ਕੈਂਸਰ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਸਭ ਤੋਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ ਹਰ ਸਾਲ ਲੱਖਾਂ ਲੋਕ ਇਸ ਰੋਗ ਨਾਲ ਪ੍ਰਭਾਵਿਤ ਹੁੰਦੇ ਹਨ। ਪੰਜਾਬ ਵਰਗੇ ਖੇਤਰਾਂ ਵਿੱਚ ਵੀ ਕੈਂਸਰ ਇੱਕ ਵੱਡੀ ਜਨਸਿਹਤ ਚੁਣੌਤੀ ਬਣ ਚੁੱਕਾ ਹੈ।
ਕੈਂਸਰ ਕੀ ਹੁੰਦਾ ਹੈ?
ਮਨੁੱਖੀ ਸਰੀਰ ਲੱਖਾਂ ਕਰੋੜਾਂ ਕੋਸ਼ਿਕਾਵਾਂ (cells) ਤੋਂ ਬਣਿਆ ਹੈ। ਆਮ ਹਾਲਤ ਵਿੱਚ ਇਹ ਕੋਸ਼ਿਕਾਵਾਂ ਇੱਕ ਨਿਯਮਤ ਢੰਗ ਨਾਲ ਵੱਧਦੀਆਂ ਅਤੇ ਮਰਦੀਆਂ ਹਨ। ਪਰ ਜਦੋਂ ਕਿਸੇ ਕਾਰਨ ਕਰਕੇ ਕੋਸ਼ਿਕਾਵਾਂ ਦਾ ਬੇਕਾਬੂ ਤਰੀਕੇ ਨਾਲ ਵੱਧਣਾ ਤੇ ਰੁਕਣਾ ਬੰਦ ਹੋ ਜਾਂਵੇ ਤਾਂ ਉਹ ਗੰਢਾਂ (tumor) ਜਾਂ ਅਸਧਾਰਣ ਬਣਤਰ ਦਾ ਰੂਪ ਧਾਰ ਲੈਂਦੀਆਂ ਹਨ। ਇਹੀ ਅਸਧਾਰਣ ਕੋਸ਼ਿਕਾਵਾਂ ਕੈਂਸਰ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ।
ਕੈਂਸਰ ਕਿਉਂ ਹੁੰਦਾ ਹੈ?
ਕੈਂਸਰ ਦੇ ਕਈ ਕਾਰਣ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਮੁੱਖ ਹਨ:
1. ਜੀਵਨ ਸ਼ੈਲੀ ਨਾਲ ਜੁੜੇ ਕਾਰਣ – ਤੰਬਾਕੂ, ਸ਼ਰਾਬ, ਨਸ਼ਿਆਂ ਦਾ ਸੇਵਨ।
2. ਭੋਜਨ – ਵਧੇਰੇ ਤੇਲ, ਮਾਸ, ਡੱਬਾਬੰਦ (processed) ਖਾਣਾ, ਭੋਜਨ ਵਿੱਚ ਤਾਜ਼ੇ ਫਲ-ਸਬਜ਼ੀਆਂ ਦੀ ਘਾਟ।
3. ਪ੍ਰਦੂਸ਼ਣ – ਹਵਾ, ਪਾਣੀ ,ਭੋਇ ਦਾ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਤੇ ਜ਼ਹਿਰੀਲੇ ਤੱਤਾਂ ਨਾਲ ਸੰਪਰਕ।
4. ਵਿਰਾਸਤੀ ਕਾਰਣ – ਕੁਝ ਪਰਿਵਾਰਾਂ ਵਿੱਚ ਵਿਰਾਸਤੀ ਗੁਣਾਂ ਰਾਹੀਂ ਕੈਂਸਰ ਦੇ ਮੌਕੇ ਵੱਧ ਜਾਂਦੇ ਹਨ।
5. ਵਾਇਰਸ ਤੇ ਬੈਕਟੀਰੀਆ – ਜਿਵੇਂ ਐਚ ਪੀ ਵੀ(HPV) ਵਾਇਰਸ ਗਰਭਾਸ਼ਯ ਕੈਂਸਰ ਦਾ ਕਾਰਣ ਬਣ ਸਕਦਾ ਹੈ।
ਕੈਂਸਰ ਨਾਲ ਸਰੀਰ ਵਿੱਚ ਕੀ ਹੁੰਦਾ ਹੈ?
