ਹਰ ਸਾਲ 240 ਵਿਦਿਆਰਥੀ ਹੋਣਗੇ ਹੁਨਰਮੰਦ: ਭਗਵੰਤ ਮਾਨ
ਸਰਦੂਲਗੜ੍ਹ, 24 ਫਰਵਰੀ (ਕੁਲਵਿੰਦਰ ਕੜਵਲ) - ਸਰਦੂਲਗੜ ਦੇ ਪਿੰਡ ਝੁਨੀਰ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪੰਹੁਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਫਤਿਹਗੜ੍ਹ ਸਾਹਨੇਵਾਲੀ ਵਿਖੇ ਸਰਕਾਰੀ ਆਈ.ਟੀ.ਆਈ ਦਾ ਨੀਂਹ ਪੱਥਰ ਰੱਖਿਆ। ਲਗਭਗ 24.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਸੰਸਥਾ ਹਰ ਸਾਲ 240 ਵਿਦਿਆਰਥੀਆਂ ਨੂੰ ਇਲੈਕਟ੍ਰੀਸ਼ੀਅਨ, ਮਕੈਨਿਕ ਇਲੈਕਟ੍ਰਿਕ ਵਾਹਨ, ਰੈਫ੍ਰੀਜਰੇਸ਼ਨ ਅਤੇ ਏ.ਸੀ., ਇੰਡਸਟਰੀਅਲ ਰੋਬੋਟਿਕਸ ਅਤੇ ਸੀ.ਐਨ.ਸੀ. ਮਸ਼ੀਨਿੰਗ ਸਮੇਤ ਪੰਜ ਟਰੇਡਾਂ ਵਿੱਚ ਤਾਲੀਮ ਦੇਵੇਗੀ।
ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਦਹਾਕਿਆਂ ਤੱਕ ਸਿੱਖਿਆ ਅਤੇ ਵਿਕਾਸ ਨੂੰ ਅਣਡਿੱਠਾ ਕੀਤਾ, ਜਦਕਿ ਮੌਜੂਦਾ ਸਰਕਾਰ ਸਿੱਖਿਆ ਅਤੇ ਸਿਹਤ ਖੇਤਰ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਖ਼ਜ਼ਾਨੇ ਦਾ ਹਰ ਪੈਸਾ ਲੋਕ ਭਲਾਈ ਲਈ ਖਰਚਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 118 ਸਕੂਲ ਆਫ ਐਮੀਨੈਂਸ ਅਤੇ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਵਰਤੋਂ 21 ਫੀਸਦੀ ਤੋਂ ਵਧਾ ਕੇ 68 ਫੀਸਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 63 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਖੇਤਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਦੂਲਗੜ੍ਹ ਦੇ ਪਿੰਡ ਭੱਲਣਵਾੜਾ ਅਤੇ ਬਰਨ ਵਿਖੇ ਨਵੇਂ ਪੁਲਾਂ ਦੀ ਉਸਾਰੀ, ਮਾਨਸਾ-ਤਲਵੰਡੀ ਸਾਬੋ ਸੜਕ ਅਪਗ੍ਰੇਡ, ਨਵੇਂ ਖਾਲਿਆਂ ਦੀ ਤਿਆਰੀ ਅਤੇ ਸਰਦੂਲਗੜ੍ਹ ਹਸਪਤਾਲ ਨੂੰ 100 ਬਿਸਤਰਾ ਕਰਨ ਦੀ ਯੋਜਨਾ ਸ਼ਾਮਲ ਹੈ।
ਇਸ ਮੌਕੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਹੋਰ ਆਗੂ ਵੀ ਮੌਜੂਦ ਸਨ।
ਰੈਲੀ ਵਿੱਚ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਗਰਗ ਵਿਰਸਾ ਸਿੰਘ ਪੰਕਜ ਗਰਗ, ਐਮਸੀ ਨਵਿੰਦਰ ਸਿੰਘ, ਐਮਸੀ ਕ੍ਰਿਸ਼ਨ ਸਿੰਘ ਸੁਖਜੀਤ ਸਿੰਘ ਬੱਬਰ, ਗੁਰਦਾਸ ਸੋਨੀ ਆਦਿ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ

