ਬੈੱਨ ਡੱਕੇਟ ਦੇ ਸ਼ਾਨਦਾਰ ਸੈਂਕੜੇ ਸਦਕਾ ਇੰਗਲੈਂਡ ਨੇ ਅੱਜ ਇੱਥੇ ਐਂਡਰਸਨ-ਤੇਂਦੁਲਕਰ ਟਰਾਫੀ ਲਈ ਖੇਡੀ ਜਾ ਰਹੀ ਟੈਸਟ ਕ੍ਰਿਕਟ ਲੜੀ ਦੇ ਪਹਿਲੇ ਮੈਚ ਦੇ ਆਖਰੀ ਦਿਨ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱੱਤਾ। ਇਸ ਤਰ੍ਹਾਂ ਭਾਰਤੀ ਟੀਮ ਪੰਜ ਮੈਚਾਂ ਦੀ ਲੜੀ ਵਿੱਚ 0-1 ਨਾਲ ਪੱਛੜ ਗਈ ਹੈ। ਲੜੀ ਦਾ ਦੂਜਾ ਮੈਚ 2 ਜੁਲਾਈ ਤੋਂ ਬਰਮਿੰਘਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪਹਿਲੇ ਟੈਸਟ ਵਿਚ ਰਿਕਾਰਡ ਪੰਜ ਸੈਂਕੜੇ ਜੜੇ ਸਨ, ਪਰ ਇਸ ਦੇ ਬਾਵਜੂਦ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੂੰ ਪੂਰੇ ਮੈਚ ਦੌਰਾਨ 9 ਕੈਚ ਛੱਡਣ ਦਾ ਖਮਿਆਜ਼ਾ ਹਾਰ ਦੇ ਰੂਪ ਵਿਚ ਭੁਗਤਣਾ ਪਿਆ।
ਭਾਰਤ ਵੱਲੋਂ ਦਿੱਤਾ 371 ਦੌੜਾਂ ਦਾ ਟੀਚਾ ਇੰਗਲੈਂਡ ਨੇ 5 ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਡੱਕੇਟ (149 ਦੌੜਾਂ) ਤੋਂ ਇਲਾਵਾ ਸਲਾਮੀ ਬੱਲੇਬਾਜ਼ੀ ਜ਼ੈਕ ਕਰੌਲੀ ਨੇ 65, ਜੋਅ ਰੂਟ ਨੇ ਨਾਬਾਦ 53 ਅਤੇ ਕਪਤਾਨ ਬੈੱਨ ਸਟਾਕਸ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਸ਼ੁਭਮਨ ਗਿੱਲ (147), ਰਿਸ਼ਭ ਪੰਤ (134) ਅਤੇ ਯਸ਼ਸਵੀ ਜੈਸਵਾਲ (101) ਦੇ ਸੈਂਕੜਿਆਂ ਸਦਕਾ ਪਹਿਲੀ ਪਾਰੀ ਵਿੱਚ 471 ਦੌੜਾਂ ਬਣਾਈਆਂ ਸਨ। ਇਸ ਮਗਰੋਂ ਇੰਗਲੈਂਡ ਦੀ ਪਾਰੀ 465 ਦੌੜਾਂ ’ਤੇ ਸਿਮਟਣ ਤੋਂ ਬਾਅਦ ਭਾਰਤ ਨੂੰ ਛੇ ਦੌੜਾਂ ਦੀ ਮਾਮੂਲੀ ਲੀਡ ਮਿਲੀ ਸੀ।
ਦੂਜੀ ਪਾਰੀ ਵਿੱਚ ਕੇਐੱਲ ਰਾਹੁਲ (137 ਦੌੜਾਂ) ਤੇ ਰਿਸ਼ਭ ਪੰਤ (118) ਦੇ ਸੈਂਕੜਿਆਂ ਦੀ ਮਦਦ ਨਾਲ 364 ਦੌੜਾਂ ਬਣਾ ਕੇ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 371 ਦੌੜਾਂ ਦਾ ਟੀਚਾ ਦਿੱਤਾ ਸੀ, ਜੋ ਇੰਗਲੈਂਡ ਨੇ ਪੰਜ ਵਿਕਟਾਂ ’ਤੇ ਪੂਰਾ ਕਰ ਲਿਆ। ਮੈਚ ਵਿੱਚ ਭਾਰਤੀ ਟੀਮ ਨੇ 9 ਕੈਚ ਛੱਡੇ। ਟੀਮ ਨੇ ਪਹਿਲੀ ਪਾਰੀ ਵਿੱਚ ਛੇ ਅਤੇ ਦੂਜੀ ਪਾਰੀ ਵਿੱਚ ਤਿੰਨ ਕੈਚ ਛੱਡੇ, ਜਿਸ ਦਾ ਖਮਿਆਜ਼ਾ ਉਸ ਨੂੰ ਹਾਰ ਦੇ ਰੂਪ ਵਿੱਚ ਝੱਲਣਾ ਪਿਆ।