ਐਤਵਾਰ ਰਾਤ ਨੂੰ ਭਾਰਤ (india) ਨੇ ਨੌਵੀਂ ਵਾਰ ਏਸ਼ੀਆ ਕੱਪ ਜਿੱਤਿਆ। ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤ ਲਿਆ ਹੈ। ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 19.1 ਓਵਰਾਂ ਵਿਚ 146 ਦੌੜਾਂ ਬਣਾ ਕੇ ਆਊਟ ਹੋ ਗਈ ਜਿਸ ਦੇ ਜਵਾਬ ਵਿਚ ਭਾਰਤ ਨੇ 19.4 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਵਲੋਂ ਤਿਲਕ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 53 ਗੇਂਦਾਂ ਵਿਚ ਨਾਬਾਦ 69 ਦੌੜਾਂ ਬਣਾਈਆਂ ਜਦਕਿ ਸੰਜੂ ਸੈਮਸਨ ਨੇ ਔਖੇ ਵੇਲੇ 21 ਗੇਂਦਾਂ ਵਿਚ 24 ਦੌੜਾਂ ਤੇ ਸ਼ਿਵਮ ਦੂਬੇ ਨੇ 22 ਗੇਂਦਾਂ ਵਿਚ 33 ਦੌੜਾਂ ਬਣਾਈਆਂ।
ਪੂਰੇ ਟੂਰਨਾਮੈਂਟ ਦੌਰਾਨ, ਕੁਝ ਪਲ ਅਜਿਹੇ ਆਏ ਜਿਨ੍ਹਾਂ ਨੇ ਏਸ਼ੀਆ ਕੱਪ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਫਾਈਨਲ ਵਿੱਚ ਪਾਕਿਸਤਾਨ (pakistan) ਦੇ ਹਾਰਿਸ ਰਾਊਫ ਨੂੰ ਗੇਂਦਬਾਜ਼ੀ ਕਰਨ ਤੋਂ ਬਾਅਦ, ਜਸਪ੍ਰੀਤ ਬੁਮਰਾਹ ਨੇ ਜਹਾਜ਼ ਹਾਦਸੇ ਦਾ ਸੰਕੇਤ ਦਿੱਤਾ। ਟੂਰਨਾਮੈਂਟ ਜਿੱਤਣ ਤੋਂ ਬਾਅਦ, ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਟਰਾਫੀ ਤੋਂ ਬਿਨਾਂ ਜਸ਼ਨ ਦੁਬਾਰਾ ਸ਼ੁਰੂ ਕੀਤਾ।
ਇਸ ਤੋਂ ਪਹਿਲਾਂ, 14 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਮੈਚ ਦੌਰਾਨ, ਭਾਰਤ ਨੇ ਜਿੱਤ ਤੋਂ ਬਾਅਦ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੇ ਡਰੈਸਿੰਗ ਰੂਮ ਨੂੰ ਵੀ ਬੰਦ ਕਰ ਦਿੱਤਾ ਸੀ।
ਰਿੰਕੂ ਸਿੰਘ, ਜੋ ਪੂਰੇ ਟੂਰਨਾਮੈਂਟ ਲਈ ਟੀਮ ਤੋਂ ਬਾਹਰ ਸੀ, ਨੂੰ ਹਾਰਦਿਕ ਪੰਡਯਾ ਦੀ ਸੱਟ ਕਾਰਨ ਫਾਈਨਲ ਵਿੱਚ ਖੇਡਣ ਦਾ ਮੌਕਾ ਮਿਲਿਆ। ਉਸਨੇ ਇਸ ਮੌਕੇ ਦਾ ਫਾਇਦਾ ਉਠਾਇਆ। ਰਿੰਕੂ ਉਦੋਂ ਮੈਦਾਨ ‘ਤੇ ਉਤਰਿਆ ਜਦੋਂ ਭਾਰਤ ਨੂੰ ਆਖਰੀ ਛੇ ਗੇਂਦਾਂ ‘ਤੇ 10 ਦੌੜਾਂ ਦੀ ਲੋੜ ਸੀ। ਰਿੰਕੂ ਨੇ ਹਾਰਿਸ ਰਉਫ ਦੀ ਚੌਥੀ ਗੇਂਦ ਨੂੰ ਲੌਂਗ-ਆਨ ਉੱਤੇ ਚਕਮਾ ਦੇ ਕੇ ਭਾਰਤ ਨੂੰ ਖਿਤਾਬ ਦਿਵਾਇਆ।