ਼ਾਂਤਮਈ ਹੋਣ। ਉਨ੍ਹਾਂ ਨੇ ਕਿਹਾ ਕਿ ਬਾਰਡਰ ਦੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬਾਨ ਖੁੱਲ੍ਹੇ ਹਨ ਅਤੇ ਉੱਥੋਂ ਦੀ ਸੰਗਤ ਚੜ੍ਹਦੀ ਕਲਾ ਵਿੱਚ ਹੈ।


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਾਰਡਰ ਦੇ ਇਲਾਕਿਆਂ ਵਿੱਚ ਵੱਸਦੇ ਲੋਕਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਕਿ ਜੇਕਰ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਤਾਂ ਸੰਸਥਾ ਦੇ ਪ੍ਰਬੰਧ ਵਾਲੇ ਨੇੜਲੇ ਗੁਰਦੁਆਰਾ ਸਾਹਿਬਾਨ ਵਿਖੇ ਲੰਗਰ, ਰਿਹਾਇਸ਼ ਆਦਿ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਸੰਗਤ ਨੂੰ ਗੁਰਬਾਣੀ ਦਾ ਪਾਠ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਸਾਰੇ ਲੋਕ ਸੁਖ ਸ਼ਾਂਤੀ ਦੇ ਨਾਲ ਰਹਿਣ। ਉਨ੍ਹਾਂ ਪਿੰਡ ਵਾਸੀਆਂ ਨੂੰ ਇਸ ਘੜੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਲਈ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ।

ਜਥੇਦਾਰ ਨੇ ਸਪੱਸ਼ਟ ਕੀਤਾ ਕਿ ਕੁਝ ਪਿੰਡ ਬਿਲਕੁਲ ਹੀ ਬਾਰਡਰ ਲਾਈਨ ਉੱਤੇ ਸਥਿਤ ਹਨ ਜਿਨ੍ਹਾਂ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਅਸਥਾਨਾਂ ਉੱਤੇ ਲਿਜਾਣ ਲਈ ਪਹੁੰਚ ਕੀਤੀ ਗਈ ਸੀ, ਪਰ ਬਹੁਤੇ ਪਿੰਡਾਂ ਵਿੱਚ ਗੁਰੂ ਘਰ ਖੁੱਲ੍ਹੇ ਹਨ।

ਇਸ ਮੌਕੇ ਜਥੇਦਾਰ ਨੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਵੀ ਕੀਤਾ ਅਤੇ ਮੈਦਾਨ ਵਿੱਚ ਖੇਡ ਰਹੇ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਸਿੱਖੀ ਪਛਾਣ ਕਾਇਮ ਰੱਖਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ।


Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top