ਆਮ ਆਦਮੀ ਪਾਰਟੀ ਤੋਂ ਮੁਅੱਤਲ ਹੋਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਮੁਲਾਕਾਤ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਦੋਵਾਂ ਆਗੂਆਂ ਦੀ ਇਸ ਮੁਲਾਕਾਤ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ, ਉਹ ਇਸ ਗੱਲ ਦਾ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਹੁਣ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜੋ ਸੱਚ ਬੋਲਦੇ ਹਨ ਅਤੇ ਪੰਜਾਬ ਦੇ ਮੁੱਦਿਆਂ 'ਤੇ ਸਵਾਲ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਬਣ ਗਏ ਹਨ ਅਤੇ ਹੁਣ ਪਾਰਟੀ ਲੋਕਤੰਤਰ ਤੋਂ ਬਹੁਤ ਦੂਰ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਸਿਰਫ਼ ਸੋਸ਼ਲ ਮੀਡੀਆ ਦੀ ਪਾਰਟੀ ਹੈ, ਜੋ ਖੁਦ ਨੂੰ ਸੱਚਾ ਦਿਖਾਉਣ ਲਈ ਸੋਸ਼ਲ ਮੀਡੀਆ 'ਤੇ ਦੂਜਿਆਂ ਨੂੰ ਭੰਡਦੀ ਹੈ।
ਖਹਿਰਾ ਨੇ ਵਿਜੇ ਸਿੰਗਲਾ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ "ਜਿਸ ਵਿਅਕਤੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਕੱਢ ਦਿੱਤਾ ਗਿਆ ਸੀ, ਉਸ ਵਿਰੁੱਧ ਤਿੰਨ ਸਾਲਾਂ ਵਿੱਚ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ। ਇਸਦੇ ਉਲਟ ਉਸਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਹ ਦੋਹਰਾ ਮਾਪਦੰਡ ਆਮ ਆਦਮੀ ਪਾਰਟੀ ਦੀ ਡਿੱਗਦੀ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਾਰੇ ਵੀ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਮੰਤਰੀ ਬਣਨ ਦੇ ਯੋਗ ਨਹੀਂ ਸਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਆਪਣੇ ਆਪ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਇਸ ਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਨੂੰ ਕਾਂਗਰਸ 'ਚ ਸ਼ਾਮਲ ਕਰਨ ਦੇ ਸਵਾਲ 'ਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਪਾਰਟੀ 'ਚ ਸ਼ਾਮਲ ਕਰਨ ਦਾ ਕੋਈ ਅਧਿਕਾਰ ਹੈ ਤੇ ਨਾ ਹੀ ਉਹ ਇਸ ਮੰਤਵ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਨਿੱਜੀ ਸੀ, ਕਿਉਂਕਿ ਸਾਡੀ ਸਾਂਝ ਪਹਿਲਾਂ ਦੀ ਹੈ।
ਇਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੀਡੀਆ ਨੂੰ ਇਹ ਵੀ ਕਿਹਾ ਕਿ ਖਹਿਰਾ ਨਾਲ ਉਨ੍ਹਾਂ ਦੀ ਮੁਲਾਕਾਤ ਪੂਰੀ ਤਰ੍ਹਾਂ ਨਿੱਜੀ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅਜੇ ਤੱਕ ਪਾਰਟੀ ਵਿੱਚੋਂ ਕੱਢਣ ਸੰਬੰਧੀ ਕੋਈ ਅਧਿਕਾਰਤ ਨੋਟਿਸ ਨਹੀਂ ਮਿਲਿਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ, "ਮੈਨੂੰ ਅੰਮ੍ਰਿਤਸਰ ਉੱਤਰੀ ਦੇ ਲੋਕਾਂ ਨੇ ਚੁਣਿਆ ਹੈ ਅਤੇ ਮੈਨੂੰ ਕਿਸੇ ਵੀ ਨੇਤਾ ਦੇ ਨਾਮ 'ਤੇ ਵੋਟਾਂ ਨਹੀਂ ਮਿਲੀਆਂ। ਮੈਂ ਸਿਰਫ ਜਨਤਾ ਦਾ ਰਿਣੀ ਹਾਂ, ਕਿਸੇ ਨੇਤਾ ਦਾ ਨਹੀਂ।"