ਬਰਨਾਲਾ, 3 ਜੁਲਾਈ (ਧਰਮਪਾਲ ਸਿੰਘ): ਪੰਜਾਬ ਪੈਨਸ਼ਨਰਜ ਯੂਨੀਅਨ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੇਡਰੇਸ਼ਨ ਵੱਲੋਂ ਚੰਡੀਗੜ੍ਹ ਦੇ ਸੱਦੇ ਤੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਅਤੇ ਮੁਲਾਜ਼ਮਾਂ ਵਲੋਂ ਕਾਮਰੇਡ ਖੁਸ਼ੀਆ ਸਿੰਘ ਅਤੇ ਦੀ ਕਲਾਸ ਫੌਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਕੁਮਾਰ ਹਮਦਰਦ ਦੀ ਅਗਵਾਈ 'ਚ ਖ਼ਜ਼ਾਨਾ ਦਫ਼ਤਰ ਬਰਨਾਲਾ ਅੱਗੇ ਰੋਸ ਪ੍ਰਗਟ ਕਰਕੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚੋ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਸੋਧੀ ਹੋਈ ਲੀਵ ਇਨਕੈਸਮੈਂਟ ਦੇ ਬਿਲ, ਜੀ.ਪੀ.ਐਫ ਫੰਡ ਦੇ ਅੰਤਿਮ ਬਕਾਏ ਬਿੱਲ ਅਤੇ ਹੋਰ ਵੱਖ ਵੱਖ ਕਿਸਮ ਦੇ ਏਰੀਅਰ ਬਿਲਾਂ ਦੀ ਮਿਤੀ 1 ਅਪ੍ਰੈਲ 2025 ਤੋਂ ਅਦਾਇਗੀ ਕੀਤੀ ਜਾਵੇ। ਪੰਜਾਬ ਦੇ ਸੱਤ ਲੱਖ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਇਸ ਸਮੇਂ 42% ਡੀ.ਏ ਹੀ ਮਿਲ ਰਿਹਾ ਹੈ , ਜਦੋਂ ਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ 55% ਡੀ.ਏ ਮਿਲ ਰਿਹਾ ਹੈ।13 ਫੀਸਦੀ ਡੀ.ਏ ਜਲਦੀ ਦਿੱਤਾ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ। ਮੰਗ ਪੱਤਰ ਦੇਣ ਸਮੇਂ ਕਾਮਰੇਡ ਜਗਰਾਜ ਸਿੰਘ ਰਾਮਾ , ਗਗਨ ਗਾਗਟ ਪ੍ਰਧਾਨ ਸਿਹਤ ਵਿਭਾਗ, ਮੇਘ ਰਾਜ ਪ੍ਰਧਾਨ ਪਨਸਪ, ਦੀਪ ਚੰਦ ਸਿੱਖਿਆ ਵਿਭਾਗ, ਮੋਹਨ ਸਿੰਘ ਵੇਅਰ ਹਾਊਸ , ਅਜੇ ਕੁਮਾਰ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਕਪਿਲ ਸ਼ਰਮਾ, ਮਾਸਟਰ ਜਗਤਾਰ ਸਿੰਘ ਰੋਡਵੇਜ ਪ੍ਰਧਾਨ ਬਰਨਾਲਾ ਡੀਪੂ ਹਾਜ਼ਰ ਸਨ।