ਭਾਰਤੀ ਜਨਤਾ ਪਾਰਟੀ ਦੇ ਆਗੂ ਰਣਜੀਤ ਸਿੰਘ ਗਿੱਲ ਦੀ ਚੰਡੀਗੜ੍ਹ ਰਿਹਾਇਸ਼ ਦੇ ਘਰ ਅੱਜ ਸਵੇਰ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ। ਵਿਜੀਲੈਂਸ ਦੀ ਟੀਮ ਸਵੇਰ ਤੋਂ ਹੀ ਉਨ੍ਹਾਂ ਦੇ ਘਰ ਅੰਦਰ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਰਣਜੀਤ ਗਿੱਲ ਕੱਲ੍ਹ ਦੇਰ ਰਾਤ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋਏ ਸਨ ਤੇ ਅੱਜ ਸਵੇਰ ਉਨ੍ਹਾਂ ਦੇ ਘਰ ਵਿਜੀਲੈਂਸ ਨੇ ਰੇਡ ਕੀਤੀ ਹੈ। ਰਣਜੀਤ ਗਿੱਲ ਗਿਲਕੋ ਕੰਪਨੀ ਦੇ ਮਾਲਕ ਹਨ।
ਰਣਜੀਤ ਗਿੱਲ ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਚ ਸ਼ਾਮਲ ਕਰਵਾਇਆ ਹੈ। ਰਣਜੀਤ ਸਿੰਘ ਗਿੱਲ ਨੇ 18 ਜੁਲਾਈ ਨੂੰ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਉਹ ਲਗਾਤਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਸਨ। ਉਹ ਅਕਾਲੀ ਦਲ ਦੇ ਹਲਕਾ ਇੰਚਾਰਜ ਸਨ।
ਜਦੋਂ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ, ਜਿਸ ਤੋਂ ਸੰਕੇਤ ਮਿਲਿਆ ਕਿ ਉਹ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ ਖਰੜ ਹਲਕੇ ਦੀਆਂ ਭੈਣਾਂ ਤੇ ਭਰਾਵਾਂ ਨੂੰ ਗੁਰੂ ਕੀ ਫਤਿਹ। ਹੁਣ ਸਮਾਂ ਆ ਗਿਆ ਹੈ ਕਿ ਮੈਂ ਹਲਕੇ ਦੇ ਵਸਨੀਕਾਂ, ਪੰਜਾਬ, ਪੰਜਾਬੀ ਸੱਭਿਆਚਾਰ ਤੇ ਦੇਸ਼ ਲਈ ਜੋ ਵੀ ਢੁਕਵਾਂ ਫੈਸਲਾ ਲੈਣਾ ਹੋਵੇਗਾ, ਉਹ ਲਵਾਂਗਾ।
ਰਣਜੀਤ ਸਿੰਘ ਗਿੱਲ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ਹੋਏ ਸਨ। ਉਹ ਮੂਲ ਰੂਪ ਤੋਂ ਰੋਪੜ ਦੇ ਰਹਿਣ ਵਾਲੇ ਹਨ। ਉਹ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ। 2017 ‘ਚ, ਉਨ੍ਹਾਂ ਨੇ ਪਹਿਲੀ ਵਾਰ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ, ਪਰ ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਚੋਣ ‘ਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਜਿੱਤੇ ਸਨ, ਜਦੋਂ ਕਿ ਗਿੱਲ ਦੂਜੇ ਸਥਾਨ ਤੇ ਰਹੇ ਸਨ। ਇਸੇ ਤਰ੍ਹਾਂ, ਸਾਲ 2022 ‘ਚ, ਉਨ੍ਹਾਂ ਨੇ ਫਿਰ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ, ਪਰ ਉਨ੍ਹਾਂ ਨੂੰ ਗਾਇਕਾ ਅਨਮੋਲ ਗਗਨ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਵੀ, ਉਹ ਪਾਰਟੀ ਨਾਲ ਜੁੜੇ ਰਹੇ।