ਦੇਸ਼ ਦੀਆਂ ਹਰ ਸਰਕਾਰਾਂ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਅਕਸਰ ਵੱਡੀਆਂ ਵੱਡੀਆਂ ਯੋਜਨਾਵਾਂ ਬਣਾਉਂਦੀਆਂ ਰਹਿੰਦੀਆਂ ਹਨ। ਇਹ ਜ਼ਰੂਰੀ ਵੀ ਹੈ ਕਿਉਂ ਕਿ ਜੇਕਰ ਲੋਕਾਂ ਦੀ ਸਿਹਤ ਅਤੇ ਸਿੱਖਿਆ ਦਰੁਸਤ ਹੋਵੇਗੀ, ਤਾਂ ਹੀ ਉਹ ਹਰ ਮੁਕਾਮ ਨੂੰ ਹਾਸਲ ਕਰ ਸਕਣਗੇ। ਪਿਛਲੇ ਸਮੇਂ ਕਰੋਨਾਂ ਦੀ ਵਿਸ਼ਵ ਵਿਆਪੀ ਲਹਿਰ ਨੇ ਪੂਰੇ ਸੰਸਾਰ ਨੂੰ ਇੱਕ ਗੱਲ ਜ਼ਰੂਰ ਸਿਖਾ ਦਿੱਤੀ ਹੈ ਕਿ ਇੱਕ ਇਨਸਾਨ ਕੋਲ ਭਾਵੇਂ ਜਿੰਨ੍ਹੀ ਵੀ ਧਨ ਦੌਲਤ ਹੋਵੇ, ਉਹ ਉਨ੍ਹੀਂ ਦੇਰ ਤੱਕ ਪੂਰਾ ਨਹੀਂ ਹੋ ਸਕਦਾ, ਜਦੋਂ ਤੱਕ ਉਸ ਕੋਲ ਇੱਕ ਚੰਗੀ ਸਿਹਤ ਨਾ ਹੋਵੇ। ਸੋ ਮਨੁੱਖ ਦਾ ਸਿਹਤਮੰਦ ਹੋਣਾ ਅਤਿ ਜ਼ਰੂਰੀ ਹੈ। ਇੱਕ ਇਨਸਾਨ ਨੇ ਜੇਕਰ ਇੱਕ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਜਿਉਣੀ ਹੈ, ਤਾਂ ਫਿਰ ਉਸ ਨੂੰ ਆਪਣੇ ਆਪ ਨੂੰ ਫਿੱਟ ਰੱਖਣਾ ਹੀ ਪਵੇਗਾ। ਅੱਜਕੱਲ੍ਹ ਹਰ ਸੂਬੇ ਦੀਆਂ ਸਰਕਾਰਾਂ ਵੀ ਇਸ ਪ੍ਰਤੀ ਗੰਭੀਰ ਚਿੰਤਤ ਹਨ, ਕਿਉਂ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਸਿਹਤ ਚੰਗੀ ਹੈ, ਤਾਂ ਹੀ ਸਭ ਕੁੱਝ ਚੰਗਾ ਹੈ। ਇਸੇ ਨੂੰ ਮੱਦੇਨਜ਼ਰ ਰੱਖਦਿਆਂ ਅਜੋਕੇ ਸਮੇਂ ਦੌਰਾਨ ਸਕੂਲੀ ਪੜ੍ਹਾਈ ਤੋਂ ਇਲਾਵਾ ਖੇਡ ਗਤੀਵਿਧੀਆਂ ਵਿੱਚ ਜਿੱਥੇ ਸਰਕਾਰ ਦੁਆਰਾ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ, ਉੱਥੇ ਨੌਜਵਾਨਾਂ ਖਾਸ ਕਰਕੇ ਸਕੂਲੀ ਬੱਚਿਆਂ ਵਿੱਚ ਇਸ ਦਾ ਅਥਾਹ ਜੋਸ਼ ਪੈਦਾ ਹੋ ਰਿਹਾ ਹੈ। ਜੇਕਰ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੀ ਗੱਲ ਕਰੀਏ, ਤਾਂ ਇਹ ਖੇਡਾਂ ਅਗਸਤ ਮਹੀਨੇ ਦੇ ਆਖੀਰ ਜਾਂ ਸਤੰਬਰ ਮਹੀਨੇ ਵਿੱਚ ਸ਼ੁਰੂ ਹੋ ਜਾਂਦੀਆਂ ਹਨ। ਸਕੂਲੀ ਪੱਧਰ ਤੋਂ ਲੈ ਕੇ ਸੈਂਟਰ ਪੱਧਰ, ਜ਼ਿਲ੍ਹਾ ਪੱਧਰ ਤੱਕ ਜਾਣ ਤੋਂ ਬਾਅਦ ਸਟੇਟ ਪੱਧਰ ਤੱਕ ਜਾਣ ਲਈ ਬੱਚੇ ਤੇ ਅਧਿਆਪਕ ਆਪਣੀ ਅਹਿਮ ਭੂਮਿਕਾ ਅਦਾ ਕਰਦੇ ਹਨ। ਨੰਨ੍ਹੇ ਮੁੰਨੇ ਬੱਚਿਆਂ ਦੀ ਇਹ ਖੇਡਾਂ ਅਤਿ ਆਨੰਦਮਈ ਹੁੰਦੀਆਂ ਹਨ। ਬੱਚੇ ਆਪਣੀ ਉਹ ਪ੍ਰਤਿਭਾ ਵਿਖਾਉਂਦੇ ਹਨ, ਜਿਸ ਨੂੰ ਵੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ, ਕਈ ਵਾਰ ਵੇਖਣ ਵਾਲੇ ਦਰਸ਼ਕ ਖਾਸ ਕਰਕੇ ਉਸ ਸਕੂਲ ਦੇ ਅਧਿਆਪਕ ਬੱਚੇ ਨੂੰ ਇੰਝ ਗਲਵੱਕੜੀ 'ਚ ਲੈ ਲੈਂਦੇ ਹਨ ਜਿਵੇਂ ਸੱਚਮੁੱਚ ਹੀ ਉਹੀ ਉਸ ਦੇ ਮਾਪੇ ਹੋਣ। ਉਹ ਬੱਚੇ ਜੋ ਕਦੇ ਆਪਣੇ ਬਲਾਕ ਜਾਂ ਜ਼ਿਲ੍ਹੇ ਦੀ ਹੱਦ ਨਹੀਂ ਟੱਪੇ ਹੁੰਦੇ ਇਹ ਖੇਡ ਟੂਰਨਾਮੈਂਟ ਉਨ੍ਹਾਂ ਨੂੰ ਪੰਜਾਬ ਵੀ ਟਪਾ ਦਿੰਦੇ ਹਨ। ਖੇਡ ਟੂਰਨਾਮੈਂਟ ਵਿੱਚ ਬੱਚੇ ਜਦੋਂ ਅਲੱਗ ਅਲੱਗ ਖਿਡਾਰੀਆਂ ਨਾਲ ਮਿਲ ਕੇ ਇੱਕ ਟੀਮ ਬਣਾ ਕੇ ਪ੍ਰਦਰਸ਼ਨ ਕਰਦੇ ਹਨ, ਤਾਂ ਆਖੀਰ ਵਿੱਚ ਟੂਰਨਾਮੈਂਟ ਦੇ ਖਤਮ ਹੋਣ ਤੋਂ ਬਾਅਦ ਜਦੋਂ ਉਹ ਇੱਕ ਦੂਸਰੇ ਤੋਂ ਵਿਛੜਦੇ ਹਨ, ਤਾਂ ਉਨ੍ਹਾਂ ਦੇ ਮਨ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਦੀ ਦੋਸਤੀ ਏਨੀ ਪੱਕੀ ਹੋ ਜਾਂਦੀ ਹੈ, ਮਾਨੋ ਉਹ ਬਚਪਨ ਦੇ ਯਾਰ ਹੋਣ। ਮਿਲਵਰਤਨ ਸਹਿਯੋਗ, ਇਮਾਨਦਾਰੀ ਆਦਿ ਦੇ ਗੁਣ ਜਿੱਥੇ ਜ਼ਿੰਦਗੀ ਭਰ ਲਈ ਅੰਗ ਸੰਗ ਹੋ ਜਾਂਦੇ ਹਨ, ਉੱਥੇ ਉਹ ਨਸ਼ਿਆਂ ਜਾਂ ਬੁਰਾਈਆਂ ਤੋਂ ਵੀ ਬਹੁਤ ਦੂਰ ਚਲੇ ਜਾਂਦੇ ਹਨ। ਖੇਡਾਂ ਸਿਰਫ਼ ਸਰੀਰਿਕ ਤੰਦਰੁਸਤੀ ਤੱਕ ਹੀ ਸੀਮਿਤ ਨਹੀਂ ਰਹਿੰਦੀਆਂ ਸਗੋਂ ਇਸ ਤਹਿਤ ਖਿਡਾਰੀ ਸਰਕਾਰੀ ਭਰਤੀਆਂ 'ਚ ਵੀ ਵਿਸ਼ੇਸ਼ ਕੋਟੇ ਰਾਹੀਂ ਨੌਕਰੀਆਂ ਹਾਸਲ ਕਰਕੇ ਆਪਣੇ ਭਵਿੱਖ ਦੀ ਹਰ ਮੰਜ਼ਿਲ ਨੂੰ ਸਰ ਕਰਦੇ ਹਨ।
ਇਸ ਸਾਰੇ ਸੰਦਰਭ ਨੂੰ ਜੇਕਰ ਡੂੰਘਾਈ ਨਾਲ ਵਾਚਿਆ ਜਾਵੇ, ਤਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਦਿਆਰਥੀਆਂ ਅੰਦਰ ਛੁਪੀ ਹੋਈ ਹਰ ਪ੍ਰਤਿਭਾ ਨੂੰ ਬਾਹਰ ਕੱਢਣ 'ਚ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ।
ਸ਼ਾਲਾ! ਆਸ ਕਰਦੇ ਹਾਂ ਕਿ 2025 'ਚ ਸ਼ੁਰੂ ਹੋਣ ਵਾਲੀਆਂ ਇਹ ਖੇਡਾਂ ਵਿਦਿਆਰਥੀਆਂ ਲਈ ਇੱਕ ਨਵੀਂ ਐਨਰਜ਼ੀ ਭਰਨ।
ਲਖਵੀਰ ਸਿੰਘ ਬੋਹਾ
ਈਟੀਟੀ ਸਪਸ ਕੁਲਰੀਆਂ