ਪੰਜਾਬ ਤੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਪੈ ਰਹੀ ਬਾਰਿਸ਼ ਹੁਣ ਮੁਸੀਬਤ ਦਾ ਕਾਰਨ ਬਣਦੀ ਜਾ ਰਹੀ ਹੈ। ਬੀਤੇ ਦਿਨ ਪਠਾਨਕੋਟ ਤੇ ਗੁਰਦਾਸਪੁਰ ‘ਚ ਭਾਰੀ ਬਾਰਿਸ਼ ਕਾਰਨ ਸਥਿਤੀ ਗੰਭੀਰ ਬਣਦੀ ਦਿਖਾਈ ਦਿੱਤੀ। ਪਠਾਨਕੋਟ ਦੇ ਪਿੰਡ ਕੋਠੇ ਮਵਾਲ ‘ਚ ਇੱਕ ਘਰ ਮੀਂਹ ਦੇ ਤੇਜ਼ ਵਹਾਅ ਵਾਲੇ ਪਾਣੀ ਨਾਲ ਢਹਿ ਢੇਰੀ ਹੋ ਗਿਆ। ਇਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਉੱਥੇ ਹੀ ਭਾਰੀ ਬਾਰਿਸ਼ ਕਾਰਨ ਪਠਾਨਕੋਟ-ਕਠੂਆ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਇਸੇ ਥਾਂ ‘ਤੇ ਇੱਕ ਪੁਰਾਣਾ ਪੁਲ ਵੀ ਸੀ, ਜੋ ਬਰਸਾਤ ਦੇ ਪਾਣੀ ਕਾਰਨ ਢਹਿ-ਢੇਰੀ ਹੋ ਗਿਆ ਹੈ। ਉੱਥੇ ਹੀ ਪਠਾਨਕੋਟ-ਕਠੂਆ ਪੁਲ ਹੇਠਲੇ ਪਾਸਿਓਂ ਪਾਣੀ ਦੀ ਚਪੇਟ ‘ਚ ਆਉਣ ਦੇ ਕਾਰਨ, ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਆਵਾਜਾਈ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਰੂਟ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਹੁਣ ਵਿਕਲਪ ਲਈ ਦੂਜੇ ਰੂਟਾਂ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸਫ਼ਰ ਲੰਬਾ ਹੋ ਗਿਆ ਹੈ।
ਚੱਕੀ ਦਰਿਆ ਤੇ ਬਣੇ ਰੇਲਵੇ ਪੁਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟ੍ਰੇਨ ਉਪਰੋਂ ਲੰਘ ਰਹੀ ਹੈ ਤੇ ਪੁਲ ਤੇ ਥੱਲੇ ਤੋਂ ਮਿੱਟੀ ਖਿਸਕ ਰਹੀ ਹੈ। ਭਾਰੀ ਬਾਰਿਸ਼ ਕਾਰਨ ਪਠਾਨਕੋਟ ‘ਚ ਲੋਕਾਂ ਨੂੰ ਆਮ ਜੀਵਨ ਲਈ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਗੁਰਦਾਸਪੁਰ ‘ਚ ਰਾਵੀ, ਉੱਝ ਤੇ ਚੱਕੀ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਾਰਨ ਹੜ੍ਹ ਵਰਗੇ ਹਾਲਾਤ ਹਨ। ਦੀਨਾਨਗਰ ‘ਚ ਰਾਵੀ ਤੇ ਉੱਝ ਦਰਿਆ ਦੇ ਸੰਗਮ ਸਥਾਨ ਮਕੌੜਾ ਪੱਤਣ ‘ਚ ਹੜ੍ਹ ਵਰਗੇ ਹਾਲਾਤ ਹਨ। ਪਾਕਿਸਤਾਨ ਬਾਰਡਰ ਨਾਲ ਲਗਦੇ ਸੱਤ ਪਿੰਡਾਂ-ਤੂਰ, ਚੇਬੇ, ਮੱਮੀ ਚੱਕ ਰੰਗ, ਭਰਿਆਲ, ਲਸਿਆਨ, ਝੂੰਬਰ ਤੇ ਕਜਲਾ ਨਾਲ ਸੰਪਰਕ ਟੁੱਟ ਗਿਆ ਹੈ।
ਰਣਜੀਤ ਸਾਗਰ ਡੈਮ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ, ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ। ਡੈਮ ਪ੍ਰਸ਼ਾਸਨ ਵੱਲੋਂ ਕੱਲ੍ਹ ਸ਼ਾਮ ਇੱਕ ਸਪਿਲਵੇਅ ਗੇਟ ਖੋਲ੍ਹਿਆ ਗਿਆ ਸੀ, ਅੱਜ ਸਵੇਰ ਤੋਂ ਡੈਮ ਦੇ ਦੋ ਗੇਟ ਖੋਲ੍ਹ ਕੇ ਰਾਵੀ ਦਰਿਆ ‘ਚ ਲਗਭਗ 33 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵੇਲੇ 5 ਗੇਟ ਅਜੇ ਵੀ ਬੰਦ ਹਨ, ਇਸ ਤੋਂ ਇਲਾਵਾ, ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ।