ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਐਕਸ ਹੈਂਡਲ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਨੂੰ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਸੁਖਜਿੰਦਰ ਰੰਧਾਵਾ ਨੇ ਲਿਖਿਆ ਕਿ ਬੀਤੇ ਕੱਲ੍ਹ ਉਨ੍ਹਾਂ ਦਾ ਇੱਕ ਸਾਥੀ ਉਨ੍ਹਾਂ ਦੇ ਪੁੱਤਰ ਨੂੰ ਮਿਲਿਆ ਸੀ ਤੇ ਜਾਣ ਤੋਂ ਇੱਕ ਘੰਟੇ ਦੇ ਅੰਦਰ-ਅੰਦਰ, ਉਸ ਦੇ ਉੱਪਰ ਗੋਲੀ ਚਲਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੈਂ ਸੰਸਦ ਸੈਸ਼ਨ ਲਈ ਦਿੱਲੀ ‘ਚ ਹਾਂ, ਕੋਈ ਵੀ ਗੈਂਗਸਟਰ ਮੈਨੂੰ ਹਿਲਾ ਨਹੀਂ ਸਕਦਾ। ਉਨ੍ਹਾਂ ਅੱਗੇ ਐਕਸ ਹੈਂਡਲ ‘ਤੇ ਕੀਤੀ ਗਈ, ਪੋਸਟ ‘ਚ ਲਿਖਿਆ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ‘ਚ ਪਰਮਿੰਦਰ ਸਿੰਘ ਜੋ ਕਿ ਪਿੰਡ ਰਣਸਿਕੇ ਕਲਾਂ ਦੇ ਰਹਿਣ ਵਾਲੇ ਹਨ, ਉਨ੍ਹਾਂ ਦੀ ਦੁਕਾਨ ਸਰਦਾਰ ਪਗੜੀ ਹਾਉਸ ‘ਤੇ ਬੀਤੇ ਕੱਲ 11 ਵਜੇ ਦੇ ਕਰੀਬ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਗੋਲੀ ਚਲਾ ਕੇ ਫਰਾਰ ਹੋ ਗਏ। ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਚਲਾਈ ਗਈ ਗੋਲੀ ਦੌਰਾਨ ਗੋਲੀ ਬਾਹਰਲੇ ਸ਼ੀਸ਼ੇ ਤੇ ਹੀ ਲੱਗੀ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਮੌਕੇ ਫਤਿਹਗੜ੍ਹ ਚੂੜੀਆਂ ਦੇ ਡੀਐਸਪੀ ਵਿਪਨ ਕੁਮਾਰ ਤੇ ਐਸਐਚਓ ਪ੍ਰਭਜੋਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਦੁਕਾਨ ਮਾਲਕ ਪਰਮਿੰਦਰ ਸਿੰਘ ਪਾਸੋਂ ਜਾਣਕਾਰੀ ਹਾਸਿਲ ਕੀਤੀ ਗਈ।
ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਇਸ ਦੁਕਾਨ ‘ਤੇ ਬੈਠੇ ਹੋਏ ਸਨ, ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਇਹ ਗੋਲੀ ਚੱਲੀ ਹੈ।