ਕੈਂਸਰ ਕੋਸ਼ਿਕਾਵਾਂ ਆਮ ਸਰੀਰਕ ਕੋਸ਼ਿਕਾਵਾਂ ਦੇ ਕੰਮ ਨੂੰ ਖ਼ਰਾਬ ਕਰਦੀਆਂ ਹਨ। ਇਹ ਲਹੂ ਦੀ ਸਪਲਾਈ ਨੂੰ ਆਪਣੇ ਵੱਲ ਖਿੱਚਦੀਆਂ ਹਨ ਜਿਨ੍ਹਾਂ ਨਾਲ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਸਮੇਂ ਦੇ ਨਾਲ ਇਹ ਕੋਸ਼ਿਕਾਵਾਂ ਦੂਸਰੇ ਅੰਗਾਂ ਫੇਫੜਿਆਂ ,ਗੁਰਦੇ, ਹੱਡੀਆਂ ਦੀ (lungs, liver, bones) ਆਦਿ ਵਿੱਚ ਫੈਲ ਜਾਂਦੀਆਂ ਹਨ, ਜਿਸਨੂੰ ਮੈਟਾਸਟੇਸਿਸ ਕਿਹਾ ਜਾਂਦਾ ਹੈ। ਇਸ ਦੌਰਾਨ ਮਰੀਜ਼ ਵਿੱਚ ਭਾਰੀ ਕਮਜ਼ੋਰੀ, ਦਰਦ, ਵਜ਼ਨ ਦੀ ਕਮੀ ਅਤੇ ਰੋਗ-ਪ੍ਰਤੀਰੋਧਕ ਤਾਕਤ ਦੀ ਘਾਟ ਵੇਖੀ ਜਾਂਦੀ ਹੈ।
ਮੌਜੂਦਾ ਇਲਾਜ਼ ਪ੍ਰਣਾਲੀਆਂ
ਕੈਂਸਰ ਦਾ ਇਲਾਜ਼ ਇਸਦੀ ਕਿਸਮ ਤੇ ਮੰਚ (stage) ’ਤੇ ਨਿਰਭਰ ਕਰਦਾ ਹੈ। ਵਿਸ਼ਵ ਪੱਧਰ ’ਤੇ ਮੁੱਖ ਇਲਾਜ਼ ਪ੍ਰਣਾਲੀਆਂ ਹਨ:
1. ਸਰਜਰੀ (Surgery): ਗੰਢਾਂ ਜਾਂ ਪ੍ਰਭਾਵਿਤ ਅੰਗ ਨੂੰ ਕੱਟ ਕੇ ਹਟਾਉਣਾ।
2. ਕੀਮੋਥੈਰੇਪੀ (Chemotherapy): ਦਵਾਈਆਂ ਰਾਹੀਂ ਕੈਂਸਰ ਕੋਸ਼ਿਕਾਵਾਂ ਨੂੰ ਨਸ਼ਟ ਕਰਨਾ।
3. ਰੇਡੀਏਸ਼ਨ ਥੈਰੇਪੀ (Radiation Therapy): ਉੱਚ-ਊਰਜਾ ਕਿਰਣਾਂ ਨਾਲ ਕੋਸ਼ਿਕਾਵਾਂ ਨੂੰ ਮਾਰਨਾ।
4. ਇਮਿਊਨੋਥੈਰੇਪੀ (Immunotherapy): ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਕਰਕੇ ਕੈਂਸਰ ਨਾਲ ਲੜਨ ਦੇ ਕਾਬਿਲ ਬਣਾਉਣਾ।
5. ਟੀਚਾ ਆਧਾਰਿਤ ਇਲਾਜ਼ ਪ੍ਰਣਾਲੀ (Targeted Therapy): ਖਾਸ ਜੀਨ ਜਾਂ ਪ੍ਰੋਟੀਨ ’ਤੇ ਸਿੱਧਾ ਪ੍ਰਭਾਵ ਪਾਉਣ ਵਾਲੀਆਂ ਦਵਾਈਆਂ।
