ਪੀ.ਏ.ਯੂ. ਦੇ ਮਾਡਲ ਹਾਈ ਸਕੂਲ ਕਾਉਣੀ ਵਿਖੇ ਕਰਵਾਇਆ ਗਿਆ ਸਲਾਨਾ ਸਭਿਆਚਾਰਕ ਪ੍ਰੋਗਰਾਮ
ਸ੍ਰੀ ਮੁਕਤਸਰ ਸਾਹਿਬ (ਨਰਿੰਦਰ ਵਧਵਾ) ਪੀ.ਏ.ਯੂ. ਦੇ ਮਾਡਲ ਹਾਈ ਸਕੂਲ ਕਾਉਣੀ ਵਿਖੇ ਸਲਾਨਾ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀਇਸ ਮੌਕੇ ਵਾਈਸ ਚਾਂਸਲਰ ਡਾ. ਗੋਸਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਦੂਰ ਦਰਾਜ ਦੇ ਖੇਤਰ ਵਿਚ ਇਲਾਕੇ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਇਸ ਸਕੂਲ ਨੂੰ ਚਾਲੂ ਰੱਖਿਆ ਹੋਇਆ ਹੈ । ਉਹਨਾਂ ਕਿਹਾ ਕਿ ਹੋਰ ਵੀ ਖੁਸ਼ੀ ਦੀ ਗੱਲ ਹੋਵੇਗੀ ਜੇਕਰ ਇਸ ਇਲਾਕੇ ਦੇ ਬੱਚੇ ਸਕੂਲ ਦੇ ਮਾਧਿਅਮ ਰਾਹੀਂ ਯੂਨੀਵਰਸਿਟੀ ਤੋਂ ਉੱਚ ਖੇਤੀ ਸਿੱਖਿਆ ਹਾਸਲ ਕਰਨ। ਡਾ. ਗੋਸਲ ਨੇ ਯੂਨੀਵਰਸਿਟੀ ਦੇ ਦਾਖਲਿਆਂ ਵਿਚ ਕਿਸਾਨੀ ਪਰਿਵਾਰਾਂ ਲਈ ਰਾਖਵੀਆਂ ਸੀਟਾਂ ਬਾਰੇ ਵੀ ਜਾਣਕਾਰੀ ਦਿੱਤੀ।ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਸਿੱਖਿਆ ਦੇ ਮਹੱਤਵ ਬਾਰੇ ਗੱਲ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਪੰਜਵੀ ਅਤੇ ਅੱਠਵੀਂ ਜਮਾਤ ਦਾ 100 ਫੀਸਦੀ ਨਤੀਜਾ ਰਿਹਾ। ਪੰਜਵੀ ਜਮਾਤ ਦੀ ਵਿਦਿਆਰਥੀ ਸੁਮਨਵੀਰ ਕੌਰ ਰਾਜ ਪੱਧਰੀ ਪੰਜਾਬੀ ਓਲੰਪੀਆਡ ਲਈ ਚੁਣੀ ਗਈ।
ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ, ਹਰਿਆਣਵੀਂ, ਰਾਜਸਥਾਨੀ ਅਤੇ ਪੱਛਮੀ ਨਾਚ ਵੰਨਗੀਆਂ ਪੇਸ਼ ਕੀਤੀਆਂ ਗਈਆਂ , ਇਸ ਤੋਂ ਇਲਾਵਾ ਭੋਜਨ ਨੂੰ ਵਿਅਰਥ ਨਾਲ ਗਵਾਉਣ ਬਾਰੇ ਲਘੂ ਨਾਟ ਵੀ ਪੇਸ਼ ਕੀਤਾ ਗਿਆ। ਇਲਾਕੇ ਦੇ ਪਤਵੰਤੇ ਲੋਕ ਅਤੇ ਬੱਚਿਆਂ ਦੇ ਮਾਂ ਬਾਪ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਏ। ਖੇਡਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਹੋਇਆ, ਜਿਹਨਾਂ ਵਿਚ ਕਰਨਵੀਰ ਸਿੰਘ ਨੂੰ ਮੁੰਡਿਆਂ ਦਾ ਸਰਵੋਤਮ ਅਥਲੀਟ ਅਤੇ ਸਤਿਕਾਰ ਕੌਰ ਨੂੰ ਕੁੜੀਆਂ ਦੀ ਬੈਸਟ ਅਥਲੀਟ ਚੁਣਿਆ ਗਿਆ । ਇਸ ਮੌਕੇ ਸ. ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਯਾਦਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਨੇ ਸਮਾਗਮ ਦੇ ਸਫਲ ਆਯੋਜਨ ਲਈ ਭਰਪੂਰ ਯਤਨ ਕੀਤੇ। ਅੰਤ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਕ ਡਾ. ਕਰਮਜੀਤ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਸਕੂਲ ਲਈ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।

