ਪੰਜਾਬੀ ਸੰਗੀਤ ਨੂੰ ਸੁਣਨ ਅਤੇ ਪਿਆਰ ਕਰਨ ਵਾਲਿਆਂ ਦੇ ਜ਼ਿਹਨ ਵਿਚ ਇੱਕ ਨਾਂ ਲੰਮੇ ਅਰਸੇ ਤੋਂ ਵਸਿਆ ਹੋਇਆ ਹੈ ਜੋ ਆਪਣੀ ਰੰਗਤ ਨੂੰ ਦਿਨੋਂ ਦਿਨ ਉੱਘੜਦਾ ਹੀ ਆ ਰਿਹਾ ਹੈ,ਉਹ ਨਾਂ ਹੈ ਅਮਰ ਸਿੰਘ ਚਮਕੀਲਾ ਦਾ। ਅਮਰ ਸਿੰਘ ਚਮਕੀਲਾ ਪੰਜਾਬੀ ਸੰਗੀਤ ਦਾ ਸ਼ਾਇਦ ਪਹਿਲਾਂ ਅਜਿਹਾ ਕਲਾਕਾਰ ਹੈ ਜੋ ਆਪਣੇ ਸ਼ਬਦਾਇਕ ਨਾਂ ਦੇ ਅਰਥ ਤੇ ਖਾਰਾ ਉੱਤਰਦਾ ਹੋਇਆ ਜੀਵਨਸ਼ੈਲੀ ਨੂੰ ਪੂਰਦਾ ਹੈ।ਕਹਿਣ ਤੋਂ ਭਾਵ ਹੈ ਕਿ ਅਮਰ:-ਸਦੀਵੀਂ ਸਿੰਘ:-ਸ਼ੇਰ ਤੇ ਚਮਕੀਲਾ:-ਚਮਕਣ ਵਾਲੀ ਚੀਜ਼ ਜੇ ਕਹਿ ਲਈਏ ਕਿ ਅਮਰ ਸਿੰਘ ਚਮਕੀਲਾ ਆਪਣੇ ਸਮਕਾਲੀ ਗਵੱਈਆ ਤੋਂ ਲੈ ਕੇ ਹੁਣ ਤੀਕ ਪੰਜਾਬੀ ਗਾਇਕੀ ਦਾ ਸ਼ੇਰ ਗਵੱਈਆ ਬਣ ਅਗਵਾਈ ਕਰਦਾ ਆ ਰਿਹਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਅੱਜ ਤੋਂ 38 ਸਾਲ ਪਹਿਲਾਂ ਸੁਣਿਆ ਜਾਣਾ ਵਾਲਾ ਚਮਕੀਲਾ ਅੱਜ ਵੀ ਹਰ ਵਰਗ ਦੇ ਗੱਭਰੂ-ਬੁਜੁਰਗਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।ਧਨੀ ਰਾਮ ਤੋਂ ਬਣਿਆ ਚਮਕੀਲਾ ਸੱਚਮੁੱਚ ਹੀ ਸੰਗੀਤ ਦਾ ਧਨੀ ਹੋ ਨਿਕਲਿਆ।
ਲੁਧਿਆਣਾ ਸ਼ਹਿਰ ਦੇ ਪਿੰਡ ਦੁੱਗਰੀ ਚ ਰਹਿੰਦੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ 21 ਜੁਲਾਈ 1960 ਨੂੰ ਚਮਕੀਲੇ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਅੰਤਾਂ ਦੀ ਗ਼ਰੀਬੀ ਨੂੰ ਹੰਢਾਉਣ ਵਾਲੇ ਅਮਰ ਸਿੰਘ ਚਮਕੀਲੇ ਨੇ ਪਹਿਲਾਂ ਪਹਿਲ ਕਈ ਕਿੱਤਿਆਂ ਵਿੱਚ ਆਪਣੀ ਕਿਸਮਤ ਨੂੰ ਜਮਾਇਆ ਪਰ ਕਿਤੇ ਵੀ ਰਾਸ ਨਾ ਆਇਆ ਕਿਉਂਕਿ ਉਸ ਦੇ ਮਨ ਅੰਦਰ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ। ਫਿਰ ਇੱਕ ਦਿਨ ਘਰੋਂ ਕੰਮ ਤੇ ਫੈਕਟਰੀ ਜਾਣਾ ਵਾਲਾ ਧਨੀ ਰਾਮ ਸਮੇਂ ਦੇ ਪ੍ਰਸਿੱਧ ਕਲਾਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰਿਆ ਤੇ ਉਸਦੀ ਉਡੀਕ ਕਰਨ ਲੱਗਾ।ਜਦੋਂ ਸੁਰਿੰਦਰ ਛਿੰਦੇ ਨੇ ਉਸਦੀ ਗੀਤਕਾਰੀ, ਹਾਰਮੋਨੀਅਮ, ਤੂੰਬੀ ਅਤੇ ਢੋਲਕੀ ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ ਤੇ ਉਹ ਉਸ ਕੋਲੋਂ ਸੰਗੀਤ ਦੀਆਂ ਬਾਰੀਕੀਆ ਨੂੰ ਸਿੱਖਣ ਲੱਗਾ। ਹੌਲੀ-ਹੌਲੀ ਧਨੀ ਰਾਮ ਆਪਣੀ ਕਲਾ ਨੂੰ ਨਿਹਾਰਦਾ ਹੋਇਆ ਸਟੇਜ਼ੀ ਪ੍ਰੋਗਰਾਮਾਂ ਤੇ ਉਸਤਾਦ ਛਿੰਦਾ ਜੀ ਤੋਂ ਆਪ ਗਾਉਣ ਲਈ ਟਾਈਮ ਲੈਣ ਲੱਗਾ ਉਸ ਦੇ ਗੀਤਾਂ ਵਿੱਚ ਸ਼ਬਦਾਂ ਦੀ ਜੜ੍ਹਤ ਨੂੰ ਦੇਖ ਕੇ ਦੂਜੇ ਕਲਾਕਾਰ ਵੀ ਪ੍ਰਭਾਵਿਤ ਹੋਣ ਲੱਗੇ। ਸਾਲ 1979 ਵਿੱਚ ਚਮਕੀਲੇ ਨੇ ਆਪਣੇ ਉਸਤਾਦ ਸੁਰਿੰਦਰ ਛਿੰਦਾ ਜੀ ਨਾਲ ਗਾਉਂਦੀ ਸਹਿ ਗਾਇਕਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ਟਕੂਏ ਤੇ ਟਕੂਆ ਐਚ.ਐਮ.ਵੀ. ਕੰਪਨੀ ਵਿੱਚ ਰਿਕਾਰਡ ਕਰਵਾਇਆ ਜਿਸ ਨੂੰ ਸੰਗੀਤ ਸਮਰਾਟ ਚਰਨਜੀਤ ਆਹੂਜਾ ਜੀ ਨੇ ਸੰਗੀਤਬੱਧ ਕੀਤਾ।ਇਸ ਰਿਕਾਰਡ ਨੇ ਦੁਨੀਆ ਭਰ ਦੀ ਮਸ਼ਹੂਰੀ ਦੇ ਨਾਲ ਅਮਰ ਸਿੰਘ ਚਮਕੀਲੇ ਨੂੰ ਸਮੇਂ ਦੇ ਪ੍ਰਸਿੱਧ ਕਲਾਕਾਰਾਂ ਦੀ ਕਤਾਰ ਵਿੱਚ ਸ਼ਾਮਿਲ ਕਰ ਦਿੱਤਾ ਤੇ ਚਮਕੀਲਾ ਆਪਣੇ ਸਮੇਂ ਦਾ ਪ੍ਰਸਿੱਧ ਗਵੱਈਆ ਹੋ ਨਿਬੜਿਆ।ਸਮੇਂ ਦੇ ਗੁਜ਼ਰਨ ਦੇ ਕੁਲਦੀਪ ਮਾਣਕ ਨਾਲ ਰਿਕਾਰਡ ਹੋਈ ਫਰੀਦਕੋਟ ਜ਼ਿਲ੍ਹੇ ਦੀ ਜੰਮਪਲ ਅਮਰਜੋਤ ਕੌਰ ਚਮਕੀਲੇ ਦੇ ਸੰਪਰਕ ਵਿੱਚ ਆਈ ਜਿਸ ਨਾਲ ਉਸਨੇ ਪੱਕੇ ਤੌਰ ਤੇ ਜੋੜੀ ਬਣਾ ਲਈ। ਇਸ ਜੋੜੀ ਦੇ ਸੁਮੇਲ ਨੇ ਦੋਗਾਣਾ ਗਾਇਕੀ ਦੀਆਂ ਸ਼ਿਖਰਾਂ ਨੂੰ ਛੋਹਿਆ ਉਨ੍ਹਾਂ ਦਾ ਆਉਣ ਵਾਲਾ ਹਰ ਇੱਕ ਰਿਕਾਰਡ ਪ੍ਰਸਿੱਧੀ ਹਾਸਲ ਕਰਦਾ ਹੋਇਆ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਛਾਪ ਛੱਡਦਾ ਗਿਆ। ਉਸਦਾ ਸੰਗੀਤ ਪੰਜਾਬੀ ਪੇਂਡੂ ਜੀਵਨ ਤੋਂ ਪ੍ਰਭਾਵਿਤ ਸੀ ।
ਅਮਰ ਸਿੰਘ ਚਮਕੀਲਾ ਇੱਕ ਅਜਿਹਾ ਭਾਰਤੀ ਪੰਜਾਬੀ ਗਾਇਕ ਤੇ ਸੰਗੀਤਕਾਰ ਬਣਿਆ ਜਿਸਦੇ ਮਹੀਨੇ ਦੇ ਪ੍ਰੋਗਰਾਮਾਂ ਦੀ ਗਿਣਤੀ ਦਿਨਾਂ ਨਾਲੋਂ ਵੱਧ ਹੁੰਦੀ ਸੀ। ਪੰਜਾਬ ਵਿੱਚ ਬਗਾਵਤ ਦੌਰਾਨ ਅਮਰ ਸਿੰਘ ਚਮਕੀਲਾ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਰਿਹਾ ਹੈ ਤੇ ਪੈਂਡੂ ਸਰੋਤਿਆਂ ਵਿੱਚ ਸਭ ਤੋਂ ਵੱਧ ਮਸ਼ਹੂਰ ਹੋਇਆ ਚਮਕੀਲੇ ਨੂੰ ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ’ਤੇ ਵਰਤਣਾ ਬਾਖ਼ੂਬੀ ਆਉਂਦਾ ਸੀ। ਉਸ ਨੇ ਆਪਣੇ ਗੀਤਾਂ ਵਿੱਚ ਸਮਾਜਿਕ ਰਿਸ਼ਤਿਆਂ ਨੂੰ ਹੀ ਆਧਾਰ ਨਹੀਂ ਬਣਾਇਆ ਸਗੋਂ ਸਾਡੇ ਸੱਭਿਆਚਾਰ ਵਿੱਚ ਜੋ ਪਰਦੇ ਪਿੱਛੇ ਹੋ ਰਿਹਾ ਹੈ ਉਸ ਪੱਖ ਨੂੰ ਆਪਣੀ ਕਲਮ ਦੁਆਰਾ ਉਘਾੜਿਆ।ਉਸ ਦਾ ਗੱਲ ਕਹਿਣ ਦਾ ਅੰਦਾਜ ਸਿੱਧਾ ਤੇ ਸਪਸ਼ਟ ਸੀ ਜਿਵੇਂ ਕਿ:- ਜੀਜਾ ਲੱਕ ਮਿਣ ਲੈ, ਬਾਪੂ ਸਾਡਾ ਗੁੰਮ ਹੋ ਗਿਆ,ਪਹਿਲੇ ਲਲਕਾਰੇ ਨਾਲ, ਸ਼ਰਬਤ ਵਾਂਗੂੰ ਘੁੱਟ ਭਰ ਲੈ, ਭੈਣ ਸਾਲੀਏ ਤੇਰੀ ਨੀਂ,ਮਿੱਤਰਾ ਮੈਂ ਖੰਡ ਬਣਗੀ,ਤੇਰਾ ਦਿਓਰ ਸਿਰੇ ਦਾ ਵੈਲੀ,ਗੱਡੀ ’ਤੇ ਲਿਖਾ ਲੈ ਮੇਰਾ ,ਮੇਰਾ ਵਿਆਹ ਕਰਵਾਉਣ ਨੂੰ, ਗੋਰਾ ਗੋਰਾ ਰੰਗ, ਵੇ ਮਿੱਤਰਾਂ ਖ਼ਤਰੇ ਦਾ ਘੁੱਗੂ, ਹਿੱਕ ਉੱਤੇ ਸੌ ਜਾ ਵੇ,ਸਹੁਰੇ ਦੀ ਲਾਲ ਮਾਰੂਤੀ ਨੇ, ਅਤੇ ਮਿੱਤਰਾਂ ਨਾਲ ਧੋਖਾ ਨੀਂ ਕਮਾਉਂਦਾ ਵਰਗੇ ਉਸ ਦੇ ਹੋਰ ਬਹੁਤ ਸਾਰੇ ਗੀਤ ਜੋ ਸਮੇਂ ਦੇ ਨਾਲ ਸਿੱਧੀ ਕਰਾਰੀ ਸੱਟ ਮਾਰਦੇ ਸਨ।ਗਾਇਕੀ ਖੇਤਰ ਵਿੱਚ ਵੱਡੀ ਸਫਲਤਾ ਮਿਲਣ ਦੇ ਨਾਲ ਨਾਲ ਉਸ ਨੇ ਆਪਣੀ ਸਹਿ ਗਾਇਕਾ ਅਮਰਜੋਤ ਨਾਲ ਦੂਜਾ ਵਿਆਹ ਕਰਵਾਇਆ। ਇਸ ਤੋਂ ਪਹਿਲਾ ਸੰਘਰਸ਼ ਦੇ ਦਿਨਾਂ ਵਿੱਚ ਉਸ ਦਾ ਵਿਆਹ ਬੀਬੀ ਗੁਰਮੇਲ ਕੌਰ ਨਾਲ ਹੋਇਆ ਕਰ ਜਿਸ ਦੀ ਕੁੱਖੋਂ ਦੋ ਲੜਕੀਆਂ ਦਾ ਜਨਮ ਹੋਇਆ। ਫੈਕਟਰੀ ਅਤੇ ਹੋਰ ਕਿੱਤਿਆਂ ਵਿੱਚ ਦਿਹਾੜੀ ਕਰ ਕੇ ਗੁਜ਼ਾਰਾ ਕਰਨ ਵਾਲਾ ਧਨੀ ਰਾਮ ਜਦੋਂ ਸੰਗੀਤ ਦੇ ਰਾਹੀਂ ਤੁਰਿਆ ਤਾਂ ਉਸਦੀ ਕਲਾ ਜ਼ਿੰਦਗੀ ਦੇ ਹਨੇਰਿਆਂ ਨੂੰ ਰੌਸ਼ਨ ਕਰਦੀ ਹੋਈ ਸੰਗੀਤ ਦੀਆਂ ਸ਼ਿਖਰਾਂ ਤੇ ਲੈ ਗਈ ਤੇ ਧਨੀ ਰਾਮ ਸੰਗੀਤ ਦਾ ਚਮਕੀਲਾ ਬਣ ਸੱਚਮੁੱਚ ਹੀ ਧਨੀ ਹੋ ਨਿਬੜਿਆ। ਉਸ ਦੀ ਲੇਖਣੀ ਅਤੇ ਗਾਇਕੀ ਵਿੱਚ ਇੰਨੀ ਖਿੱਚ ਸੀ ਕਿ ਇੱਕ ਵਾਰੀ ਤਾਂ ਅਜੋਕੇ ਸਿੱਧੂ ਮੁਸੇ ਵਾਂਗ ਸੰਗੀਤ ਦੇ ਖੇਤਰ ਵਿੱਚ ਸਮੇਂ ਦੇ ਸਮਕਾਲੀ ਗਵੱਈਆ ਦੀ ਗਾਇਕੀ ਦਾ ਚੱਕਾ ਜਾਮ ਕਰ ਦਿੱਤਾ ਸੀ। ਉਸ ਦਾ ਆਉਣ ਵਾਲਾ ਹਰ ਇੱਕ ਰਿਕਾਰਡ ਉਸ ਸਮੇਂ ਦੀ ਮੰਨੀ ਪ੍ਰਮੰਨੀ ਰਿਕਾਰਡਿੰਗ ਕੰਪਨੀ ਐੱਚ ਐੱਮ ਵੀ ਵਿੱਚ ਆਇਆ ਜਿਸ ਨੂੰ ਸੰਗੀਤਕ ਸਮਰਾਟ ਚਰਨਜੀਤ ਆਹੂਜਾ ਜੀ ਨੇ ਆਪਣੀਆਂ ਸੁਰੀਲੀਆਂ ਧੁਨਾਂ ਵਿੱਚ ਪਰੋਇਆ ਤੇ ਇਹ ਰਿਕਾਰਡ ਵਿਆਹ ਦੇ ਗਰਮ ਪਕੌੜੇ ਤੇ ਜਲੇਬੀਆਂ ਵਾਂਗ ਹੱਥੋਂ ਹੱਥੀਂ ਵਿਕਦਾ ਜਾਂਦਾ ਤੇ ਚਮਕੀਲਾ ਆਪਣੇ ਸਮਕਾਲੀ ਗਵੱਈਆ ਦਾ ਮੋਹਰੀ ਬਣ ਗਾਇਕੀ ਦੀਆਂ ਸ਼ਿਖਰਾਂ ਛੋਹ ਜਾਂਦਾ। ਚਮਕੀਲਾ ਦੀ ਖੁੱਲ੍ਹੀ ਡੁੱਲ੍ਹੀ ਠੇਠ ਪੰਜਾਬੀ ਭਾਸ਼ਾ, ਉੱਚੀ-ਹੇਕ ਤੇ ਤੂੰਬੀ ਦੀ ਟੁਣਕਾਰ ਤੇ ਕੰਪੋਜ਼ ਨਵੀਆਂ ਰਚਨਾਵਾਂ ਨੇ ਉਸਨੂੰ ਪ੍ਰਸਿੱਧ ਬਣਾਇਆ। ਕਿਉਂਕਿ ਚਮਕੀਲਾ ਇੱਕ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਕੰਪੋਜਰ, ਸੰਗੀਤਕਾਰ ਦੀ ਵੀ ਸਮਝ ਰੱਖਣ ਵਾਲਾ ਮਾਹਿਰ ਵਿਅਕਤੀ ਸੀ ਜ਼ਿਆਦਾਤਰ ਉਸਦੇ ਗੀਤਾਂ ਦੀ ਕੰਪੋਜਿੰਗ ਦੇ ਹਿਸਾਬ ਨਾਲ ਕੀਤੀ ਜਾਂਦੀ ਸੀ। ਚਮਕੀਲੇ ਦੀ ਪ੍ਰਸਿੱਧੀ ਵਾਂਗ ਉਸ ਸਮੇਂ ਪੰਜਾਬ ਵਿੱਚ ਕਾਲੇ ਦਿਨਾਂ ਦਾ ਦੌਰ ਵੀ ਪੂਰੇ ਜ਼ੋਰਾਂ ਤੇ ਸੀ ਇਸ ਲਈ ਉਸਦੀ ਗਾਇਕੀ ਵਿੱਚ ਗੀਤਾਂ ਰਾਹੀਂ ਕਹੀ ਜਾਣ ਵਾਲੀ ਗੱਲ ਦਾ ਅੰਦਾਜ ਸਿੱਧਾ ਤੇ ਸਪਸ਼ਟ ਸੀ ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ।ਜਿਸ ਚਲਦਿਆਂ ਉਹ ਅਸ਼ਲੀਲਤਾ ਦਾ ਪਾਤਰ ਬਣ ਗਿਆ ਤੇ ਉਹ ਇੱਕ ਵੱਡਾ ਗਾਇਕ ਹੋਣ ਦੇ ਬਾਵਜੂਦ ਵੀ ਵਿਵਾਦਾਂ ਚ ਘਿਰਿਆ ਰਿਹਾ। ਆਪਣੇ ਗੀਤਾਂ ਵਿੱਚ ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ’ਤੇ ਵਰਤਣ ਵਾਲੇ ਅਮਰ ਸਿੰਘ ਚਮਕੀਲੇ ਨੇ ਆਪਣੇ ਤੇ ਲੱਗੇ ਅਸ਼ਲੀਲ ਗੀਤ ਗਾਉਣ ਵਾਲੇ ਦੋਸ਼ਾਂ ਤੋਂ ਮੁਕਤ ਹੋਣ ਲਈ ਉਸ ਨੇ ਆਪਣੀ ਗਾਇਕੀ ਦਾ ਮੂੰਹ-ਮੁਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ ਉਸ ਨੇ ਪ੍ਰਸਿੱਧ ਗੀਤਕਾਰ ਦਲਜੀਤ ਸਿੰਘ ਦਰਦੀ ਸਵਰਨ ਸਿਵੀਆ ਸੇਵਾ ਸਿੰਘ ਨੌਰਥ ਤੇ ਆਪਣੇ ਲਿਖੇ ਧਾਰਮਿਕ ਗੀਤਾਂ ਦੀ ਐਲਬਮ ''ਨਾਮ ਜੱਪ ਲੈ" ਨਾਂ ਰਿਕਾਰਡ ਕਰਵਾਈ ਜਿਸਨੇ ਉਸਦੀ ਸਫਲਤਾ ਦੇ ਰਿਕਾਰਡਾਂ ਨੂੰ ਹੋਰ ਤੋੜਿਆ ਤੇ ਜਿਸ ਨੇ ਚਮਕੀਲੇ ਨੂੰ ਇੱਕ ਪ੍ਰਪੱਕ ਗੀਤਕਾਰ ਤੇ ਗਾਇਕ ਦਾ ਖਿਤਾਬ ਦਿਵਾਇਆ। ਉਸ ਤੋਂ ਬਾਅਦ ਐੱਚ ਐੱਮ ਵੀ ਕੰਪਨੀ ਨੇ ਕੁਝ ਕਲਾਕਾਰਾਂ ਦਾ ਸਾਂਝਾਂ ਧਾਰਮਿਕ ਐੱਲ. ਪੀ. ਰਿਕਾਰਡ ਰਿਲੀਜ਼ ਕੀਤਾ ਤਾਂ ਇਸ ਵਿੱਚ ਅਮਰ ਚਮਕੀਲਾ ਅਤੇ ਅਮਰਜੋਤ ਦਾ ਧਾਰਮਿਕ ਗੀਤ ਤਲਵਾਰ ਮੈਂ ਕਲਗੀਧਰ ਦੀ ਹਾਂ’ ਬੇਹੱਦ ਪ੍ਰਭਾਵਸ਼ਾਲੀ ਤੇ ਜਜ਼ਬਾਤੀ ਗੀਤ ਸੀ। ਸਮੇਂ ਵਾਕਫੇ ਨਾਲ ਅਮਰ ਸਿੰਘ ਚਮਕੀਲੇ ਦੀ ਆਵਾਜ਼ ਵਿੱਚ ਸਵਰਨ ਸਿਵੀਆ ਦਾ ਲਿਖਿਆ ਗੀਤ ''ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’' ਸੋਨੋਟੋਨ ਰਿਕਾਰਡਿੰਗ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਜੋ ਬਹੁਤ ਹੀ ਮਕਬੂਲਤਾ ਹਾਸਿਲ ਕਰਦਾ ਹੋਇਆ ਧਾਰਮਿਕ ਸਮਾਗਮਾਂ ਤੇ ਗੁਰਦੁਆਰਿਆਂ ਵਿੱਚ ਵੱਜਣ ਲੱਗਾ। ਪੰਜਾਬੀ ਗਾਇਕੀ ਦੇ ਪਿੜ ਵਿੱਚ ਇਸ ਗਾਇਕ ਜੋੜੀ ਨੇ ਜੋ ਮੁਕਾਮ ਹਾਸਲ ਕੀਤਾ, ਉਹ ਆਪਣੇ ਆਪ ਵਿੱਚ ਉਸ ਦੀ ਮਾਣ-ਮੱਤੀ ਪ੍ਰਾਪਤੀ ਸੀ।ਚਾਰ-ਚੁਫ਼ੇਰੇ ਚਮਕੀਲੇ ਅਤੇ ਅਮਰਜੋਤ ਦੀ ਤੂਤੀ ਬੋਲਦੀ ਸੀ। ਪੰਜਾਬ ਦੇ ਸਭ ਤੋਂ ਵਧੀਆ ਲਾਈਵ ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਪਿੰਡਾਂ ਦੇ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੈ। ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਦੋਗਾਣਾ ਗਾਇਕੀ ਦੀਆਂ ਬੁਲੰਦੀਆਂ ਨੂੰ ਛੋਹਿਆ। ਪੰਜਾਬ ਦੀਆਂ ਸੱਭਿਆਚਾਰਕ ਫਿਜ਼ਾਵਾਂ ਵਿੱਚ ਗੂੰਜਦੀ ਹੋਈ ਇਹ ਦਮਦਾਰ ਆਵਾਜ਼ ਜਲੰਧਰ ਦੇ ਨੇੜਲੇ ਪਿੰਡ ਮਹਿਸਮਪੁਰ ਵਿਖੇ 8 ਮਾਰਚ 1988 ਨੂੰ ਦਹਿਸ਼ਤਗਰਦਾਂ ਵਲੋਂ ਕੁਝ ਸਾਥੀਆਂ ਸਮੇਤ ਸਦਾ ਲਈ ਖਾਮੋਸ਼ ਕਰ ਦਿੱਤੀ ਗਈ ਪਰ ਮਾਰਨ ਵਾਲੇ ਕੀ ਜਾਣਨ ਕਿ ਆਵਾਜ਼ ਕਦੇ ਮਰਦੀ ਨੀਂ ਹੁੰਦੀ। 38 ਸਾਲ ਬੀਤਣ ਦੇ ਬਾਵਜੂਦ ਅੱਜ ਵੀ ਸੰਗੀਤ ਦੀਆਂ ਸੁਣ ਜਾਣ ਵਾਲੀਆਂ ਆਵਾਜ਼ਾਂ ਵਿੱਚੋਂ ਸਭ ਤੋਂ ਵੱਧ ਚਮਕੀਲੇ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ। ਅਜੋਕੇ ਸੰਗੀਤ ਵਿੱਚ ਵੀ ਚਮਕੀਲੇ ਦੀਆਂ ਮਿਲਦੀਆਂ ਜੁਲਦੀਆਂ ਤਰਜ਼ਾਂ ਸੁਣਨ ਨੂੰ ਮਿਲਦੀਆਂ ਹਨ। ਗਾਇਕੀ ਦੇ ਪਿੜ ਵਿੱਚ ਬੁਲੰਦੀਆਂ ਪ੍ਰਾਪਤ ਕਰਨ ਵਾਲੇ ਪੰਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲੇ ਦਾ ਨਾਂ ਰਹਿੰਦੀ ਦੁਨੀਆ ਤੱਕ ਸਦੀਵੀਂ ਚਮਕਦਾ ਰਹੇਗਾ।


