ਗਰਮੀ ਦੀਆਂ ਛੁੱਟੀਆਂ ਬੱਚਿਆਂ ਲਈ ਖੁਸ਼ੀ ਅਤੇ ਉਤਸ਼ਾਹ ਲੈਕੇ ਆਉਂਦੀਆਂ ਹਨ। ਛੋਟੇ ਬੱਚਿਆਂ ਲਈ ਇਹ ਇੱਕ ਤਿਉਹਾਰ ਵਾਂਗ ਹਨ, ਕਿਉਂਕਿ ਇਹ ਸਮਾਂ ਉਹਨਾਂ ਨੂੰ ਰੋਜ਼ਾਨਾ ਦੇ ਵਿੱਦਿਅਕ ਭਾਰ ਅਤੇ ਹਰ ਰੋਜ਼ ਸਕੂਲ ਜਾਣ ਤੋਂ ਮੁਕਤੀ ਦਿੰਦੀਆਂ ਹਨ। ਇਹਨਾਂ ਦਿਨਾਂ ਵਿੱਚ ਬੱਚੇ ਮਨਮਰਜ਼ੀ ਨਾਲ ਜੀਵਨ ਜੀਉਣ ਦੀ ਆਜ਼ਾਦੀ ਮਹਿਸੂਸ ਕਰਦੇ ਹਨ, ਪਰ ਇਹ ਸਮਾਂ ਕੇਵਲ ਆਰਾਮ ਕਰਨ ਅਤੇ ਮੌਜ਼ ਮਸਤੀ ਲਈ ਨਹੀਂ ਹੁੰਦਾ, ਬਲਕਿ ਆਪਣੇ ਅੰਦਰ ਲੁਕੇ ਹੋਏ ਗੁਣਾਂ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਵਰਤਿਆ ਜਾ ਸਕਦਾ ਹੈ।
ਵਿਦਿਆਰਥੀਆਂ ਨੂੰ ਛੁੱਟੀਆਂ ਦੀ ਸ਼ੁਰੂਆਤ ਵਿੱਚ ਹੀ ਇੱਕ ਸਮਾਂ-ਸਾਰਣੀ ਬਣਾ ਲੈਣੀ ਚਾਹੀਦੀ ਹੈ, ਜਿਸ ਰਾਹੀਂ ਉਹ ਆਪਣੇ ਪੂਰੇ ਦਿਨ ਦੀ ਯੋਜਨਾ ਤਿਆਰ ਕਰ ਲੈਣ। ਇਸ ਨਾਲ ਉਹਨਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਸਮਾਂ ਵਿਅਰਥ ਵੀ ਨਹੀਂ ਜਾਵੇਗਾ। ਬੱਚਿਆਂ ਨੂੰ ਛੁੱਟੀਆਂ ਦੌਰਾਨ ਸਵੇਰ ਨੂੰ ਉਠਣ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਸਵੇਰੇ ਸਮੇਂ ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਕਿ ਸੈਰ ਕਰਨੀ, ਕਸਰਤ ਕਰਨਾ, ਯੋਗਾ ਕਰਨਾ ਅਤੇ ਅਪਣੇ ਸ਼ਰੀਰ ਦੀ ਸਾਫ ਸਫਾਈ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।
ਦਿਨ ਦੇ ਸਮੇਂ ਬੱਚੇ ਪਿਛਲੇ ਪੜ੍ਹੇ ਹੋਏ ਪਾਠਾਂ ਦੀ ਦੁਹਰਾਈ ਕਰਕੇ ਆਪਣੀ ਅਕਾਦਮਿਕ ਪੱਧਰ ਨੂੰ ਮਜ਼ਬੂਤ ਕਰ ਸਕਦੇ ਹਨ। ਨਵੀਆਂ ਕਿਤਾਬਾਂ, ਆਨਲਾਈਨ ਲੇਖ ਜਾਂ ਅਖਬਾਰਾਂ ਪੜ੍ਹ ਕੇ ਉਹ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਨ ਅਤੇ ਆਪਣੇ ਅੰਦਰ ਪ੍ਰਪੱਕਤਾ ਲਿਆ ਸਕਦੇ ਹਨ। ਇਸਦੇ ਨਾਲ-ਨਾਲ ਪੇਂਟਿੰਗ, ਡਰਾਇੰਗ, ਲੇਖ ਲਿਖਣਾ, ਡਿਜੀਟਲ ਆਰਟ, ਕੋਡਿੰਗ, ਪਬਲਿਕ ਸਪੀਕਿੰਗ, ਯੂ-ਟਿਯੂਬ ਜਾਂ ਪੌਡਕਾਸਟ ਬਣਾਉਣਾ ਆਦਿ ਗਤੀਵਿਧੀਆਂ ਵਿੱਚ ਵੀ ਹਿੱਸਾ ਲੈ ਸਕਦੇ ਹਨ। ਇਹ ਗਤੀਵਿਧੀਆਂ ਉਨ੍ਹਾਂ ਵਿੱਚ ਰਚਨਾਤਮਿਕਤਾ, ਆਤਮ ਵਿਸ਼ਵਾਸ ਅਤੇ ਆਸਪੀ ਗੱਲ-ਬਾਤ ਕਰਨ ਦੀ ਕੌਸ਼ਲ ਦਾ ਵਿਕਾਸ ਕਰਦੀਆਂ ਹਨ।
