ਮਾਨਸਾ ਜ਼ਿਲ੍ਹਾ ਜੇਲ੍ਹ ‘ਚ ਏਆਈਜੀ ਜੇਲ੍ਹ ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗੁਵਾਈ ‘ਚ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ। ਜ਼ੀਰਕਪੁਰ ‘ਚ ਜਬਰ-ਜਿਨਾਹ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਤੋਂ ਮੋਬਾਇਲ ਫ਼ੋਨ ਤੇ ਨਕਦੀ ਬਰਾਮਦ ਹੋਈ ਹੈ।
ਜੇਲ੍ਹ ‘ਚ ਚਲਾਏ ਗਏ ਸਰਚ ਆਪ੍ਰੇਸ਼ਨ ‘ਚ ਪਾਸਟਰ ਬਜਿੰਦਰ ਤੋਂ ਟੱਚ ਸਕ੍ਰਿਨ ਮੋਬਾਇਲ ਫ਼ੋਨ ਤੇ 2500 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਿਸ ਨੇ ਪਾਸਟਰ ਬਜਿੰਦਰ ਖਿਲਾਫ਼ ਨਵਾਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਪਾਸਟਰ ਤੋਂ ਇਹ ਮੋਬਾਇਲ ਕਿਵੇਂ ਪਹੁੰਚਿਆ।
ਪਾਸਟਰ ਬਜਿੰਦਰ ਸਿੰਘ ਖਿਲਾਫ਼ 2018 ਵਿੱਚ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ, ਹਮਲਾ ਤੇ ਧਮਕੀਆਂ ਦੇ ਇਲਜ਼ਾਮ ਚ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤਾ ਨੇ ਕਿਹਾ ਕਿ ਉਹ ਵਿਦੇਸ਼ ਵਿੱਚ ਸੈਟਲ ਹੋਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ ਬਜਿੰਦਰ ਨਾਲ ਸੰਪਰਕ ਕੀਤਾ। ਬਜਿੰਦਰ ਉਸ ਨੂੰ ਮੋਹਾਲੀ ਦੇ ਸੈਕਟਰ 63 ਸਥਿਤ ਆਪਣੇ ਘਰ ਲੈ ਗਿਆ। ਜਿੱਥੇ ਉਸਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ।
ਮੋਹਾਲੀ ਦੀ ਅਦਾਲਤ ਵੱਲੋਂ ਰੇਪ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਸਟਰ ਬਜਿੰਦਰ ਸਿੰਘ ਮੂਲ ਰੂਪ ਤੋਂ ਹਰਿਆਣਾ ਦਾ ਰਹਿਣ ਵਾਲਾ ਹੈ। ਉਸਦਾ ਜਨਮ ਯਮੁਨਾਨਗਰ ਦੇ ਇੱਕ ਜਾਟ ਪਰਿਵਾਰ ਵਿੱਚ ਹੋਇਆ ਸੀ। ਉਸਨੂੰ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕਤਲ ਦੇ ਆਰੋਪ ਹੇਠ ਜੇਲ੍ਹ ਭੇਜਿਆ ਗਿਆ ਸੀ।
ਉਸਨੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਅਤੇ ਅਧਿਕਾਰੀਆਂ ਨਾਲ ਸਬੰਧ ਬਣਾਏ ਅਤੇ ਉਸਦੀਆਂ ਮੀਟਿੰਗਾਂ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ। ਬਜਿੰਦਰ ਨੇ ਜੇਲ੍ਹ ਵਿੱਚ ਹੀ ਈਸਾਈ ਧਰਮ ਅਪਣਾ ਲਿਆ। ਰਿਹਾਈ ਤੋਂ ਬਾਅਦ, ਬਜਿੰਦਰ ਸਿੰਘ ਨੇ 2012 ਵਿੱਚ ਪ੍ਰਾਰਥਨਾ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।