ਲੁਧਿਆਣਾ ਪੰਜਾਬ ਦੇ ਸ਼ਹਿਰ ਮੰਨੇ ਪ੍ਰਮੰਨੇ ਸ਼ਹਿਰਾਂ ਵਿੱਚੋਂ ਇੱਕ ਹੈ। ਜਿੱਥੇ ਇਸ ਨੂੰ ਇੰਡਸਟਰੀ ਏਰੀਆ ਦੇ ਨਾਂ ਹੈ ਜਾਣਿਆ ਜਾਂਦਾ ਹੈ ਉੱਥੇ ਹੀ ਇਸ ਨੂੰ ਕਲਾਕਾਰਾਂ ਦੀ ਨਗਰੀ ਦਾ ਵੀ ਮਾਣ ਪ੍ਰਾਪਤ ਹੈ। ਪੰਜਾਬ ਦੇ ਪੁਰਾਤਨ ਕਲਾਕਾਰਾਂ ਨੇ ਆਪਣੀ ਗਾਇਕੀ ਦਾ ਇਤਿਹਾਸ ਸਿਰਜਣ ਦੇ ਨਾਲ ਨਾਲ ਇਸ ਦੇ ਨਾਂ ਨੂੰ ਵੀ ਰੌਸ਼ਨ ਕੀਤਾ ਹੈ, ਤੇ ਇਨ੍ਹਾਂ ਵਿਚੋਂ ਇੱਕ ਨਾਂ ਹੈ ਬੀਬਾ ਰਣਜੀਤ ਕੌਰ। ਬੀਬਾ ਰਣਜੀਤ ਕੌਰ ਪੰਜਾਬੀ ਸੰਗੀਤ ਇੰਡਸਟਰੀ ਦੀ ਇੱਕ ਮੰਨੀ ਪ੍ਰਮੰਨੀ ਮਸ਼ਹੂਰ ਗਾਇਕਾ ਹੈ। ਉਸ ਨੇ ਜਨਾਬ ਮੁਹੰਮਦ ਸਦੀਕ ਜੀ ਦੇ ਨਾਲ ਲੰਮਾ ਅਰਸਾ ਗਾ ਕੇ ਦੋਗਾਣਾ ਗਾਇਕੀ ਵਿੱਚ ਉੱਚਾ ਨਾਮਣਾ ਖੱਟਿਆ। ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਬੀਬਾ ਰਣਜੀਤ ਕੌਰ ਭਾਵੇਂ ਅੱਜ ਉਮਰ ਦੇ ਵੱਧਦੇ ਪ੍ਰਭਾਵ ਕਾਰਨ ਸੰਗੀਤਕ ਖੇਤਰ ਤੋਂ ਦੂਰ ਹੋ ਗਏ ਹਨ ਪਰ ਉਨ੍ਹਾਂ ਆਪਣੀ ਕਲਾ ਦੇ ਨਾਲ ਕਮਾਈ ਸ਼ੋਹਰਤ ਜ਼ਰੀਏ ਅੱਜ ਵੀ ਗਾਇਕੀ ਦੇ ਵਿੱਚ ਆਪਣੇ ਨਾਂ ਨੂੰ ਸਰਗਰਮ ਰੱਖਿਆ ਹੋਇਆ ਹੈ। ਬੀਬਾ ਜੀ ਦੇ ਨਾਂ ਨੂੰ ਸਿਖਰਾਂ ਦੀ ਛੋਹ ਦੇਣ ਲਈ ਉਸ ਦੀ ਅੰਸ਼ ਵਿਚੋਂ ਮਖਮਲੀ ਆਵਾਜ਼ ਦੀ ਗਾਇਕਾ ਕਮਲ ਸਿੱਧੂ ਅਜੋਕੀ ਗਾਇਕੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ।
ਕਮਲ ਸਿੱਧੂ ਰਿਸ਼ਤੇ ਵਿੱਚ ਬੀਬਾ ਰਣਜੀਤ ਕੌਰ ਦੇ ਭਾਣਜੀ ਦਾ ਸਥਾਨ ਰੱਖਦੇ ਹਨ। ਬਚਪਨ ਵਿਚ ਕਮਲ ਸਿੱਧੂ ਦੇ ਸਿਰੋਂ ਮਾਂ ਦਾ ਛਾਇਆ ਉੱਠ ਜਾਣ ਕਾਰਨ ਬੀਬਾ ਰਣਜੀਤ ਕੌਰ ਨੇ ਉਸਦਾ ਪਾਲਣ ਪੋਸ਼ਣ ਕੀਤਾ। ਇੱਥੇ ਹੀ ਉਹ ਪੜ ਲਿਖ ਕੇ ਜਵਾਨ ਹੋਈ। ਸੰਗੀਤਕ ਮਾਹੌਲ ਵਿਚ ਪਲਣ ਵਾਲੀ ਕਮਲ ਸਿੱਧੂ ਦੀ ਰੂਹ ਨੇ ਗਾਇਕੀ ਦਾ ਰੰਗ ਕਬੂਲਿਆ। ਜਵਾਨ ਅਵਸਥਾ ਤੱਕ ਪਹੁੰਚਦਿਆਂ ਉਸ ਨੇ ਕਈ ਸੰਗਤੀਕ ਧੁੰਨਾਂ ਨੂੰ ਛੇੜਿਆ। ਬੱਬੂ ਮਾਨ, ਸ਼ੈਰੀ ਮਾਨ ਸੰਧੂ ਸੁਰਜੀਤ ਵਰਗਿਆਂ ਨਾਮਵਰ ਕਲਾਕਾਰਾਂ ਨਾਲ ਸੋਲੋ /ਦੋਗਾਣੇ ਗੀਤ ਗਾਉਣ ਵਾਲੀ ਕਮਲ ਸਿੱਧੂ ਅੱਜਕੱਲ੍ਹ ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਐਕਟਰਸ ਨੀਰੂ ਬਾਜਵਾ ਦੀ ਫ਼ਿਲਮ "ਮਧਾਣੀਆਂ'' ਜਿਸ ਵਿਚ ਉਹ ਪ੍ਰਮੁੱਖ ਚਿਹਰਿਆਂ ਦੇ ਨਾਲ ਆਪਣੀ ਅਦਾਕਾਰੀ ਦਿਖਾਉਂਦੀ ਨਜ਼ਰ ਆਵੇਗੀ।
ਉੱਚੀ ਲੰਮੀ ਸੋਹਣੀ ਭਰ ਜੋਬਨ ਮੁਟਿਆਰ ਕਮਲ ਸਿੱਧੂ ਪੰਜਾਬ ਦੇ ਪਿੰਡਾਂ/ਸ਼ਹਿਰਾਂ ਚ ਲੱਗਣ ਵਾਲੇ ਖੁੱਲੇ ਅਖਾੜਿਆਂ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਉਂਦੀ ਹੋਈ ਪ੍ਰਸਿੱਧਤਾ ਹਾਸਿਲ ਕਰ ਰਹੀ ਹੈ। ਸੰਗੀਤ ਦੇ ਅਜੋਕੇ ਦੌਰ ਵਿਚ ਕਮਲ ਸਿੱਧੂ ਆਪਣੇ ਨਵੇਂ ਨਾਂ ਦੇ ਨਾਲ ਪੁਰਾਤਨ ਗਾਇਕੀ ਦੀ ਪਹਿਚਾਣ ਕਰਵਾਉਂਦੀ ਹੋਈ ਦਿਨੋਂ ਦਿਨ ਸੱਭਿਆਚਾਰਕ ਮੰਜ਼ਿਲਾਂ ਨੂੰ ਸਰ ਕਰ ਰਹੀ ਹੈ। ਥੋੜੇ ਹੀ ਸਮੇਂ ਚ ਗਾਇਕੀ ਵਿੱਚ ਉੱਚਾ ਨਾਂ ਕਮਾਉਣ ਵਾਲੀ ਕਮਲ ਸਿੱਧੂ ਅੱਜਕੱਲ੍ਹ ਭਾਵੇਂ ਆਪਣੇ ਪਤੀ ਦੀਪ ਸਿੱਧੂ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਆਪਣਾ ਵਿਆਹੁਤਾ ਜੀਵਨ ਬਿਤਾ ਰਹੀ ਹੈ ਪਰ ਉਸ ਦੀ ਕਲਾ ਦੀ ਪਹਿਚਾਣ ਵਜੋਂ ਲੁਧਿਆਣੇ ਸ਼ਹਿਰ ਦਾ ਨਾਂ ਜੁੜਿਆ ਆ ਰਿਹਾ ਹੈ। ਪ੍ਰਮਾਤਮਾ ਕਰੇ ਵਿਰਾਸਤ ਚ ਮਿਲੀ ਗਾਇਕੀ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਹਰ ਵਰਗ ਦੇ ਸਰੋਤਿਆਂ ਦਾ ਦਿਲ ਜਿੱਤਦੀ ਹੋਈ ਕਮਲ ਸਿੱਧੂ ਮਖਮਲੀ ਆਵਾਜ਼ ਦੀ ਗਾਇਕਾਂ ਬਣ ਆਪਣੀ ਮਾਸੀ ਮਾਂ ਵਾਂਗੂੰ ਸੱਭਿਆਚਾਰ ਚ ਉੱਚਾ ਨਾਮ ਕਮਾਵੇ।
====================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880