ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਤੁਰਕੀ ਅਤੇ ਅਜ਼ਰਬਾਇਜਾਨ ਦੀਆਂ 23 ਯੂਨੀਵਰਸਿਟੀਆਂ ਨਾਲ ਸਾਰੇ ਸਮਝੌਤੇ (ਐੱਮਓਯੂ) ਤੁਰੰਤ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਵਿੱਚ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ, ਸਾਂਝੇ ਖੋਜ ਪ੍ਰਾਜੈਕਟਾਂ, ਦੋਹਰੀ ਡਿਗਰੀ ਪ੍ਰੋਗਰਾਮ ਅਤੇ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਹਰ ਤਰ੍ਹਾਂ ਦੇ ਅਕਾਦਮਿਕ ਸਹਿਯੋਗ ਨੂੰ ਤੁਰੰਤ ਰੱਦ ਕਰਨਾ ਸ਼ਾਮਲ ਹੈ। ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਤੁਰਕੀ ਅਤੇ ਅਜ਼ਰਬਾਇਜਾਨ ਵਰਗੇ ਦੇਸ਼ਾਂ ਵਿਚ ਸਿੱਖਿਆ ਲਈ ਜਾਣ ਦੀ ਜਗ੍ਹਾ ਭਾਰਤ ਪੱਖੀ ਦੇਸ਼ਾਂ ’ਚ ਸਿੱਖਿਆ ਹਾਸਲ ਕਰਨ ਲਈ ਜਾਣ। ਯੂਨੀਵਰਸਿਟੀ ਵੱਲੋਂ ਇਹ ਫ਼ੈਸਲਾ ਤੁਰਕੀ ਅਤੇ ਅਜ਼ਰਬਾਇਜਾਨ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਜਿਸ ਸਮੇਂ ਸਾਡੇ ਹਥਿਆਰਬੰਦ ਬਲ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ, ਉਸ ਸਮੇਂ ਸਿੱਖਿਆ ਸੰਸਥਾ ਵਜੋਂ ਉਹ ਪਿੱਛੇ ਨਹੀ ਰਹਿ ਸਕਦੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤਿਵਾਦ ਖ਼ਿਲਾਫ਼ ਸਖ਼ਤੀ ਨਾਲ ਫੈਸਲੇ ਲਏ ਗਏ ਹਨ ਅਤੇ ਅਜਿਹੇ ਸਮੇਂ ਵਿਚ ਦੇਸ਼ ਦੀ ਹਰ ਸੰਸਥਾ ਤੇ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਹਥਿਆਰਬੰਦ ਬਲਾਂ ਦਾ ਹਰ ਤਰੀਕੇ ਨਾਲ ਸਹਿਯੋਗ ਕਰੇ।