-ਬਰਸਾਤਾਂ ਤੋਂ ਪਹਿਲਾਂ ਨਾਲੀਆਂ, ਸੀਵਰ ਦੀ ਸਫ਼ਾਈ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
--ਪਿੰਡਾਂ 'ਚ ਚੱਲ ਰਿਹਾ ਹੈ ਛੱਪੜਾਂ ਦੀ ਸਫਾਈ ਦਾ ਕੰਮ
ਬਰਨਾਲਾ, 23 ਜੂਨ (ਧਰਮਪਾਲ ਸਿੰਘ): ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀਮਤੀ ਸਿਮਰਪ੍ਰੀਤ ਕੌਰ ਨੇ ਅੱਜ ਬਰਸਾਤਾਂ ਦੇ ਮੌਸਮ ਸਬੰਧੀ ਉੱਪ ਮੰਡਲ ਬਰਨਾਲਾ 'ਚ ਕੀਤੀ ਜਾਣ ਵਾਲੀ ਨਾਲੀਆਂ, ਛੱਪੜਾਂ ਅਤੇ ਸੀਵਰ ਦੀ ਸਫਾਈ ਦੇ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਵੱਖ ਵੱਖ ਪਿੰਡਾਂ ਚ ਛੱਪੜਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਇਸ ਤਹਿਤ ਹੁਣ ਤੱਕ ਕਈ ਪਿੰਡਾਂ ਦੇ ਛੱਪੜਾਂ ਦੀ ਸਫਾਈ ਮੁਕੰਮਲ ਹੋ ਚੁਕੀ ਹੈ ਜਿਸ ਵਿੱਚ ਅਸਪਾਲ ਕਲਾਂ, ਪਿਰਥਾ ਪੱਤੀ ਧੂਰਕੋਟ, ਕਾਹਨੇ ਕੇ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਪਬਲਿਕ ਹੈਲਥ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਾਰੇ 122 ਵਾਟਰ ਵਰਕਸ ਦੇ ਪਾਣੀ ਦੇ ਨਮੂਨੇ ਲਏ ਗਏ ਸਨ ਅਤੇ ਇਨ੍ਹਾਂ ਦਾ ਬੈਕਟੀਰੀਆ ਸਬੰਧੀ ਟੈਸਟ ਕਰਵਾਇਆ ਗਿਆ। ਇਹ ਸਾਰੇ ਨਮੂਨੇ ਪਾਸ ਹੋਏ ਹਨ। ਇਨ੍ਹਾਂ ਵਿਚ ਬਰਨਾਲਾ ਦੇ 46 ਨਮੂਨੇ, ਮਹਿਲ ਕਲਾਂ ਦੇ 38 ਨਮੂਨੇ ਅਤੇ ਸਹਿਣਾ ਦੇ 38 ਨਮੂਨੇ ਸ਼ਾਮਲ ਹਨ। ਵਿਭਾਗ ਵੱਲੋਂ ਦੱਸਿਆ ਗਿਆ ਕਿ ਕਲੋਰੀਨ ਦੀ ਪ੍ਰਯਾਪਤ ਮਾਤਰਾ ਮੌਜੂਦ ਹੈ ਜਿਸ ਦੀ ਵਰਤੋਂ ਕਰਦਿਆਂ ਪਾਣੀ ਨੂੰ ਸਾਫ ਕੀਤਾ ਜਾਂਦਾ ਹੈ। ਨਗਰ ਕੌਂਸਲ ਬਰਨਾਲਾ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੜਕਾਂ ਉੱਤੇ ਬਣੇ ਪਾਣੀ ਦੇ ਚੈਂਬਰ ਦੀ ਸਫਾਈ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਸ਼ਹਿਰ ਵਿਚੋਂ ਲੱਗਦੇ ਵੱਢੇ ਨਾਲੇ ਦੀ ਸਫਾਈ ਦਾ ਕੰਮ ਮੁਕੰਮਲ ਹੋਣ ਵਾਲਾ ਹੈ। ਇਸ ਤੋਂ ਇਲਾਵਾ ਨਗਰ ਕਾਉਂਸਿਲ ਵੱਲੋਂ ਸ਼ਹਿਰ ਦੀਆਂ ਨਾਲੀਆਂ ਦੀ ਸਫਾਈ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ 'ਚ ਕੁਲ 38 ਕਿਲੋਮੀਟਰ ਲੰਬੀ ਸੀਵਰ ਪਾਈਪ ਲਾਈਨ ਹੈ ਜਿਸ ਨੂੰ ਸਾਫ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਵਰ ਮੇਨ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀ ਡੀ ਪੀ ਓ ਸੁਖਵਿੰਦਰ ਸਿੰਘ ਸਿੱਧੂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ।