ਸੁਨਾਮ ਊਧਮ ਸਿੰਘ ਵਾਲਾ: ਭੋਲਾ ਸਿੰਘ ਸੰਗਰਾਮੀ
ਸਾਹਿਤ ਸਭਾ ਸੁਨਾਮ ਦੀ ਮਹੀਨਾ ਵਾਰ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਵਿੰਦਰ ਸਿੰਘ ਜ਼ਿਲੇਦਾਰ ਅਤੇ ਮੀਤ ਸਕਰੌਦੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਦੀ ਸਭਾ ਵਿੱਚ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ 'ਪਹਿਲਾਂ ਪੰਗਤ, ਪਾਛੇ ਸੰਗਤ' ਦੀ ਮਰਿਆਦਾ ਪੂਰੀ ਸਖ਼ਤੀ ਨਾਲ ਲਾਗੂ ਕਰ ਕੇ ਊਚ- ਨੀਚ ਤੇ ਜਾਤ- ਪਾਤ ਦੇ ਵਖਰੇਵੇਂ ਦੂਰ ਕਰਨ ਲਈ ਮਨੁੱਖੀ ਬਰਾਬਰੀ ਦਾ ਪੈਗ਼ਾਮ ਦਿੱਤਾ ਤੇ ਪ੍ਰਚਲਤ ਸਤੀ ਪ੍ਰਥਾ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਹਰਮੇਲ ਸਿੰਘ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਸ਼ਖਸੀ ਗੁਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਨਿਮਰਤਾ, ਆਗਿਆਕਾਰਤਾ ਅਤੇ ਹੁਕਮ ਮੰਨਣ ਦੀ ਅਦੁਤੀ ਮਿਸਾਲ ਸਨ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਸ਼ਹੀਦ ਭਗਤ ਸਿੰਘ ਦੀ ਸ਼ਖਸ਼ੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਛੋਟੀ ਉਮਰ ਦਾ ਵੱਡਾ ਚਿੰਤਕ ਸੀ ਜਿਸ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੋਕ ਮਨਾ ਵਿੱਚ ਇਨਕਲਾਬੀ ਚੇਤਨਾ ਪੈਦਾ ਕੀਤੀ। ਬਲਜੀਤ ਸਿੰਘ ਬਾਂਸਲ ਨੇ ਭਾਈ ਲਾਲੋ ਜੀ ਦੀ ਉੱਚ ਸ਼ਖਸ਼ੀਅਤ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਰਚਨਾਵਾਂ ਦੇ ਦੌਰ ਵਿੱਚ ਗੁਰਜੰਟ ਸਿੰਘ ਉਗਰਾਹਾਂ, ਕਾਮਰੇਡ ਅਵਤਾਰ ਸਿੰਘ, ਸੁਨੀਲ ਕੌਸ਼ਕ ਗੰਢੂਆਂ, ਜਸਵੀਰ ਸਰਾਓ, ਮਿਲਖਾ ਸਿੰਘ ਸਨੇਹੀ, ਰਮੇਸ਼ ਕੁਮਾਰ ਐਡਵੋਕੇਟ, ਗੁਰਮੀਤ ਸੁਨਾਮੀ, ਹਰਮੇਲ ਸਿੰਘ, ਮੀਤ ਸਕਰੌਦੀ, ਬਲਵਿੰਦਰ ਸਿੰਘ ਜ਼ਿਲੇਦਾਰ, ਬਲਜੀਤ ਸਿੰਘ ਬਾਂਸਲ, ਜਸਵੰਤ ਸਿੰਘ ਅਸਮਾਨੀ ਅਤੇ ਜੰਗੀਰ ਸਿੰਘ ਰਤਨ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਇਸ ਮੌਕੇ ਹਣੀ ਸੰਗਰਾਮੀ ਅਤੇ ਭੁਪਿੰਦਰ ਕੁਮਾਰ ਹਾਜ਼ਰ ਸਨ। ਸਟੇਜ ਸੰਚਾਲਨ ਜੰਗੀਰ ਸਿੰਘ ਰਤਨ ਨੇ ਬਾਖ਼ੂਬੀ ਕੀਤਾ।