21ਵੀਂ ਸਦੀ ਦੇ ਪੰਜਾਬੀ ਸੰਗੀਤ ਦਾ ਉਹ ਨਾਂ ਜੋ ਸਾਡੇ ਵਿਚ ਨਾ ਹੋ ਕੇ ਵੀ ਆਪਣੀ ਹੋਂਦ ਦਾ ਅਹਿਸਾਸ ਦਿਵਾ ਰਿਹਾ ਹੈ। ਉਹ ਅੱਜ ਵੀ ਆਪਣੇ ਗੀਤਾਂ ਦੇ ਜ਼ਰੀਏ ਸਰੋਤਿਆਂ ਦੇ ਮਨੋਬਲ ਨੂੰ ਕਾਇਮ ਰੱਖਦਾ ਆ ਰਿਹਾ ਹੈ। ਪੰਜਾਬ ਦੀਆਂ ਫਿਜ਼ਾਵਾਂ ਵਿਚ ਗੂੰਜਣ ਵਾਲੀ ਉਸ ਨਿਵੇਕਲੀ ਤੇ ਅਮਰ ਆਵਾਜ਼ ਦਾ ਨਾਂ ਹੈ ਸੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂੱਸੇ ਵਾਲਾ। ਸਿੱਧੂ ਮੂੱਸੇ ਵਾਲਾ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਕਿਉਂਕਿ ਸਿੱਧੂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਜ਼ਿਹਨ ਚ ਵਸਿਆ ਹੋਇਆ ਉਹ ਨਾਂ ਹੈ ਜਿਸ ਨੇ ਬਹੁਤ ਥੋੜ੍ਹੇ ਸਮੇਂ ਵਿਚ ਪੰਜਾਬੀ ਸੰਗੀਤ ਦੀਆਂ ਸਿਖਰਾਂ ਨੂੰ ਛੋਹ ਕੇ ਆਪਣੀ ਕਾਬਲੀਅਤ ਦੇ ਐਸੇ ਝੰਡੇ ਗੱਡੇ ਜੋ ਸਦੀਆਂ ਤੱਕ ਝੂਲਦੇ ਨਜ਼ਰ ਆਉਣਗੇ।
ਮਾਨਸਾ ਜ਼ਿਲ੍ਹੇ ਦੇ ਪਿੰਡ ਮੂੱਸੇ ਦੇ ਰਹਿਣ ਵਾਲੇ ਪਿਤਾ ਸਰਦਾਰ ਬਲਕੌਰ ਸਿੰਘ(ਭੋਲਾ ਸਿੰਘ) ਮਾਤਾ ਸ੍ਰੀਮਤੀ ਚਰਨ ਦੇ ਘਰ ਜਨਮਿਆ ਸੁਭਦੀਪ ਸਿੰਘ ਸਿੱਧੂ ਆਪਣੇ ਨਾਂ ਦੇ ਸ਼ਬਦਾਇਕ ਅਰਥ ਸ਼ੁਭ +ਚੰਗਾ (ਪਵਿੱਤਰ)ਤੇ ਦੀਪ+ਚਿਰਾਗ ਤੇ ਖਰਾ ਉਤਰਦਿਆਂ ਸੁਭਦੀਪ ਨੇ ਗਾਇਕੀ ਦੇ ਖੇਤਰ ਵਿਚ ਸਿੱਧੂ ਮੂੱਸੇ ਵਾਲੇ ਨਾਂ ਦੇ ਪਵਿੱਤਰ ਚਿਰਾਗ ਨਾਲ ਸੱਭਿਆਚਾਰ ਨੂੰ ਅਜਿਹਾ ਰੁਸ਼ਨਾਇਆ ਕਿ ਉਸਦੇ ਪ੍ਰਕਾਸ਼ ਨੂੰ ਸੰਗੀਤ ਵਿਚੋਂ ਕਦੇ ਵੀ ਮਨਫੀ ਨਹੀਂ ਕੀਤਾ ਜਾ ਸਕਦਾ।