ਕੈਂਸਰ ਤੋਂ ਬਚਾਅ ਲਈ ਸੁਝਾਅ
ਰੋਕਥਾਮ ਇਲਾਜ਼ ਨਾਲੋਂ ਵੱਧ ਮਹੱਤਵਪੂਰਨ ਹੈ। ਕੁਝ ਅਹਿਮ ਸੁਝਾਅ ਇਹ ਹਨ:
1. ਤੰਬਾਕੂ , ਸਿਗਰਟਨੋਸ਼ੀ, ਸ਼ਰਾਬ ਅਤੇ ਹਰ ਪ੍ਰਕਾਰ ਦੇ ਨਸ਼ੇ ਤੋਂ ਬਚੋ।
2. ਸੰਤੁਲਿਤ ਖੁਰਾਕ: ਵੱਧ ਤੋਂ ਵੱਧ ਫਲ, ਹਰੀ ਸਬਜ਼ੀਆਂ ਅਤੇ ਮੋਟਾ ਅਨਾਜ ਖਾਓ।
3. ਨਿਯਮਿਤ ਕਸਰਤ: ਹਰ ਰੋਜ਼ ਘੱਟੋ-ਘੱਟ 30 ਮਿੰਟ ਕਸਰਤ ਕਰੋ।
4. ਨਿਯਮਿਤ ਸਿਹਤ ਜਾਂਚ: ਸ਼ੁਰੂਆਤੀ ਪੜਾਅ ਵਿੱਚ ਪਤਾ ਲੱਗਣ ’ਤੇ ਇਲਾਜ ਸੌਖਾ ਹੁੰਦਾ ਹੈ ਇਸਲਈ ਸਰੀਰ ਦੀ ਨਿਯਮਿਤ ਜਾਂਚ ਜ਼ਰੂਰੀ ਹੈ।
5. ਸਾਫ਼ ਪਾਣੀ ਅਤੇ ਵਾਤਾਵਰਣ: ਕੀਟਨਾਸ਼ਕਾਂ ਤੇ ਪ੍ਰਦੂਸ਼ਣ ਤੋਂ ਬਚਾਅ।
6. ਟੀਕੇਕਰਨ (Vaccination): ਐਚ ਪੀ ਵੀ(HPV) ਅਤੇ ਹੈਪਾਟਾਈਟਿਸ-ਬੀ ਦੇ ਟੀਕੇ ਕੈਂਸਰ ਦੇ ਖਤਰੇ ਨੂੰ ਘਟਾਉਂਦੇ ਹਨ।
ਕੈਂਸਰ ਇਕ ਗੰਭੀਰ ਬਿਮਾਰੀ ਹੈ ਪਰ ਇਹ ਅਜਿਹੀ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਸਿਹਤਮੰਦ ਜੀਵਨ ਸ਼ੈਲੀ, ਨਿਯਮਿਤ ਜਾਂਚ ਅਤੇ ਜਾਗਰੂਕਤਾ ਰਾਹੀਂ ਕੈਂਸਰ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਵਿਗਿਆਨ ਵਿੱਚ ਹੋ ਰਹੀਆਂ ਤਰੱਕੀਆਂ ਨਾਲ ਇਲਾਜ ਦੇ ਨਵੇਂ ਦਰਵਾਜ਼ੇ ਖੁੱਲ ਰਹੇ ਹਨ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਡਰ ਦੀ ਬਜਾਏ ਜਾਗਰੂਕਤਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।