ਬਰਨਾਲਾ, 24 ਜੁਲਾਈ (ਧਰਮਪਾਲ ਸਿੰਘ):ਸਥਾਨਕ ਧਨੌਲਾ ਰੋਡ ਸਥਿਤ ਇੰਦਰਲੋਕ ਕਲੋਨੀ ਵਾਸੀਆਂ ਦੁਆਰਾ ਗਠਿਤ ਇੰਦਰਲੋਕ ਐਵੇਨਿਊ ਰੈਜੀਡੈਂਟਸ ਵੈੱਲਫੇਅਰ ਕਮੇਟੀ ਨੇ ਕਲੋਨੀ ਦੇ ਗੇਟ ਸਾਹਮਣੇ ਸਥਿਤ ਹੋਟਲਾਂ ਵਿੱਚ ਚਲਦੀਆਂ ਕਥਿਤ ਦੇਹ ਵਪਾਰ ਜਿਹਿਆਂ ਅਨੈਤਿਕ ਗਤੀਵਿਧੀਆਂ ਦੀ ਰੋਕਥਾਮ ਹਿਤ ਐੱਸਐੱਸਪੀ ਬਰਨਾਲਾ ਨੂੰ ਮੁੜ ਯਾਦ ਪੱਤਰ ਸੌਂਪਿਆ। ਵਫ਼ਦ ਦੀ ਅਗਵਾਈ ਕਰ ਰਹੇ ਕਮੇਟੀ ਪ੍ਰਧਾਨ ਮਾ.ਭੋਲਾ ਸਿੰਘ, ਹਰਬੰਸ ਸਿੰਘ ਤੇ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੌਸ਼ ਕਲੋਨੀ ਦੇ ਮੁੱਖ ਗੇਟ ਅੱਗੇ ਖੁੱਲ੍ਹੇ ਦੋ ਹੋਟਲਾਂ ਵਿੱਚ ਪਰਿਵਾਰਿਕ ਰੈਸਟੋਰੈਂਟ ਸਹੂਲਤਾਂ ਜਾਂ ਹੋਰ ਸਮਾਜਿਕ ਗਤੀਵਿਧੀਆਂ ਦੀ ਥਾਂ ਕਥਿਤ ਨਜਾਇਜ਼ ਰਿਸ਼ਤਿਆਂ ਵਾਲੇ ਜੋੜਿਆਂ ਨੂੰ ਗੈਰ ਇਖ਼ਲਾਕੀ/ਅਸੱਭਿਅਕ ਕੰਮਾਂ ਲਈ ਕਮਰੇ ਮੁੱਹਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੋਟਲਾਂ ਦਾ ਮਹੌਲ ਸਾਹਮਣੇ ਵਸਦੇ ਸੱਭਿਅਕ ਮਾਪਿਆਂ, ਭੈਣ-ਭਰਾਵਾਂ ਤੇ ਬੱਚਿਆਂ ਲਈ ਬੜਾ ਨਮੋਸ਼ੀਜਨਕ ਤੇ ਸ਼ਰਮਿੰਦਗੀ ਦਾ ਕਾਰਨ ਬਣਿਆ ਰਹਿੰਦਾ ਹੈ। ਕਿਹਾ ਕਿ ਇਸ ਸਮੱਸਿਆਂ ਤੋਂ ਨਿਜਾਤ ਦਿਵਾਉਣ ਲਈ ਇਸ ਲੰਘੀ 14 ਮਈ ਨੂੰ ਵੀ ਕਲੋਨੀ ਵਾਸੀਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਦੇ ਦਫ਼ਤਰ ਵਿਖੇ ਸ਼ਿਕਾਇਤ ਪੱਤਰ ਦਿੱਤਾ ਸੀ। ਪ੍ਰੰਤੂ ਉਕਤ ਹਾਲਾਤ ਜਿਉਂ ਦੀ ਤਿਉਂ ਹਨ। ਕਮੇਟੀ ਆਗੂਆਂ ਕਿਹਾ ਕਿ ਹੁਣ ਦੁਬਾਰਾ ਪੱਤਰ ਸੌਂਪ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਪੁਲੀਸ ਪ੍ਰਸ਼ਾਸਨ ਪਾਸੋਂ ਹੱਲ ਦੀ ਮੁੜ੍ਹ ਮੰਗ ਕੀਤੀ ਗਈ ਹੈ। ਆਗੂਆਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਕਤ ਹੋਟਲ ਮਾਲਕਾਂ/ਪ੍ਰਬੰਧਕਾਂ ਨੂੰ ਨਕੇਲ ਪਾਉਣ ਦੀ ਥਾਂ ਪੁਸ਼ਤਪਨਾਹੀ ਕੀਤੀ ਗਈ ਤਾਂ ਕਲੋਨੀ ਵਾਸੀ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਪੱਕਾ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ। ਐੱਸਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਵਫ਼ਦ ਨੂੰ ਜਾਂਚ ਉਪਰੰਤ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ।
ਇਸ ਮੌਕੇ ਛੋਟਾ ਸਿੰਘ, ਜਬਰਜਸ਼ ਸਿੰਘ ਤੇ ਖੁਸ਼ਵੰਤ ਸਿੰਘ ਚੀਮਾ ਸਮੇਤ ਹੋਰ ਵਾਸੀ ਵੀ ਹਾਜ਼ਰ ਸਨ।