ਮਹਿਲ ਕਲਾਂ, 27 ਜੂਨ (ਧਰਮਪਾਲ ਸਿੰਘ): ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਦਲਿਤ ਮੁਕਤੀ ਮੋਰਚਾ, ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਅੱਜ ਮਹਿਲ ਕਲਾਂ ਅਨਾਜ ਮੰਡੀ 'ਚ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਲੁਧਿਆਣਾ-ਬਰਨਾਲਾ ਮੁੱਖ ਮਾਰਗ ਬੱਸ ਸਟੈਂਡ ਮਹਿਲ ਕਲਾਂ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਕੜਾਕੇ ਦੀ ਧੁੱਪ ਵਿੱਚ ਧਰਨੇ ਦੌਰਾਨ ਮਜ਼ਦੂਰਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਮਨਰੇਗਾ ਮਜ਼ਦੂਰਾਂ ਨੂੰ ਨਾ ਪੂਰਾ ਕੰਮ ਦਿੱਤਾ ਜਾ ਰਿਹਾ ਹੈ, ਨਾਂ ਹੀ ਕੀਤੇ ਕੰਮ ਦੀ ਮਜ਼ਦੂਰੀ ਸਮੇਂ ਸਿਰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਸਾਰੇ ਵਾਅਦੇ ਝੂਠੇ ਸਾਬਤ ਹੋ ਰਹੇ ਹਨ। ਆਗੂਆਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੇ ਬਕਾਇਆ ਭੁਗਤਾਨ ਤੁਰੰਤ ਜਾਰੀ ਕੀਤੇ ਜਾਣ, ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਮਹਿਲ ਕਲਾਂ ਤੋਂ ਵਾਇਆ ਖਿਆਲੀ-ਸ਼ੇਰਪੁਰ-ਠੁੱਲੀਵਾਲ ਲਿੰਕ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾਵੇ। ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਹਰਜੀਤ ਸਿੰਘ ਖਿਆਲੀ, ਬਲਦੇਵ ਸਿੰਘ ਸਹਿਜੜਾ, ਭੋਲਾ ਸਿੰਘ, ਪਰਮਜੀਤ ਕੌਰ ਗੁੰਮਟੀ (ਸੀਟੂ), ਜਗਰਾਜ ਸਿੰਘ ਟੱਲੇਵਾਲ, ਅੰਮ੍ਰਿਤਪਾਲ ਸਿੰਘ ਮਹਿਲ ਖੁਰਦ, ਪੂਰਨ ਸਿੰਘ ਗਹਿਲ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਭੁੱਲ ਗਈ ਹੈ।ਉਨ੍ਹਾਂ ਕਿਹਾ ਕਿ ਵੋਟਾਂ ਸਮੇਂ ਲੀਡਰਾਂ ਵੱਲੋਂ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਚੋਣਾਂ ਜਿੱਤ ਕੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵੰਜਿਤ ਰੱਖਿਆ ਜਾਂਦਾ ਹੈ। ਧਰਨੇ ਦੌਰਾਨ ਅਸ਼ਵਨੀ ਨਾਇਬ ਤਹਿਸੀਲਦਾਰ ਬਰਨਾਲਾ (ਡਿਊਟੀ ਮੈਜਿਸਟ੍ਰੇਟ), ਡੀਐਸਪੀ ਜਤਿੰਦਰਪਾਲ ਸਿੰਘ, ਐਸਐਚਓ ਐਸਆਈ ਕਿਰਨਜੀਤ ਕੌਰ (ਮਹਿਲ ਕਲਾਂ), ਐਸਆਈ ਗੁਰਮੇਲ ਸਿੰਘ (ਠੁੱਲੀਵਾਲ) ਨੇ ਆਗੂਆਂ ਨਾਲ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਮੰਗਾਂ ਜਲਦ ਮਨਵਾਈਆਂ ਜਾਣ। ਇਸ ਉਪਰੰਤ ਮਜ਼ਦੂਰਾਂ ਵੱਲੋਂ ਆਪਣੀਆਂ ਮੁੱਖ ਮੰਗਾਂ-ਮਨਰੇਗਾ ਦਾ ਬਕਾਇਆ ਤੁਰੰਤ ਜਾਰੀ ਕਰਨ, ਸਿਹਤ ਕੇਂਦਰ 'ਚ ਡਾਕਟਰਾਂ ਦੀ ਘਾਟ ਪੂਰੀ ਕਰਨ, ਦਿਹਾੜੀ 700 ਰੁਪਏ ਕਰਨ, ਵਿੱਧਵਾ/ਬੁੱਢਾਪਾ/ਅੰਗਹੀਣ ਪੈਨਸ਼ਨ 10 ਹਜ਼ਾਰ ਰੁਪਏ ਕਰਨ ਅਤੇ 18 ਫੁੱਟ ਚੌੜੀ ਸੜਕ ਬਣਾਉਣ– ਸੰਬੰਧੀ ਮੰਗ ਪੱਤਰ ਡਿਊਟੀ ਮੈਜਿਸਟ੍ਰੇਟ ਅਸ਼ਵਨੀ ਨੂੰ ਸੌਂਪਿਆ ਗਿਆ। ਇਸ ਰੋਸ ਧਰਨੇ ਵਿੱਚ ਵਿਜੇ ਕੁਮਾਰ ਖਿਆਲੀ, ਮੇਜਰ ਸਿੰਘ ਸਹਿਜੜਾ, ਤੇਜਾ ਸਿੰਘ ਖਿਆਲੀ, ਗੁਰਮੇਲ ਸਿੰਘ ਗਹਿਲ, ਜਗਜੀਤ ਸਿੰਘ ਖਿਆਲੀ, ਕੇਵਲ ਸਿੰਘ ਸੀਵੀਆ, ਰਾਮ ਸਿੰਘ ਕੁਰੜ, ਮਨਦੀਪ ਕੌਰ ਕੁੱਬੇ, ਜਗਤਾਰ ਸਿੰਘ ਮਹਿਲ ਕਲਾਂ, ਭੋਲਾ ਸਿੰਘ ਭਗਤਗੜ, ਬਲਜਿੰਦਰ ਕੌਰ ਰਾਮਨਗਰ, ਸਮਨਦੀਪ ਕੌਰ, ਰਾਜਵਿੰਦਰ ਕੌਰ ਲੋਹਗੜ, ਬਾਬੂ ਸਿੰਘ ਭੋਤਨਾ, ਸੰਦੀਪ ਕੌਰ, ਅਮਨਦੀਪ ਸਿੰਘ ਮਾਂਗੇਵਾਲ, ਮਨਜੀਤ ਕੌਰ, ਪ੍ਰਦੀਪ ਸਿੰਘ ਕਰਮਗੜ ਸਮੇਤ ਕਈ ਪਿੰਡਾਂ ਦੇ ਮਜ਼ਦੂਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।