-ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪ੍ਰੀਖਿਆ 29 ਅਤੇ 31 ਅਗਸਤ ਨੂੰ
ਬਰਨਾਲਾ, 16 ਅਗਸਤ (ਧਰਮਪਾਲ ਸਿੰਘ, ਬਲਜੀਤ ਕੌਰ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਐੱਗਜੈੱਕਟਿਵ ਕਮੇਟੀ ਦੀ ਮੀਟਿੰਗ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਇੱਥੇ ਸੂਬਾ ਮੁੱਖ ਦਫ਼ਤਰ ਵਿਖੇ ਹੋਈ।ਜਿਸ ਵਿੱਚ ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਅਤੇ ਜੱਥੇਬੰਦਕ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੋਨ ਪੱਧਰ ਤੇ ਸਿਖਲਾਈ ਵਰਕਸ਼ਾਪਾਂ ਲਗਾਉਣ ਦੇ ਇਲਾਵਾ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ,ਹੇਮ ਰਾਜ ਸਟੈਨੋਂ, ਰਾਜਪਾਲ ਬਠਿੰਡਾ, ਗੁਰਪ੍ਰੀਤ ਸ਼ਹਿਣਾ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 29 ਅਤੇ 31 ਅਗਸਤ ਨੂੰ ਪੂਰੇ ਪੰਜਾਬ ਵਿੱਚ ਕਰਵਾਈ ਜਾ ਰਹੀ ਸੱਤਵੀਂ ਵਿਦਿਆਰਥੀ ਚੇਤਨਾ ਪ੍ਰੀਖਿਆ ਲਈ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਆਗੂਆਂ ਨੇ ਦੱਸਿਆ ਕਿ ਸਮਾਜ ਦੇ ਵੱਖ ਵੱਖ ਵਰਗਾਂ ਅਤੇ ਖੇਤਰਾਂ ਤੱਕ ਵਿਗਿਆਨਕ ਚੇਤਨਾ ਦਾ ਘੇਰਾ ਹੋਰ ਵਿਸ਼ਾਲ ਕਰਨ ਦੇ ਮਕਸਦ ਨੂੰ ਲੈ ਕੇ ਸਤੰਬਰ ਮਹੀਨੇ ਤੋਂ ਜੋਨ ਪੱਧਰ ਉਤੇ
ਵਿਚਾਰਧਾਰਕ ਪਰਪੱਕਤਾ ਦੀਆਂ ਸਿਖਲਾਈ ਵਰਕਸ਼ਾਪਾਂ ਲਗਾਉਣ ਅਤੇ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਲਈ ਜਨਤਕ ਲਾਮਬੰਦੀ ਕਰਕੇ ਜੱਥੇਬੰਦਕ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਰਾਜੇਸ਼ ਅਕਲੀਆ, ਜਸਵਿੰਦਰ ਫਗਵਾੜਾ ਤੇ ਰਾਮ ਸਵਰਨ ਲੱਖੇਵਾਲੀ ਨੇ ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਵਿੱਚ ਰਿਪੋਰਟਿੰਗ ਕਰਦੇ ਪੱਤਰਕਾਰਾਂ ਦਾ ਕਤਲ ਕਰਨ ਅਤੇ ਮਨੁੱਖੀ ਰਾਹਤ ਵੰਡ ਕੇਂਦਰਾਂ ਵਿਖੇ ਨਸਲਘਾਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਜੰਗ ਨੂੰ ਤੁਰੰਤ ਬੰਦ ਕਰਨ ਦੇ ਇਲਾਵਾ ਫਲਸਤੀਨ ਨੂੰ ਆਜ਼ਾਦ ਕਰਨ ਦੀ ਜ਼ੋਰਦਾਰ ਮੰਗ ਕੀਤੀ।