ਸਮਾਜਿਕ ਦ੍ਰਿਸ਼ਟੀਕੋਣ ਤੋਂ ਵੀ ਬੱਚੇ ਛੁੱਟੀਆਂ ਦੌਰਾਨ ਆਪਣੇ ਘਰ ਦੇ ਵੱਡਿਆਂ ਨਾਲ ਸਮਾਂ ਬਤਾਉਣ, ਵੱਡਿਆਂ ਦੀ ਸੇਵਾ ਕਰਨ, ਜ਼ਰੂਰਤਮੰਦਾਂ ਦੀ ਮਦਦ ਕਰਨ ਜਾਂ ਸਥਾਨਿਕ ਸਮਾਜਿਕ ਸੇਵਾ ਪ੍ਰੋਗਰਾਮਾਂ ਵਿੱਚ ਭਾਗ ਲੈ ਸਕਦੇ ਹਨ। ਇਹ ਗੁਣ ਉਨ੍ਹਾਂ ਵਿੱਚ ਨੈਤਿਕ ਮੁੱਲਾਂ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਗੇ। ਅੱਜ ਦਾ ਵਿਦਿਆਰਥੀ ਕੱਲ੍ਹ ਦੇ ਸਮਾਜ ਦਾ ਨਿਰਮਾਤਾ ਹੈ। ਵਿਦਿਆਰਥੀਆਂ ਲਈ ਸਮਾਜਿਕ ਜ਼ਿੰਮੇਵਾਰੀਆਂ ਸਿੱਖਣਾ ਬਹੁਤ ਜ਼ਰੂਰੀ ਹੈ। ਘਰ ਦੇ ਛੋਟੇ-ਮੋਟੇ ਕੰਮਾਂ ਵਿੱਚ ਉਹਨਾਂ ਨੂੰ ਆਪਣੇ ਮਾਤਾ-ਪਿਤਾ ਦੀ ਮਦਦ ਵੀ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਵਿੱਚ ਜ਼ਿੰਮੇਵਾਰੀ ਅਤੇ ਸਮਾਜਿਕ ਚੇਤਨਾ ਦੀ ਭਾਵਨਾ ਵਿਕਸਿਤ ਹੋਵੇਗੀ ਜੋ ਉਨ੍ਹਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਵਿੱਚ ਮਦਦ ਕਰੇਗੀ।
ਇਸ ਦੇ ਇਲਾਵਾ ਬੱਚੇ ਨਵੀਆਂ ਭਾਸ਼ਾਵਾਂ ਸਿੱਖਕੇ ਜਾਂ ਔਨਲਾਈਨ ਕੋਰਸਾਂ ਰਾਹੀਂ ਆਪਣਾ ਵਿਸ਼ਵ ਪ੍ਰਤੀ ਦ੍ਰਿਸ਼ਟੀਕੋਣ ਵੀ ਵਧਾ ਸਕਦੇ ਹਨ, ਜੋ ਉਨ੍ਹਾਂ ਦੇ ਭਵਿੱਖੀ ਜੀਵਨ ਲਈ ਲਾਭਕਾਰੀ ਹੋਵੇਗਾ। ਮੋਬਾਇਲ, ਲੈਪਟੋਪ ਅਤੇ ਕੰਪਿਊਟਰ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ, ਪਰੰਤੂ ਬੱਚਿਆਂ ਨੂੰ ਇਹਨਾਂ ਦੀ ਵਰਤੋਂ ਇੱਕ ਨਿਸ਼ਚਿਤ ਸਮੇਂ ਦੌਰਾਨ ਹੀ ਕਰਨੀ ਚਾਹੀਦੀ ਹੈ। ਮੋਬਾਇਲਾਂ ‘ਤੇ ਗੇਮਾਂ ਖੇਡਣ ਵਿੱਚ ਸਮਾਂ ਬਰਬਾਦ ਕਰਨ ਦੀ ਥਾਂ ਕੈਰਮਬੋਰਡ, ਚੈਸ, ਲੂਡੋ, ਬਿਜ਼ਨਸ, ਸਡੂਕੋ,
ਊਨੋ ਆਦਿ ਅਤੇ ਘਰ ਵਿੱਚ ਬੈਠ ਕੇ ਖੇਡਣ ਵਾਲੀਆਂ ਖੇਡਾਂ ਵਿੱਚ ਸਮਾਂ ਬਤੀਤ ਕੀਤਾ ਜਾ ਸਕਦਾ ਹੈ।
ਬੱਚਿਆਂ ਨੂੰ ਇਹਨਾਂ ਛੁੱਟੀਆਂ ਵਿੱਚ ਆਪਣੇ ਆਲੇ-ਦੁਆਲੇ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਹਰ ਬੱਚੇ ਨੂੰ ਇਹਨਾਂ ਛੁੱਟੀਆਂ ਵਿੱਚ ਅਪਣੇ ਘਰ ਵਿੱਚ ਘੱਟ ਤੋਂ ਘੱਟ ਦੋ ਦਰਖਤ/ਬੂਟੇ ਤਾਂ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ਹਰ ਰੋਜ਼ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਕਰਨ ਲਈ ਕੁਝ ਨਾ ਕੁਝ ਸਮਾਂ ਤਾਂ ਕੱਢਣਾ ਚਾਹੀਦਾ ਹੈ।
ਛੁੱਟੀਆਂ ਦੌਰਾਨ ਹੀ ਵਿਦਿਆਰਥੀਆਂ ਨੂੰ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਨਾ ਕਿਸੇ ਸਥਾਨ ਦੀ ਯਾਤਰਾ ‘ਤੇ ਜਾਣਾ ਚਾਹੀਦਾ ਹੈ। ਵਿਦਿਆਰਥੀ ਜੀਵਨ ਵਿੱਚ ਕੀਤੀਆਂ ਯਾਤਰਾਵਾਂ ਕਦੇ ਵੀ ਨਹੀਂ ਭੁੱਲਦੀਆਂ। ਇਸ ਦਾ ਕਾਰਣ ਹੈ- ਅਨੁਭਵ। ਅਸਲ ਵਿੱਚ ਅਨੁਭਵ ਹੀ ਹੈ, ਜੋ ਸਾਨੂੰ ਸਿਖਾਉਂਦਾ ਹੈ। ਕੋਈ ਦੂਸਰਿਆਂ ਦੇ ਅਨੁਭਵ ਤੋ ਸਿੱਖ ਲੈਂਦਾ ਹੈ ਤੇ ਕੋਈ ਵਿਅਕਤੀ ਸਵੈ-ਅਨੁਭਵ ਤੋਂ ਸਿੱਖਦਾ ਹੈ। ਸਵੈ-ਅਨੁਭਵ ਤੋਂ ਪ੍ਰਾਪਤ ਗਿਆਨ ਹੀ ਅਸਲੀ ਗਿਆਨ ਹੁੰਦਾ ਹੈ। ਯਾਤਰਾਵਾਂ ਸਵੈ-ਅਨੁਭਵ ਦਾ ਬਹੁਤ ਹੀ ਮਹੱਤਵਪੂਰਨ ਸਾਧਨ ਹਨ। ਸਾਡੇ ਭਾਰਤ ਵਿੱਚ ਬਹੁਤ ਸਾਰੇ ਵੇਖਣਯੋਗ ਸਥਾਨ ਹਨ, ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਅਤੇ ਘਰ ਦੇ ਵੱਡੇ ਮੈਂਬਰਾਂ ਨਾਲ ਹੀ ਕਿਸੇ ਨਾ ਕਿਸੇ ਸਥਾਨ ‘ਤੇ ਘੁੰਮਣ ਜਾਣਾ ਚਾਹੀਦਾ ਹੈ।
ਅੰਤ ਵਿੱਚ, ਅਸੀਂ ਕਹਿ ਸਕਦੇ ਹਾਂ ਕਿ ਛੁੱਟੀਆਂ ਸਿਰਫ਼ ਆਰਾਮ ਕਰਨ ਜਾਂ ਮਨੋਰੰਜਨ ਲਈ ਨਹੀਂ, ਬਲਕਿ ਇਹ ਸਮਾਂ ਆਪਣੇ-ਆਪ ਨੂੰ ਨਵੀਂ ਦਿਸ਼ਾ ਦੇਣ, ਨਵੀਆਂ ਮੰਜ਼ਿਲਾਂ ਤੈਅ ਕਰਨ ਅਤੇ ਆਪਣੇ ਵਿਅਕਤੀਤਵ ਨੂੰ ਹੀਰੇ ਵਾਂਗ ਚਮਕਾਉਣ ਦਾ ਸੁਨਹਿਰੀ ਮੌਕਾ ਹੁੰਦਾ ਹੈ। ਸਮੇਂ ਦੀ ਸਹੀ ਯੋਜਨਾ ਅਤੇ ਜ਼ਿੰਮੇਵਾਰੀ ਨਾਲ ਕੀਤੀ ਵਰਤੋਂ, ਵਿਦਿਆਰਥੀ ਦੇ ਪੂਰੇ ਜੀਵਨ ਦੀ ਦਿਸ਼ਾ ਬਦਲ ਸਕਦੀ ਹੈ।
ਹਰਦਵਿੰਦਰ ਸਿੰਘ
9914484844