ਬਰਨਾਲਾ, 7 ਜੁਲਾਈ (ਧਰਮਪਾਲ ਸਿੰਘ): ਤਰਕਸ਼ੀਲ ਚੌਂਕ ਨੇੜੇ ਅਜ਼ਾਦ ਨਗਰ ਵਿਖੇ ਬੈਂਕ ਆਫ਼ ਇੰਡੀਆ ਦੀ ਬਰਨਾਲਾ ਬ੍ਰਾਂਚ ਵੱਲੋਂ ਇੱਕ ਗ਼ਰੀਬ ਦਲਿਤ ਪ੍ਰੀਵਾਰ ਰਵਿੰਦਰ ਕੌਰ ਪਤਨੀ ਜਸਵੀਰ ਸਿੰਘ ਦੇ ਘਰ ਦੀ ਕੁਰਕੀ ਕਰਨ ਲਈ ਨੋਟਿਸ ਭੇਜਿਆ ਗਿਆ ਸੀ ਪਰ ਮਜ਼ਦੂਰ -ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਬੰਧਤ ਘਰ ਦੇ ਸਾਹਮਣੇ ਧਰਨਾ ਲਾ ਕੇ ਬੈਂਕ ਦੇ ਖ਼ਿਲਾਫ਼ ਅਤੇ ਸਰਕਾਰ ਦੀਆਂ ਗ਼ਰੀਬ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ਼ ਪ੍ਰਦਰਸਨ ਕਰਕੇ ਧਰਨਾ ਲਾਇਆ ਗਿਆ ਪਰ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਧਰਨੇ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ ਅਤੇ ਨਾਹਰ ਸਿੰਘ ਗੁਮਟੀ ਬਲਾਕ ਖਜ਼ਾਨਚੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਰਾਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਦੇ ਕਰੋੜਾਂ - ਅਰਬਾਂ ਰੁਪਏ ਦੇ ਕਰਜ਼ੇ ਮੁਆਫ਼ ਕਰ ਰਹੀਆਂ ਹਨ ਪਰ ਦੂਜੇ ਪਾਸੇ ਗ਼ਰੀਬ ਲੋਕਾਂ ਦੇ ਕਰਜ਼ੇ ਬਦਲੇ ਘਰਾਂ ਅਤੇ ਸਮਾਨ ਦੀ ਕੁਰਕੀ ਕਰਨ ਲਈ ਨਵੇਂ ਤੋਂ ਨਵੇਂ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਰਵਿੰਦਰ ਕੌਰ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ 2016 ਵਿੱਚ ਘਰ ਪਾਉਣ ਲਈ 'ਬੈਂਕ ਆਫ ਇੰਡੀਆ' ਤੋਂ ਕਰਜ਼ਾ ਲਿਆ ਸੀ। ਕਈ ਸਾਲ ਲਗਾਤਾਰ ਕਿਸ਼ਤਾਂ ਭਰੀਆਂ ਗਈਆਂ ਪਰ ਜਦੋਂ ਘਰ ਦੀ ਮਾਲਕਣ ਦੀ ਮੌਤ ਹੋ ਗਈ, ਉਸ ਤੋਂ ਬਾਅਦ ਕਿਸ਼ਤਾਂ ਟੁੱਟ ਗਈਆਂ। ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਪ੍ਰੀਵਾਰ ਦੇ ਬੱਚੇ ਬੇਰੁਜ਼ਗਾਰ ਹਨ, ਉਹ ਕਿਸ਼ਤਾਂ ਨਹੀਂ ਭਰ ਸਕਦੇ। ਸਰਕਾਰ ਅਤੇ ਇਥੋਂ ਦਾ ਪ੍ਰਸ਼ਾਸਨ ਗ਼ਰੀਬ ਪ੍ਰੀਵਾਰਾਂ ਨਾਲ ਵਧੀਕੀਆਂ ਕਰ ਰਿਹਾ ਹੈ ਅਤੇ ਗ਼ਰੀਬ ਬੱਚਿਆਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਕਿਸੇ ਵੀ ਗ਼ਰੀਬ ਪਰਿਵਾਰ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਆਗੂਆਂ ਨੇ ਇਹ ਵੀ ਕਿਹਾ ਕਿ ਜਿਵੇਂ ਸਰਕਾਰਾਂ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟਾਂ ਦਾ ਕਰਜ਼ਾ ਮੁਆਫ਼ ਕਰ ਰਹੀਆਂ ਹਨ, ਉਸੇ ਤਰ੍ਹਾਂ ਗ਼ਰੀਬ ਮਜ਼ਦੂਰਾਂ - ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਣਾ ਚਾਹੀਦਾ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਕੌਰ ਅਕਲੀਆ ਅਤੇ ਹਰਮੇਲ ਸਿੰਘ ਮੇਲਾ ਖੁੱਡੀ ਕਲਾਂ ਬੀਕੇਯੂ ਡਕੌਂਦਾ (ਬੁਰਜ਼ ਗਿੱਲ), ਰਾਜ ਸਿੰਘ ਅਕਲੀਆ,ਜਗਤਾਰ ਸਿੰਘ ਪੱਖੋਕਲਾਂ ਆਦਿ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਿਸਾਨ ਆਗੂ ਦਰਸ਼ਨ ਸਿੰਘ ਮਹਿਤਾ ਨੇ ਸੁਚਾਰੂ ਢੰਗ ਨਾਲ ਨਿਭਾਈ।