ਕਾਲਜ ਪੜ੍ਹਦਿਆਂ ਸਮੇਂ ਉਸ ਨੇ ਸਾਲ 2017-18 ਵਿਚ "ਲਾਇਸੈਂਸ'' ਗੀਤ ਨਾਲ ਗੀਤਕਾਰ ਵਜੋਂ ਸੰਗੀਤ ਇੰਡਸਟਰੀ ਵਿਚ ਪ੍ਰਵੇਸ਼ ਕੀਤਾ।ਉਸ ਤੋਂ ਬਾਅਦ ਉਹ ਜੀ ਵੈਗਨ ਨਾਂ ਦੇ ਡਿਊਟ ਗੀਤ ਨਾਲ ਬਤੌਰ ਗਾਇਕ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਉਸ ਨੂੰ ਸਫ਼ਲਤਾ ਦਿਵਾਉਣ ਵਿਚ ਸਫ਼ਲ ਰਿਹਾ। ਸਮੇਂ ਦੇ ਠਹਿਰਾਓ ਨਾਲ ਉਸਨੇ " ਸੋ ਹਾਈ ਗੀਤ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ '' ਨਾਲ ਮੁੜ ਧਮਾਕੇਦਾਰ ਐਸੀ ਐਂਟਰੀ ਕੀਤੀ ਕਿ ਸਿੱਧੂ ਮੂੱਸੇ ਵਾਲਾ ਰਾਤੋਂ ਰਾਤ ਸਟਾਰ ਕਲਾਕਾਰਾਂ ਦੀ ਲਾਈਨ ਵਿਚ ਜਾ ਖੜ੍ਹਾ ਹੋਇਆ। ਉਸ ਤੋਂ ਬਾਅਦ ਉਹ ਇੱਕ ਤੋਂ ਇੱਕ ਸੁਪਰਹਿੱਟ ਗੀਤ ਡਾਲਰਾਂ ਵਾਂਗੂ,ਟੋਚਨ,ਲੀਜੈਂਡ, ਬੰਬੀਹਾ ਬੋਲੇ, ਟਿੱਬਿਆਂ ਦਾ ਪੁੱਤ, ਪੰਜਾਬ, ਲੈਵਲ, ਤੀਰ, ਸੰਜੂ ,ਪਾਵਰਾ ਚ, ਮਾਫੀਆ ਸਟਾਇਲ, ਜੇਲਾਂ, ਗੋਲੀ, ਜੱਟੀ ਜਿਊਣੇ ਮੌੜ ਦੀ ਬੂੰਦਕ ਵਰਗੀ,ਜੱਟ ਦੀ ਮਾਸ਼ੂਕ, ਡਾਕਟਰ, ਹਥਿਆਰ, ਲੱਕ ਮੇਰਾ ਕਹਿੰਦਾ, ਓਲਡ ਸਕੂਲ, ਧੱਕਾ, 295, ਮਾਲਵਾ ਬਲੋਕ, ਸੋਹਣੇ ਲੱਗਦੇ ਅਤੇ ਦੀ ਲਾਸਟ ਰਾਈਡ ਵਰਗੇ ਅਨੇਕਾਂ ਗੀਤ ਇੰਡਸਟਰੀ ਨੂੰ ਦਿੰਦਾ ਹੋਇਆ ਗਾਇਕੀ ਦੀਆਂ ਸਿਖਰਾਂ ਨੂੰ ਛੋਹਣ ਲੱਗਾ,ਭਾਵ ਕਿ ਟਿੱਬਿਆਂ ਦਾ ਪੁੱਤ ਗਾਇਕੀ ਦੇ ਸਿੰਘਾਸਨ ਤੇ ਬਹਿ ਇੰਡਸਟਰੀ ਤੇ ਰਾਜ ਕਰਨ ਲੱਗਾ।
ਜੇ ਸਿੱਧੂ ਨੂੰ ਪੰਜਾਬੀ ਗਾਇਕੀ ਦਾ ਇਕ ਸੁੱਚਾ ਪਾਰਸ ਕਹਿ ਦਈਏ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਸਿੱਧੂ ਮੁੱਸੇ ਵਾਲਾ ਜਿਸ ਕਲਾਕਾਰ ਨਾਲ ਗੀਤ ਗਾਉਂਦਾ ਜਾ ਨਜ਼ਰ ਆਉਂਦਾ ਉਹ ਰਾਤੋਂ ਰਾਤ ਸਟਾਰ ਬਣ ਜਾਂਦਾ ਤੇ ਉਹਦਾ ਦਾ ਨਾਂ ਸੁਰਖੀਆਂ ਚ ਬੋਲਣ ਲੱਗ ਪੈਂਦਾ। ਉਸ ਨੇ ਜਿਸ ਵਸਤੂ ਜਾਂ ਸਾਧਨ ਨੂੰ ਵੀ ਪ੍ਰਮੋਟ ਕੀਤਾ ਉਹ ਬ੍ਰੈਡ ਬਣ ਗਈ ਜਿਵੇਂ ਕਿ ਮਾਰੂਤੀ,ਥਾਰ ਤੇ ਨਾਹਟਾ ਗਿਆਰਾਂ ਟਰੈਕਟਰ ਆਦਿ
ਸਿੱਧੂ ਨੇ ਸੱਭਿਆਚਾਰ ਦੀ ਬਦਲੀ ਨਬਜ਼ ਨੂੰ ਪਹਿਚਾਣਿਆ।ਉਹ ਆਪਣੀ ਤੀਖ਼ਣ ਬੁੱਧੀ ਦੇ ਨਾਲ ਗੀਤਾਂ ਵਿਚ ਸੱਚ ਬਿਆਨ ਕਰਨ ਲੱਗਾ ਜੋ ਸਮੇਂ ਦੇ ਮੂੰਹ ਤੇ ਚਪੇੜ ਦਾ ਕੰਮ ਕਰਨ ਲੱਗੀ। ਸਿੱਧੂ ਆਪਣੇ ਗੀਤਾਂ ਦੀ ਮਕਬੂਲੀਅਤ ਦੇ ਨਾਲ ਨਾਲ ਦਿਨੋਂ ਦਿਨ ਵਿਵਾਦਾਂ ਘਿਰਦਾ ਗਿਆ। ਪਾਣੀ ਹੱਕਾਂ ਤੇ ਮੁੱਹਬਤ ਦੀ ਗੱਲ ਕਰਨ ਵਾਲਾ ਦੂਰ ਅੰਦੇਸ਼ੀ ਸੋਚ ਦਾ ਧਾਰਨੀ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਸਮਾਜ ਦੀ ਨਫ਼ਰਤ ਦਾ ਸ਼ਿਕਾਰ ਹੁੰਦਾ ਹੋਇਆ ਇੱਕ ਵਿਵਾਦਿਤ ਗਾਇਕ ਵਜੋਂ ਚਰਚਾ ਚ ਰਹਿਣ ਲੱਗਾ। ਉਹ ਆਪਣੇ ਗੀਤਾਂ ਦੀਆਂ ਸਤਰਾਂ ਵਿਚ ਅਜਿਹੀ ਸਚਾਈ ਬਿਆਨ ਕਰ ਗਿਆ ਜਿਸ ਨੂੰ ਸਾਡਾ ਸਮਾਜਿਕ ਨਜ਼ਰੀਆਂ ਪਹਿਚਾਣਨ ਤੋਂ ਅਸਮਰੱਥ ਰਿਹਾ।ਜਿਵੇ ਕਿਹਾ ਜਾਂਦਾ ਹੈ ਕਿ:-ਅਬ ਪਛਤਾਏ ਕਿਆ ਹੂਆ,ਜਬ ਚਿੜੀਆ ਚੁੱਗ ਗਈ ਖੇਤ ਵਕਤ ਸਾਡੇ ਹੱਥੋਂ ਨਿਕਲ ਚੁੱਕਾ ਹੈ। ਗੀਤਾਂ ਵਿਚ ਥਾਪੀ ਨਾਲ ਗ਼ੈਰਤ ਨੂੰ ਜਗਾਉਣ ਵਾਲਾ ਪੰਜਾਬੀ ਗਾਇਕੀ ਦਾ 5911ਧਾਕੜ ਗਾਇਕ 29 ਮਈ ਦੋ ਹਜ਼ਾਰ 22 ਨੂੰ ਦਹਿਸ਼ਤਗਰਦਾਂ ਹੱਥੋਂ ਪਿੰਡ ਜਵਾਹਰਕੇ ਵਿਖੇ ਆਪਣੀ ਲਾਸਟ ਰਾਈਡ ਪੂਰੀ ਕਰ ਸ਼ਾਮ 5.30 ਵਜੇ ਦੇ ਕਰੀਬ ਇਸ ਜਹਾਨੋਂ ਸਦਾ ਲਈ ਕੂਚ ਕਰ ਗਿਆ।
ਪੰਜਾਬੀਅਤ ਦੇ ਮੱਥੇ ਤੇ ਟਿੱਬਿਆਂ ਦੇ ਪੁੱਤ ਦੇ ਕਾਤਲ ਦਾ ਲੱਗਿਆ ਕਲੰਕ ਅੰਦਰੋਂ ਅੰਦਰੀ ਹਮੇਸ਼ਾ ਹੀ ਜ਼ਮੀਰਾਂ ਨੂੰ ਹਲੂਣਦਾ ਰਹੇਗਾ ਕਿ ਅਸੀਂ ਆਪਣੇ ਹੱਥੀਂ ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਗੁਵਾ ਲਿਆ।
==========0==========
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880