ਸਰਕਾਰ ਵੱਲੋਂ ਵਪਾਰੀਆਂ ਨੂੰ ਜ਼ਰੂਰੀ ਵਸਤਾਂ ਦੀ ਜ਼ਖ਼ੀਰੇਬਾਜ਼ੀ ਖ਼ਿਲਾਫ਼ ਚੇਤਾਵਨੀ, ਕਿਹਾ ਭਰਵਾਂ ਸਟਾਕ ਉਪਲਬਧ

Bol Pardesa De
0

 


India-Pak Tensions – Food: ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ, ਕੇਂਦਰੀ ਖੁਰਾਕ ਅਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ (Union Food and Consumer Affairs Minister Pralhad Joshi) ਨੇ ਸ਼ੁੱਕਰਵਾਰ ਨੂੰ ਵਪਾਰੀਆਂ, ਥੋਕ ਵਿਕਰੇਤਾਵਾਂ ਅਤੇ ਪਰਚੂਨ ਵਿਕਰੇਤਾਵਾਂ ਨੂੰ ਜ਼ਰੂਰੀ ਖਾਣ-ਪੀਣ ਦੀਆਂ ਵਸਤਾਂ ਦੀ ਜਮ੍ਹਾਂਖੋਰੀ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਕੋਲ ਜ਼ਰੂਰੀ ਚੀਜ਼ਾਂ ਦਾ ਭਰਵਾਂ ਸਟਾਕ ਹੈ।

ਸ੍ਰੀ ਜੋਸ਼ੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਦੇਸ਼ ਵਿੱਚ ਭੋਜਨ ਦੇ ਭੰਡਾਰਾਂ ਸਬੰਧੀ ਪ੍ਰਚਾਰ ਸੰਦੇਸ਼ਾਂ ‘ਤੇ ਵਿਸ਼ਵਾਸ ਨਾ ਕਰੋ। ਸਾਡੇ ਕੋਲ ਲੋੜੀਂਦੇ ਮਾਪਦੰਡਾਂ ਤੋਂ ਕਿਤੇ ਵੱਧ ਭੋਜਨ ਦਾ ਭੰਡਾਰ ਹੈ। ਅਜਿਹੇ ਸੰਦੇਸ਼ਾਂ ਵੱਲ ਧਿਆਨ ਨਾ ਦਿਓ।”
ਉਨ੍ਹਾਂ ਕਿਹਾ, “ਵਪਾਰੀਆਂ, ਥੋਕ ਵਿਕਰੇਤਾਵਾਂ, ਪਰਚੂਨ ਵਿਕਰੇਤਾਵਾਂ ਜਾਂ ਵਪਾਰਕ ਸੰਸਥਾਵਾਂ ਜੋ ਜ਼ਰੂਰੀ ਵਸਤੂਆਂ ਦੇ ਵਪਾਰ ਵਿੱਚ ਸ਼ਾਮਲ ਹਨ, ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਹਿਯੋਗ ਦੇਣ ਦੇ ਹੁਕਮ ਦਿੱਤੇ ਗਏ ਹਨ। ਜਮ੍ਹਾਂਖੋਰੀ ਜਾਂ ਜ਼ਖ਼ੀਰੇਬਾਜ਼ੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ‘ਤੇ ਜ਼ਰੂਰੀ ਵਸਤੂਆਂ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ।”

ਗ਼ੌਰਤਲਬ ਹੈ ਕਿ ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਵਿੱਚ ਨੌਂ ਥਾਵਾਂ ‘ਤੇ ਹਮਲਾ ਕੀਤਾ ਸੀ, ਜੋ ਕਿ ਦੋ ਹਫ਼ਤੇ ਪਹਿਲਾਂ ਪਹਿਲਗਾਮ ਵਿੱਚ ਹੋਏ ਇੱਕ ਘਾਤਕ ਅੱਤਵਾਦੀ ਹਮਲੇ ਦੇ ਬਦਲੇ ਵਿੱਚ ਕੀਤੀ ਗਈ ਕਾਰਵਾਈ ਸੀ।

ਵੀਰਵਾਰ ਨੂੰ ਵੀ, ਜੋਸ਼ੀ ਨੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਨੂੰ ਇਕੱਠੀਆਂ ਕਰਨ ਦੀ ਜ਼ਰੂਰਤ ਬਾਰੇ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਉਦੋਂ ਵੀ ਸਾਫ਼ ਕੀਤਾ ਸੀ ਕਿ ਦੇਸ਼ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਦਾ ਲੋੜ ਤੋਂ ਵੱਧ ਸਟਾਕ ਹੈ।

ਉਨ੍ਹਾਂ ਕਿਹਾ ਸੀ, “ਦੇਸ਼ ਦੇ ਕੁਝ ਹਿੱਸਿਆਂ ਵਿੱਚ ਅਫਵਾਹਾਂ ਫੈਲ ਰਹੀਆਂ ਹਨ, ਜਿਸ ਕਾਰਨ ਲੋਕ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਰੋਜ਼ਾਨਾ ਲੋੜਾਂ ਨੂੰ ਇਕੱਠਾ ਕਰਨ ਲਈ ਭੱਜ ਰਹੇ ਹਨ।” ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ, “ਸਾਡੇ ਕੋਲ ਦੇਸ਼ ਭਰ ਵਿੱਚ ਲੋੜੀਂਦੀ ਹਰ ਚੀਜ਼ ਦਾ ਕਾਫ਼ੀ ਜ਼ਿਆਦਾ ਸਟਾਕ ਹੈ”।


Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top