ਬਟਾਲਾ, 27 ਜੂਨ (ਅਵਿਨਾਸ ਸ਼ਰਮਾ): ਕੱਲ੍ਹ ਸ਼ਾਮ ਬਟਾਲਾ ਦੇ ਅਰਬਨ ਅਸਟੇਟ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ (54) ਅਤੇ ਇਕ ਨੌਜਵਾਨ ਕਰਨਬੀਰ ਸਿੰਘ (30) ਦੀ ਗੋਲੀਆਂ ਮਾਰ ਕੇ ਨਿਰਦਈ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈ। ਦੋ ਅਣਪਛਾਤੇ ਹਮਲਾਵਰ ਮੋਟਰਸਾਈਕਲ 'ਤੇ ਆ ਕੇ ਦੋਵਾਂ ਨੂੰ ਹਸਪਤਾਲ ਦੇ ਸਾਹਮਣੇ ਨਿਸ਼ਾਨਾ ਬਣਾਇਆ।
ਜਾਣਕਾਰੀ ਅਨੁਸਾਰ, ਹਰਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਭਗਵਾਨਪੁਰ ਹਾਲ ਵਾਸੀ ਅਰਬਨ ਅਸਟੇਟ, ਜਦੋਂ ਪ੍ਰਭਸਿਮਰਨ ਹਸਪਤਾਲ ਦੇ ਸਾਹਮਣੇ ਆਪਣੀ ਗੱਡੀ ਵਿੱਚ ਬੈਠ ਰਹੀ ਸੀ, ਉਸ ਸਮੇਂ ਕਰਨਬੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭੀਖੋਵਾਲ ਵੀ ਉਨ੍ਹਾਂ ਦੇ ਨਾਲ ਸੀ। ਦੋਨਾ ਉੱਤੇ ਚਲਾਈਆਂ ਗਈਆਂ ਗੋਲੀਆਂ 'ਚ ਕਰਨਬੀਰ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ੋ ਕਿ ਇੱਕ ਏ.ਐਸ.ਆਈ. ਦਾ ਪੁੱਤਰ ਸੀ।
ਹਰਜੀਤ ਕੌਰ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ, ਪਰ ਹਾਲਤ ਨਾਜੁਕ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਸਿਵਲ ਹਸਪਤਾਲ ਦੇ ਡਾ. ਸੁਖਰਾਜ ਸਿੰਘ ਨੇ ਦੱਸਿਆ ਕਿ ਹਰਜੀਤ ਕੌਰ ਨੂੰ ਖੂਨ ਬਹੁਤ ਵਗ ਚੁੱਕਾ ਸੀ , ਜਦਕਿ ਕਰਨਬੀਰ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਸਨ।
ਡੀ.ਐਸ.ਪੀ. ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ। ਬਟਾਲਾ 'ਚ ਹੋਈ ਇਹ ਡਬਲ ਹੱਤਿਆ ਪੁਲਿਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ।