ਭਾਰਤੀ ਕ੍ਰਿਕਟ ਟੀਮ ਨੂੰ ਬੁੱਧਵਾਰ ਤੋਂ ਇੱਥੇ ਇੰਗਲੈਂਡ ਖਿਲਾਫ਼ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਵਿੱਚ ਅਜਿਹੇ ਗੇਂਦਬਾਜ਼ਾਂ ਦੀ ਚੋਣ ਕਰਨੀ ਪਵੇਗੀ, ਜੋ ਬੱਲੇਬਾਜ਼ਾਂ ਲਈ ਅਨੁਕੂਲ ਪਿੱਚ ’ਤੇ ਪੂਰੀਆਂ 20 ਵਿਕਟਾਂ ਲੈ ਸਕਣ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਨੇ ਜਦੋਂ ਹੈਡਿੰਗਲੇ ਵਿੱਚ ਪਹਿਲੇ ਟੈਸਟ ਦੇ ਆਖਰੀ ਦਿਨ 371 ਦੌੜਾਂ ਦਾ ਟੀਚਾ ਸੌਖਿਆਂ ਹੀ ਹਾਸਲ ਕਰ ਲਿਆ ਸੀ ਤਾਂ ਭਾਰਤੀ ਟੀਮ ਮੈਨੇਜਮੈਂਟ ਨੇ ਖੁਦ ਮੰਨਿਆ ਸੀ ਕਿ ਮੈਚ ਵਿੱਚ ਟੀਮ ਨੂੰ ਸਪਿੰਨਰ ਕੁਲਦੀਪ ਯਾਦਵ ਦੀ ਘਾਟ ਮਹਿਸੂਸ ਹੋਈ ਸੀ। ਬਰਮਿੰਘਮ ਵਿੱਚ ਮੌਸਮ ਗਰਮ ਹੈ। ਪਿੱਚ ਉੱਪਰ ਘਾਹ ਹੈ ਪਰ ਹੇਠਾਂ ਸੁੱਕੀ ਹੈ। ਤਿੰਨ ਸਾਲ ਪਹਿਲਾਂ ਇਸੇ ਮੈਦਾਨ ’ਤੇ ਇੰਗਲੈਂਡ ਨੇ 378 ਦੌੜਾਂ ਦਾ ਟੀਚਾ ਪ੍ਰਾਪਤ ਕਰਕੇ ਲੜੀ ਡਰਾਅ ਕੀਤੀ ਸੀ। ਇਸ ਮੈਦਾਨ ’ਤੇ ਸਪਿੰਨਰ ਅਹਿਮ ਭੂਮਿਕਾ ਨਿਭਾਉਣਗੇ ਅਤੇ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਹ ਹਰਫਨਮੌਲਾ ਖਿਡਾਰੀ ਵਾਸ਼ਿੰਗਟਨ ਸੁੰਦਰ ਨੂੰ ਰਵਿੰਦਰ ਜਡੇਜਾ ਨਾਲ ਮੈਦਾਨ ’ਤੇ ਉਤਾਰੇਗੀ ਜਾਂ ਸਪਿੰਨਰ ਕੁਲਦੀਪ ਯਾਦਵ ਨੂੰ। ਇਹ ਤੈਅ ਹੈ ਕਿ ਭਾਰਤ ਦੋ ਸਪਿੰਨਰਾਂ ਨਾਲ ਜਾਵੇਗਾ। ਦੂਜੇ ਮੈਚ ਵਿੱਚ ਜਸਪ੍ਰੀਤ ਬੁਮਰਾਹ ਦੇ ਖੇਡਣ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।